
ਮੁਹਾਲੀ ਸ਼ਹਿਰ ਦੀਆਂ ਤਮਾਮ ਸੜਕਾਂ ਦਾ ਮਾੜਾ ਹਾਲ : ਪਰਵਿੰਦਰ ਸਿੰਘ ਸੋਹਾਣਾ ਨਗਰ ਨਿਗਮ ਅਤੇ ਗਮਾਡਾ ਤੇ ਕਾਰਵਾਈ ਨਾ ਕਰਨ ਦਾ ਇਲਜਾਮ ਲਗਾਇਆ
ਐਸ ਏ ਐਸ ਨਗਰ, 6 ਅਕਤੂਬਰ -ਸ਼੍ਰੋਮਣੀ ਅਕਾਲੀ ਦਲ ਹਲਕਾ ਮੁਹਾਲੀ ਦੇ ਮੁੱਖ ਸੇਵਾਦਾਰ ਪਰਵਿੰਦਰ ਸਿੰਘ ਸੋਹਾਣਾ ਨੇ ਮੁਹਾਲੀ ਸ਼ਹਿਰ ਦੀਆਂ ਸੜਕਾਂ ਦੀ ਅਤਿ ਮਾੜੀ ਹਾਲਤ ਦਾ ਮੁੱਦਾ ਚੁੱਕਦਿਆਂ ਨਗਰ ਨਿਗਮ ਮੁਹਾਲੀ ਅਤੇ ਗਮਾਡਾ ਦੋਹਾਂ ਨੂੰ ਇਸ ਲਈ ਬਰਾਬਰ ਦਾ ਜਿੰਮੇਵਾਰ ਦੱਸਿਆ ਹੈ।
ਐਸ ਏ ਐਸ ਨਗਰ, 6 ਅਕਤੂਬਰ -ਸ਼੍ਰੋਮਣੀ ਅਕਾਲੀ ਦਲ ਹਲਕਾ ਮੁਹਾਲੀ ਦੇ ਮੁੱਖ ਸੇਵਾਦਾਰ ਪਰਵਿੰਦਰ ਸਿੰਘ ਸੋਹਾਣਾ ਨੇ ਮੁਹਾਲੀ ਸ਼ਹਿਰ ਦੀਆਂ ਸੜਕਾਂ ਦੀ ਅਤਿ ਮਾੜੀ ਹਾਲਤ ਦਾ ਮੁੱਦਾ ਚੁੱਕਦਿਆਂ ਨਗਰ ਨਿਗਮ ਮੁਹਾਲੀ ਅਤੇ ਗਮਾਡਾ ਦੋਹਾਂ ਨੂੰ ਇਸ ਲਈ ਬਰਾਬਰ ਦਾ ਜਿੰਮੇਵਾਰ ਦੱਸਿਆ ਹੈ। ਉਹਨਾਂ ਕਿਹਾ ਕਿ ਗਮਾਡਾ ਤਾਂ ਪੰਜਾਬ ਸਰਕਾਰ ਦਾ ਕਮਾਊ ਪੁੱਤ ਬਣਿਆ ਹੋਇਆ ਹੈ ਅਤੇ ਮੁਹਾਲੀ ਨਗਰ ਨਿਗਮ ਵਿੱਚ ਭਰਿਸ਼ਟਾਚਾਰ ਪੂਰੀ ਤਰ੍ਹਾਂ ਹਾਵੀ ਹੈ। ਇਹੀ ਕਾਰਨ ਹੈ ਕਿ ਮੁਹਾਲੀ ਨਗਰ ਨਿਗਮ ਨੂੰ ਕਰੋੜਾਂ ਰੁਪਏ ਦਾ ਪ੍ਰੋਪਰਟੀ ਟੈਕਸ ਦੇਣ ਵਾਲੇ ਲੋਕ ਬੁਨਿਆਦੀ ਸੁਵਿਧਾਵਾਂ ਤੋਂ ਵੀ ਵਾਂਝੇ ਹਨ।
ਪੱਤਰਕਾਰਾਂ ਨਾਲ ਗੱਲ ਕਰਦਿਆਂ ਪਰਵਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਮੁਹਾਲੀ ਨਗਰ ਨਿਗਮ ਦੇ ਅਧੀਨ ਆਉਂਦੇ ਖੇਤਰ ਵਿੱਚ ਇੱਕ ਵੀ ਸੜਕ ਅਜਿਹੀ ਨਹੀਂ ਹੈ ਜੋ ਟੁੱਟੀ ਨਾ ਹੋਵੇ। ਉਹਨਾਂ ਕਿਹਾ ਕਿ ਪਿਛਲੀ ਵਾਰ ਦੀ ਕਾਂਗਰਸ ਸਰਕਾਰ ਸੜਕਾਂ ਉੱਤੇ ਸਿਰਫ ਪੈਚ ਵਰਕ ਲਗਾਉਣ ਵਾਲੀ ਸਰਕਾਰ ਬਣ ਕੇ ਰਹਿ ਗਈ ਅਤੇ ਮੌਜੂਦਾ ਸਰਕਾਰ ਤਾਂ ਉਸ ਤੋਂ ਵੀ ਗਈ ਗੁਜਰੀ ਹੈ।
ਉਹਨਾਂ ਕਿਹਾ ਕਿ ਸ਼ਹਿਰ ਦੇ ਨਵੇਂ ਸੈਕਟਰਾਂ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਦੀ ਜਿੰਮੇਵਾਰੀ ਗਮਾਡਾ ਦੀ ਹੈ ਪਰ ਇਹਨਾਂ ਨਵੇਂ ਸੈਕਟਰਾਂ ਵਿੱਚ ਵੀ ਸੜਕਾਂ ਦੀ ਹਾਲਤ ਅਤਿ ਤਰਸਯੋਗ ਬਣੀ ਹੋਈ ਹੈ। ਉਹਨਾਂ ਕਿਹਾ ਕਿ ਗਮਾਡਾ ਅੱਗਾ ਦੌੜ ਪਿੱਛਾ ਚੌੜ ਵਾਲੀ ਗੱਲ ਕਰਦਾ ਹੈ ਅਤੇ ਇੱਕ ਪ੍ਰਾਪਰਟੀ ਡੀਲਰ ਬਣ ਗਿਆ ਹੈ। ਉਹਨਾਂ ਕਿਹਾ ਕਿ ਗਮਾਡਾ ਦਾ ਪੂਰਾ ਧਿਆਨ ਕਮਾਈ ਵੱਲ ਹੈ ਅਤੇ ਸ਼ਹਿਰ ਦੇ ਬੁਨਿਆਦੀ ਢਾਂਚੇ ਪ੍ਰਤੀ ਉਸਦਾ ਕੋਈ ਲੈਣਾ ਦੇਣਾ ਨਹੀਂ ਹੈ।
ਉਹਨਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਨੇ ਮੁਹਾਲੀ ਵਿੱਚ ਬੁਨਿਆਦੀ ਢਾਂਚੇ ਨੂੰ ਬਿਹਤਰ ਕਰਨ ਲਈ 2500 ਕਰੋੜ ਰੁਪਏ ਖਰਚ ਕੀਤੇ ਸਨ ਅਤੇ ਮੁਹਾਲੀ ਵਿੱਚ ਜਿੰਨੇ ਵੀ ਅਹਿਮ ਕੰਮ ਹੋਏ ਹਨ ਉਹ ਅਕਾਲੀ ਸਰਕਾਰ ਦੀ ਹੀ ਦੇਣ ਹਨ। ਦੂਜੇ ਪਾਸੇ ਕਾਂਗਰਸ ਜਾਂ ਆਪ ਸਰਕਾਰ ਨੇ ਮੁਹਾਲੀ ਸ਼ਹਿਰ ਵਿੱਚ ਨਾ ਤਾਂ ਕੋਈ ਪ੍ਰੋਜੈਕਟ ਲਿਆਂਦਾ ਹੈ ਅਤੇ ਨਾ ਹੀ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਮਾਮਲੇ ਵਿੱਚ ਕੋਈ ਡੱਕਾ ਤੋੜਿਆ ਹੈ।
ਉਨ੍ਹਾਂ ਮੰਗ ਕੀਤੀ ਕਿ ਮੁਹਾਲੀ ਨਗਰ ਨਿਗਮ ਵਿੱਚ ਫੈਲੇ ਭਰਿਸ਼ਟਾਚਾਰ ਦੀ ਜਾਂਚ ਕਰਵਾਈ ਜਾਵੇ ਅਤੇ ਜਿੰਮੇਵਾਰ ਲੋਕਾਂ ਨੂੰ ਸਜ਼ਾ ਦਿੱਤੀ ਜਾਵੇ ਜੋ ਲੋਕਾਂ ਦੇ ਪੈਸੇ ਦੀ ਦੁਰਵਰਤੋਂ ਕਰ ਰਹੇ ਹਨ। ਉਹਨਾਂ ਕਿਹਾ ਕਿ ਫੌਰੀ ਤੌਰ ਤੇ ਨਗਰ ਨਿਗਮ ਦੇ ਅਧੀਨ ਪੈਂਦੇ ਖੇਤਰ ਵਿੱਚ ਸੜਕਾਂ ਦੀ ਹਾਲਤ ਵਿੱਚ ਸੁਧਾਰ ਕੀਤਾ ਜਾਵੇ। ਉਹਨਾਂ ਕਿਹਾ ਕਿ ਮੌਜੂਦਾ ਸਰਕਾਰ ਗਮਾਡਾ ਅਧਿਕਾਰੀਆਂ ਨੂੰ ਹਿਦਾਇਤਾਂ ਕਰੇ ਕਿ ਨਵੇਂ ਸੈਕਟਰਾਂ ਵਿੱਚ ਸੜਕਾਂ ਦੀ ਤਰਸਯੋਗ ਹਾਲਤ ਵਿੱਚ ਸੁਧਾਰ ਕੀਤਾ ਜਾਵੇ।
