ਜਲ੍ਹਿਆਂਵਾਲਾ ਬਾਗ਼ ਯਾਦਗਾਰੀ ਸਮਾਗਮ ਮੌਕੇ ਸਾਂਝੀ ਤਵਾਰੀਖ਼ ਦਾ ਪਰਚਮ ਬੁਲੰਦ ਰੱਖਣ ਦੀ ਅਪੀਲ

ਜਲੰਧਰ - ਮੁਲਕ ਦੀ ਆਜ਼ਾਦੀ ਤਵਾਰੀਖ਼ ਦੇ ਹਿਰਦੇਵੇਦਕ ਇਤਿਹਾਸਕ ਖ਼ੂਨੀ ਕਾਂਡ ਜਲ੍ਹਿਆਂਵਾਲਾ ਬਾਗ਼ ਦੀ ਲਹੂ ਰੱਤੀ ਮਿੱਟੀ ਅਤੇ ਇਸਦੇ ਅਮਰ ਸ਼ਹੀਦਾਂ ਨੂੰ ਅੱਜ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਯਾਦਗਾਰ ਹਾਲ 'ਚ ਸਿਜਦਾ ਕੀਤਾ ਗਿਆ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਸੀਨੀਅਰ ਟਰਸੱਟੀ ਸੁਰਿੰਦਰ ਕੁਮਾਰੀ ਕੋਛੜ ਅਤੇ ਗੁਰਮੀਤ ਸਿੰਘ ਨੇ ਕਮੇਟੀ ਦੀ ਤਰਫ਼ੋਂ ਜਲ੍ਹਿਆਂਵਾਲਾ ਬਾਗ਼ ਦੇ ਸ਼ਹੀਦਾਂ ਦੇ ਅਦਬ 'ਚ ਫੁੱਲ ਭੇਂਟ ਕਰਦਿਆਂ ਕਿਹਾ ਕਿ ਜਲ੍ਹਿਆਂ ਵਾਲਾ ਬਾਗ਼ 'ਚ ਡੁੱਲ੍ਹਾ ਹਿੰਦੂਆਂ, ਸਿੱਖਾਂ ਅਤੇ ਮੁਸਲਮਾਨਾਂ ਦਾ ਸਾਂਝਾ ਲਹੂ ਅੱਜ ਵੀ ਬੋਲਦਾ ਹੈ, ਕੱਲ੍ਹ ਵੀ ਬੋਲਦਾ ਰਹੇਗਾ।

ਉਹਨਾਂ ਕਿਹਾ ਕਿ ਆਜ਼ਾਦੀ ਦੀ ਜੱਦੋ ਜਹਿਦ ਵਿੱਚ ਇੱਕ ਜ਼ਿੰਦ ਇੱਕ ਜੂਨ ਹੋ ਕੇ ਤਨ, ਮਨ, ਧਨ ਨਿਛਾਵਰ ਕਰਨ ਵਾਲੇ ਲੋਕਾਂ ਵਿੱਚ ਪਾਟਕ ਪਾਉਣ, ਜ਼ਹਿਰ ਛਿੜਕਣ ਅਤੇ ਇੱਕ ਦੂਜੇ ਦੇ ਵੈਰੀ ਬਣਾ ਕੇ ਸੌੜੇ ਸਿਆਸੀ ਹਿੱਤਾਂ ਦੇ ਫੁਲਕੇ ਸੇਕਣ ਦੇ ਚੰਦਰੇ ਮਨਸੂਬੇ ਕਦਾਚਿਤ ਪੂਰੇ ਨਹੀਂ ਹੋਣਗੇ।
ਬੁਲਾਰਿਆਂ ਕਿਹਾ ਕਿ ਖੇਤੀ, ਸਨਅਤ, ਸਿੱਖਿਆ, ਸਿਹਤ, ਬਿਜਲੀ, ਪਾਣੀ, ਕੁਦਰਤੀ ਅਨਮੋਲ ਖਜ਼ਾਨਿਆਂ, ਰੁਜ਼ਗਾਰ, ਜੰਗਲ, ਜਲ, ਜ਼ਮੀਨ, ਬੋਲੀ, ਇਤਿਹਾਸ, ਵਿਰਾਸਤ, ਸਾਹਿਤ ਆਦਿ ਨੂੰ ਬਦੇਸ਼ੀ ਦੇਸੀ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਲਈ ਵੰਨ-ਸੁਵੰਨੇ ਹਾਕਮਾਂ ਵੱਲੋਂ ਲੱਗੀ ਦੌੜ ਖ਼ਿਲਾਫ਼ ਆਵਾਜ਼ ਬੁਲੰਦ ਕਰਨਾ ਅਤੇ ਨਾਲ਼ ਦੀ ਨਾਲ਼ ਹਰ ਤਰ੍ਹਾਂ ਦੀ ਫ਼ਿਰਕੂ ਫਾਸ਼ੀ ਹਨੇਰੀ ਨੂੰ ਪਛਾੜਨਾ ਹੀ ਜੱਲ੍ਹਿਆਂਵਾਲਾ ਬਾਗ਼ ਦੇ ਸ਼ਹੀਦਾਂ ਨੂੰ ਹਕੀਕੀ ਰੂਪ ਵਿੱਚ ਸਿਜਦਾ ਕਰਨਾ ਹੈ।
ਸਮਾਗਮ 'ਚ ਅਹਿਦ ਲਿਆ ਗਿਆ ਕਿ ਜਲ੍ਹਿਆਂਵਾਲਾ ਬਾਗ਼ ਅਤੇ ਗ਼ਦਰ ਲਹਿਰ ਦੀ ਮਾਣਮੱਤੀ ਵਿਰਾਸਤ ਨੂੰ ਬੁਲੰਦ ਕਰਦਿਆਂ ਮੁਲਕ ਅੰਦਰ ਸਾਮਰਾਜਵਾਦ ਉਸਦੇ ਸੇਵਾਦਾਰਾਂ, ਫ਼ਿਰਕੂ ਤਾਕਤਾਂ ਵਿਰੋਧੀ ਜਨਤਕ ਲਹਿਰ ਉਸਾਰਨ ਲਈ ਚੇਤਨਾ ਅਤੇ ਚਿੰਤਨ ਨੂੰ ਮਜ਼ਬੂਤ ਕਰਨ 'ਚ ਯੋਗਦਾਨ ਪਾਉਣਾ ਜਾਰੀ ਰੱਖਿਆ ਜਾਏਗਾ।
ਸਮਾਗਮ 'ਚ ਕਾਲ਼ੇ ਕਾਨੂੰਨ ਰੱਦ ਕਰਨ, ਲੋਕਾਂ ਉਪਰ ਚੌਤਰਫ਼ੇ ਹਮਲੇ ਬੰਦ ਕਰਨ, ਹਰ ਵੰਨਗੀ ਦੇ ਜਾਤ-ਪਾਤੀ ਫ਼ਿਰਕੇਦਾਰਾਨਾ ਤੁਅੱਸਬ ਦੂਰ ਕਰਕੇ ਧਰਮ-ਨਿਰਪੱਖ, ਸਾਂਝੀਵਾਲਤਾ ਦੀ ਲਹਿਰ ਸਿਰਜਣ ਲਈ ਵਿਸਾਖੀ ਦਿਹਾੜੇ ਤੋਂ ਪ੍ਰੇਰਨਾ ਲੈਣ 'ਤੇ ਵੀ ਜ਼ੋਰ ਦਿੱਤਾ ਗਿਆ।
21 ਅਪ੍ਰੈਲ ਗ਼ਦਰ ਪਾਰਟੀ ਸਥਾਪਨਾ ਦਿਹਾੜੇ ਮੌਕੇ ਕਾਫ਼ਲੇ ਬੰਨ੍ਹ ਕੇ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ ਗਈ, ਜਿਸ ਸਮਾਗਮ ਨੂੰ ਸੰਬੋਧਨ ਕਰਨ ਲਈ ਉਚੇਚੇ ਤੌਰ 'ਤੇ ਡਾ. ਦਵਿੰਦਰ ਸ਼ਰਮਾ ਪੁੱਜ ਰਹੇ ਹਨ।