ਕੌਮਾਂਤਰੀ ਮਜਦੂਰ ਦਿਵਸ ਮੌਕੇ ਮਜਦੂਰ ਜਥੇਬੰਦੀਆਂ ਵੱਲੋਂ ਕਨਵੈਨਸ਼ਨ ਭਲਕੇ

ਲੁਧਿਆਣਾ - ਲੁਧਿਆਣੇ ਦੀਆਂ ਸਨਅਤੀ ਮਜਦੂਰ ਜਥੇਬੰਦੀਆਂ ਕਾਰਖਾਨਾ ਮਜਦੂਰ ਯੂਨੀਅਨ ਅਤੇ ਟੈਕਸਟਾਇਲ-ਹੌਜਰੀ ਕਾਮਗਾਰ ਯੂਨੀਅਨ ਵੱਲੋਂ ਨੌਜਵਾਨ ਭਾਰਤ ਸਭਾ ਦੇ ਸਹਿਯੋਗ ਨਾਲ਼ ਕੱਲ ਸਵੇਰੇ 10 ਵਜੇ ਮਜਦੂਰ ਲਾਇਬ੍ਰੇਰੀ ਈ.ਡਬਲਯੂ.ਐਸ ਕਲੋਨੀ ਲੁਧਿਆਣਾ ਵਿਖੇ ਮਜਦੂਰ ਦਿਵਸ ਕਨਵੈਨਸ਼ਨ ਕੀਤੀ ਜਾ ਰਹੀ ਹੈ। ਕਨਵੈਨਸ਼ਨ ਵਿੱਚ ਇਨਕਲਾਬੀ ਗੀਤ ਅਤੇ ਨਾਟਕ ਵੀ ਪੇਸ਼ ਕੀਤੇ ਜਾਣਗੇ।

ਲੁਧਿਆਣਾ - ਲੁਧਿਆਣੇ ਦੀਆਂ ਸਨਅਤੀ ਮਜਦੂਰ ਜਥੇਬੰਦੀਆਂ ਕਾਰਖਾਨਾ ਮਜਦੂਰ ਯੂਨੀਅਨ ਅਤੇ ਟੈਕਸਟਾਇਲ-ਹੌਜਰੀ ਕਾਮਗਾਰ ਯੂਨੀਅਨ ਵੱਲੋਂ ਨੌਜਵਾਨ ਭਾਰਤ ਸਭਾ ਦੇ ਸਹਿਯੋਗ ਨਾਲ਼ ਕੱਲ ਸਵੇਰੇ 10 ਵਜੇ ਮਜਦੂਰ ਲਾਇਬ੍ਰੇਰੀ ਈ.ਡਬਲਯੂ.ਐਸ ਕਲੋਨੀ ਲੁਧਿਆਣਾ ਵਿਖੇ ਮਜਦੂਰ ਦਿਵਸ ਕਨਵੈਨਸ਼ਨ ਕੀਤੀ ਜਾ ਰਹੀ ਹੈ। ਕਨਵੈਨਸ਼ਨ ਵਿੱਚ ਇਨਕਲਾਬੀ ਗੀਤ ਅਤੇ ਨਾਟਕ ਵੀ ਪੇਸ਼ ਕੀਤੇ ਜਾਣਗੇ। 
ਇਸ ਸਬੰਧੀ ਪਿਛਲੇ ਦੋ ਹਫਤਿਆਂ ਤੋਂ ਮਜਦੂਰ ਵਿਹੜਿਆਂ, ਕਲੋਨੀਆਂ, ਮੰਡੀਆਂ ਅਤੇ ਕਾਰਖਾਨਾ ਇਲਾਕਿਆਂ  ਵਿੱਚ ਵੱਡੇ ਪੱਧਰ ਤੇ ਪਰਚਾ ਵੰਡ ਕੇ ਮੀਟਿੰਗਾਂ, ਨੁੱਕੜ ਸਭਾਵਾਂ, ਅਤੇ ਪੋਸਟਰ ਲਗਾ ਕੇ ਮਜਦੂਰਾਂ ਨੂੰ ਪਹਿਲੀ ਮਈ ਮਜਦੂਰ ਦਿਵਸ ਦੇ ਸ਼ਾਨਾਮੱਤੇ ਇਤਿਹਾਸ ਅਤੇ ਇਹ ਦਿਨ ਮਨਾਉਣ ਦੇ ਮਹੱਤਵ ਬਾਰੇ ਜਾਗਰੂਕ ਕਰਨ ਲਈ ਮੁਹਿੰਮ ਵਿੱਢੀ ਗਈ ਸੀ, ਅਤੇ ਮਜਦੂਰਾਂ-ਕਿਰਤੀਆਂ ਨੂੰ ਵੱਡੇ ਪੱਧਰ ਤੇ ਕਾਨਫਰੰਸ ਵਿੱਚ ਸ਼ਾਮਲ ਹੋਣ ਦਾ ਸੁਨੇਹਾ ਦਿੱਤਾ ਜਾ ਰਿਹਾ ਸੀ। ਟੈਕਸਟਾਇਲ-ਹੌਜਰੀ ਕਾਮਗਾਰ ਯੂਨੀਅਨ ਦੇ ਪ੍ਰਧਾਨ ਜਗਦੀਸ਼ ਸਿੰਘ ਨੇ ਦੱਸਿਆ ਕਿ ਪਹਿਲੀ ਮਈ ਦਾ ਦਿਨ ਉਹਨਾਂ ਸ਼ਿਕਾਗੋ, ਅਮਰੀਕਾ ਦੇ ਮਜਦੂਰ ਸ਼ਹੀਦਾਂ ਦੀ ਯਾਦ ‘ਚ ਮਨਾਇਆ ਜਾਂਦਾ ਹੈ, ਜਿਨ੍ਹਾਂ ਨੇ ਅੱਠ ਘੰਟੇ ਕੰਮ ਦਿਹਾੜੀ ਲਾਗੂ ਕਰਵਾਉਣ ਲਈ ਆਪਣੀਆਂ ਜਿੰਦਗੀਆਂ ਵਾਰ ਦਿੱਤੀਆਂ ਸਨ। 
ਸਾਰੇ ਸੰਸਾਰ ਦੇ ਮਜਦੂਰ ਪਹਿਲੀ ਮਈ ਨੂੰ ਆਪਣੇ ਮਹਿਰੂਮ ਸ਼ਹੀਦਾਂ ਨੂੰ ਜੋਸ਼-ਖਰੋਸ਼ ਨਾਲ਼ ਯਾਦ ਕਰਦੇ ਹੋਏ ਉਹਨਾਂ ਦੀਆਂ ਕੁਰਬਾਨੀਆਂ ਨੂੰ ਸਿਜਦੇ ਕਰਦੇ ਹਨ ਅਤੇ ਆਉਣ ਵਾਲ਼ੇ ਸਮੇਂ ਆਪਣੇ ਹੱਕੀ ਸੰਘਰਸ਼ਾਂ ਲਈ ਇੱਕਜੁਟ ਹੋਣ ਦੀ ਪ੍ਰੇਰਣਾ ਲੈਂਦੇ ਹਨ। ਇਹ ਦਿਨ ਸੰਸਾਰ ਭਰ ਦੇ ਮਜਦੂਰਾਂ ਨੂੰ ਦੇਸ਼, ਕੌਮ, ਜਾਤ, ਧਰਮ, ਨਸਲ ਆਦਿ ਵੰਡੀਆਂ ਤੋਂ ਉੱਪਰ ਉੱਠ ਕੇ ਲੋਟੂ ਸਰਮਾਏਦਾਰਾਂ ਅਤੇ ਹਾਕਮ ਸਰਕਾਰਾਂ ਦੀਆਂ ਲੋਕ ਦੋਖੀ ਨੀਤੀਆਂ ਵਿਰੁੱਧ ਇੱਕਜੁਟ ਘੋਲ ਕਰਨ ਦੀ ਸੇਧ ਦਿੰਦਾ ਹੈ। ਉਹਨਾਂ ਕਿਹਾ ਕਿ ਮੌਜੂਦਾ ਸੰਸਾਰ ਹਾਲਤਾਂ ਵਿੱਚ ਜਦ ਸਰਮਾਏਦਾਰਾ-ਸਾਮਰਾਜੀ ਲੁੱਟ ਪਹਿਲਾਂ ਦੇ ਕਿਸੇ ਵੀ ਸਮੇਂ ਤੋਂ ਕਿਤੇ ਵਧੇਰੇ ਤਿੱਖੀ ਹੋ ਚੁੱਕੀ ਹੈ ਇਸ ਲਈ ਅੱਜ ਦੇ ਸਮੇਂ ਕੌਮਾਂਤਰੀ ਮਜਦੂਰ ਦਿਵਸ ਦਾ ਮਹੱਤਵ ਬਹੁਤ ਵੱਧ ਜਾਂਦਾ ਹੈ। ਕੇਂਦਰ ਦੀ ਫਾਸੀਵਾਦੀ ਮੋਦੀ ਸਰਕਾਰ ਲਗਾਤਾਰ ਲੋਕਾਂ ਦਾ ਧਿਆਨ ਮਹਿੰਗਾਈ, ਗਰੀਬੀ, ਬੇਰੋਜਗਾਰੀ ਜਿਹੇ ਅਸਲ ਮੁੱਦਿਆਂ ਤੋਂ ਹਟਾ ਕੇ ਉਹਨਾਂ ਵਿੱਚ ਫਿਰਕੂ ਜਹਿਰ ਘੋਲ਼ਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਸੂਬਾ ਸਰਕਾਰਾਂ ਵੀ ਭਾਂਵੇ ਕਿਸੇ ਵੀ ਪਾਰਟੀ ਦੀਆਂ ਹੋਣ ਕਿਰਤੀਆਂ-ਮਜਦੂਰਾਂ ਵਿਰੋਧੀ ਨਿੱਜੀਕਰਨ, ਉਦਾਰੀਕਰਨ ਅਤੇ ਸੰਸਾਰੀਕਰਨ ਦੀਆਂ ਨੀਤੀਆਂ ਨੂੰ ਹੱਲਾਸ਼ੇਰੀ ਦੇ ਕੇ ਲੋਕਾਂ ਦੀਆਂ ਜਿੰਦਗੀਆਂ ਨੂੰ ਔਖਾ ਕਰ ਰਹੀਆਂ । 
ਵੱਧ ਰਹੀ ਮਹਿੰਗਾਈ ਵਿੱਚ ਮਜਦੂਰਾਂ-ਕਿਰਤੀਆਂ ਨੂੰ ਘਰ ਦੇ ਖਰਚੇ ਚਲਾਉਣ ਲਈ 12-14 ਘੰਟੇ ਕੰਮ ਕਰਨਾ ਪੈ ਰਿਹਾ ਹੈ। ਲੋਕ-ਪੱਖੀ ਸਹੂਲਤਾਂ ਤੇ ਡਾਕੇ ਮਾਰੇ ਜਾ ਰਹੇ ਹਨ। ਲੋਕ ਦੋਖੀ ਨੀਤੀਆਂ ਖਿਲਾਫ਼ ਉੱਠਦੀਆਂ ਅਵਾਜਾਂ ਨੂੰ ਚੁੱਪ ਕਰਵਾਉਣ ਲਈ ਕਾਲ਼ੇ ਕਨੂੰਨ ਪਾਸ ਕੀਤੇ ਜਾ ਰਹੇ ਹਨ। ਅਜਿਹੇ ਹਨੇਰੇ ਸਮੇਂ ਕਿਰਤੀ-ਮਜਦੂਰ ਆਬਾਦੀ ਨੂੰ ਡੰਡਿਆਂ ਚ ਝੰਡੇ ਪਾ ਕੇ ਸੰਘਰਸ਼ ਦੇ ਮੈਦਾਨ ‘ਚ ਨਿੱਤਰਣ ਦੀ ਲੋੜ ਹੈ। ਇਸ ਲਈ ਓਹਨਾਂ ਨੇ ਸਾਰੇ ਕਿਰਤੀਆਂ-ਮਜਦੂਰਾਂ ਨੂੰ ਭਲਕੇ ਕਾਨਫਰੰਸ ਵਿੱਚ ਵੱਡੀ ਸੰਖਿਆ ਵਿੱਚ ਪਹੁੰਚਣ ਦੀ ਅਪੀਲ ਕੀਤੀ।