
ਮਾਹਿਲਪੁਰ ਤੇ ਗੜ੍ਹਸ਼ੰਕਰ ਵਿੱਚ ਨਾਮੀ ਮਠਿਆਈ ਦੁਕਾਨਾਂ ਤੋਂ ਭਰੇ ਸੱਤ ਸੈਂਪਲ ਤੇ ਭੇਜੇ ਲੈਬੋਰਟਰੀ
ਮਾਹਿਲਪੁਰ ਤੇ ਗੜ੍ਹਸ਼ੰਕਰ ਵਿੱਚ ਨਾਮੀ ਮਠਿਆਈ ਦੁਕਾਨਾਂ ਤੋਂ ਭਰੇ ਸੱਤ ਸੈਂਪਲ ਤੇ ਭੇਜੇ ਲੈਬੋਰਟਰੀ ਛਾਪੇਮਾਰੀ ਦੁਰਾਨ ਦੁਕਾਨਾਂ ਤੇ ਪਾਈਆ ਮਠਿਆਈਆਂ ਵਿੱਚ ਵੱਡੀ ਮਾਤਰਾ ਵਿੱਚ ਮਰੀਆ ਮੱਖੀਆ ਬਰਾਮਦ
ਗੜ੍ਹਸ਼ੰਕਰ -ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਜਰੂਰੀ ਸੇਵਾਵਾਂ ਗਰ ਤੱਕ ਮੁਹੱਈਆ ਕਰਵਾਉਣ ਅਤੇ ਤਿਉਹਾਰਾਂ ਨੂੰ ਮੁੱਖ ਰੱਖਦੇ ਹੋਏ ਜਿਲ੍ਹਾਂ ਸਿਹਤ ਅਫਸਰ ਡਾਕਟਰ ਲਖਵੀਰ ਸਿੰਘ ਤੇ ਫੂਡ ਸੇਫਟੀ ਟੀਮ ਵਲੋਂ ਅੱਜ ਗੜ੍ਹਸ਼ੰਕਰ ਅਤੇ ਮਾਹਿਲਪੁਰ ਦੀ ਮਠਿਆਈ ਦੀਆਂ ਸੱਤ ਦੁਕਾਨਾਂ ਤੋਂ ਵੱਖ-ਵੱਖ ਮਠਿਆਈ ਦੇ ਸੈਂਪਲ ਲਏ ਗਏ। ਵਿਸ਼ੇਸ਼ ਤੌਰ ਤੇ ਮਾਹਿਲਪੁਰ ਤੋਂ ਬਲਦੀਪ ਸਵੀਟ ਸ਼ਾਪ ਵਿੱਚ ਛਾਪੇਮਾਰੀ ਕੀਤੀ ਗਈ ਤੇ ਵੇਖ ਕੇ ਹੈਰਾਨ ਰਹਿ ਗਏ ਕਿ ਬਣੀਆ ਹੋਇਆਂ ਗੁਲਾਬ ਜਾਮਣਾਂ ਵਿੱਚ ਵੱਡੀ ਮਾਤਰਾ ਵਿੱਚ ਮੱਖੀਆ ਮਰੀਆ ਪਈਆਂ ਸਨ। ਇਸ ਤੋਂ ਇਲਾਵਾ ਰਸੋਈ ਬਹੁਤ ਜਿਆਦਾ ਗੰਦੀ ਸੀ ਤੇ ਬਾਕੀ ਬਣੀਆ ਪਈਆਂ ਮਠਿਆਈਆਂ ਵੀ ਨੰਗੀਆਂ ਪਈਆਂ ਸਨ, ਜਿਹਨਾਂ ਤੇ ਮੱਖੀਆ ਖੁੱਲੇ ਰੂਪ ਵਿੱਚ ਘੁੰਮ ਰਹੀਆਂ ਸਨ। ਇਸ ਮੌਕੇ ਤੇ ਫੂਡ ਸੇਫਟੀ ਅਫਸਰ ਵਿਵੇਕ ਕੁਮਾਰ, ਰਾਮ ਲੁਭਾਇਆ, ਨਰੇਸ਼ ਕੁਮਾਰ ਅਤੇ ਮੀਡੀਆ ਵਿੰਗ ਵਲੋਂ ਗੁਰਵਿੰਦਰ ਸਾਨੇ ਵੀ ਮੌਜੂਦ ਸਨ। ਇਸ ਮੌਕੇ ਜਿਲ੍ਹਾਂ ਸਿਹਤ ਅਫਸਰ ਨੇ ਦੱਸਿਆ ਕਿ ਮਾਹਿਲਪੁਰ ਤੇ ਗੜ੍ਹਸ਼ੰਕਰ ਵਿੱਚ ਨਾਮੀ ਸਵੀਟ ਸ਼ਾਪ ਜਿਵੇਂ ਬੀਕਾਨੇਰੀ ਸਵੀਟ ਸ਼ਾਪ, ਲਵਲੀ ਸਵੀਟ ਸ਼ਾਪ, ਨਿਊ ਰਾਮਸੰਨਜ ਸਵੀਟ ਸ਼ਾਪ ਵਿਖੇ ਛਾਪੇਮਾਰੀ ਕੀਤੀ ਗਈ ਤੇ ਵਿਸ਼ੇਸ਼ ਤੌਰ ਤੇ ਰਸੋਈ ਚੈਕ ਕੀਤੀਆ ਗਈਆ। ਉਹਨਾਂ ਸਾਰਿਆ ਸਵੀਟ ਸ਼ਾਪ ਵਾਲਿਆ ਨੂੰ ਤਾੜਨਾ ਕੀਤੀ ਕਿ ਅਗਰ ਛਾਪੇਮਾਰੀ ਸਮੇਂ ਸਾਫ ਸਫਾਈ ਨਾ ਮਿਲੀ ਤਾਂ ਵੱਡੇ ਪੱਧਰ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਉਹਨਾਂ ਦੱਸਿਆ ਕਿ ਦੁਕਾਨਾਂ ਤੋਂ ਸੱਤ ਸੈਂਪਲ ਲਏ ਗਏ ਹਨ ਜਿਹਨਾਂ ਵਿੱਚ ਬਰਫੀ, ਖੋਆ, ਰਸਗੁੱਲੇ, ਗੁਲਾਬ ਜਾਮਣਾਂ ਦੇ ਸੈਂਪਲ ਲੈਬ ਨੂੰ ਜਾਂਚ ਲਈ ਭੇਜ ਦਿੱਤੇ ਹਨ। ਉਹਨਾਂ ਸਾਰੀਆਂ ਦੁਕਾਨਾ ਵਾਲਿਆਂ ਨੂੰ ਫੂਡ ਸੇਫਟੀ ਐਂਡ ਸਟੈਂਡਰਡ ਐਕਟ ਤਹਿਤ ਜਰੂਰੀ ਲਾਇਸੈਂਸ ਅਤੇ ਰਜਿਸਟ੍ਰੇਸ਼ਨ ਕਰਵਾਉਣ ਦੀ ਹਦਾਇਤ ਕਰਦਿਆਂ ਕਿਹਾ ਕਿ ਜਿਹਨਾਂ ਦੀ ਰਿਨਿਊ ਵਾਲੀ ਤਾਰੀਖ ਲੰਘ ਗਈ ਹੈ ਉਹ ਵੀ ਫਿਰ ਤੋਂ ਰਿਨਿਊ ਕਰਵਾ ਲੈਣ ਨਹੀਂ ਤਾਂ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਹਨਾਂ ਐਫ ਬੀ ਓ ਨੂੰ ਆਦੇਸ਼ ਦਿੱਤੇ ਕਿ ਹਰ ਦੁਕਾਨ ਲਈ ਲਾਈਸੈਂਸ ਬਹੁਤ ਜਰੂਰੀ ਹਨ। ਜੇਕਰ ਕੋਈ ਦੁਕਾਨ ਵਾਲੇ ਕੋਲ ਲਾਇਸੈਂਸ ਨਾ ਹੋਇਆ ਤਾਂ ਉਸਨੂੰ ਭਾਰੀ ਜੁਰਮਾਨੇ ਕੀਤੇ ਜਾ ਸਕਦੇ ਹਨ ਜਾਂ ਦੁਕਾਨ ਨੂੰ ਸੀਲ ਕੀਤਾ ਜਾ ਸਕਦਾ ਹੈ। ਉਹਨਾਂ ਹੋਰ ਦੱਸਿਆ ਕਿ ਮੈਡੀਕਲ ਸਟੋਰ ਵਾਲਿਆਂ ਲਈ ਵੀ ਲਾਇਸੈਂਸ ਜਰੂਰੀ ਕਿਉਂਕਿ ਉਹ ਵੀ ਬਹੁਤ ਸਾਰੇ ਫੂਡ ਪ੍ਰੋਡਕਟ ਵੇਚਦੇ ਹਨ। ਉਹਨਾਂ ਦੱਸਿਆ ਕਿ 12 ਲੱਖ ਤੋਂ ਵੱਧ ਦੀ ਸੇਲ ਵਾਲੇ ਦੁਕਾਨਦਾਰ ਲਈ ਲਾਇਸੈਂਸ ਜਰੂਰੀ ਹੈ। ਜਿਸ ਦੀ ਇਕ ਸਾਲ ਦੀ ਫੀਸ 2,000 ਰੁਪਏ ਹੈ ਅਤੇ ਘੱਟ ਵਾਲੇ ਨੂੰ ਰਜਿਸਟ੍ਰੇਸ਼ਨ ਕਰਵਾਉਣੀ ਪਵੇਗੀ। ਇਕ ਸਾਲ ਦੀ 100 ਰੁਪਏ ਅਤੇ ਪੰਜ ਸਾਲ ਦੀ 500 ਰੁਪਏ ਦੀ ਸਰਕਾਰੀ ਫੀਸ ਬਣਦੀ ਹੈ। ਪੰਜਾਬ ਸਰਕਾਰ ਵਲੋਂ ਚਲਾਏ ਗਏ ਮਿਸ਼ਨ ਤੰਦਰੁਸਤ ਨੂੰ ਲਾਗੂ ਕੀਤਾ ਜਾਵੇਗਾ ਤਾਂ ਜੋ ਲੋਕਾਂ ਨੂੰ ਵਧੀਆ ਅਤੇ ਸਾਫ ਸੁਥਰੇ ਖਾਦ ਪਦਾਰਥ ਮੁਹੱਈਆ ਕਰਵਾਏ ਜਾ ਸਕਣ।
