ਵਿਸਾਖੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਅੱਡਾ ਟੂਟੋਮਜ਼ਾਰਾ ਵਿਖੇ ਤਿੰਨ ਰੋਜ਼ਾ ਗੁਰੂ ਦਾ ਲੰਗਰ ਅੱਜ ਤੋਂ ਸ਼ੁਰੂ

ਮਾਹਿਲਪੁਰ, (10 ਅਪ੍ਰੈਲ ) ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਨਿਰਮਲ ਕੁਟੀਆ ਟੂਟੋਮਜ਼ਾਰਾ ਜਨਮ ਸਥਾਨ ਬ੍ਰਹਮਲੀਨ ਸੰਤ ਬਾਬਾ ਦਲੇਲ ਸਿੰਘ ਜੀ ਦੇ ਸੰਚਾਲਕ ਸੰਤ ਬਾਬਾ ਮੱਖਣ ਸਿੰਘ ਜੀ ਅਤੇ ਸੰਤ ਬਾਬਾ ਬਲਵੀਰ ਸਿੰਘ ਸ਼ਾਸਤਰੀ ਜੀ ਦੀ ਯੋਗ ਅਗਵਾਈ ਹੇਠ ਤਿੰਨ ਰੋਜ਼ਾ ਗੁਰੂ ਕਾ ਲੰਗਰ 11-12ਅਤੇ 13ਅਪ੍ਰੈਲ ਨੂੰ ਅੱਡਾ ਟੂਟੋਮਜ਼ਾਰਾ ਵਿਖੇ ਲਗਾਇਆ ਜਾ ਰਿਹਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਤ ਬਾਬਾ ਮੱਖਣ ਸਿੰਘ ਜੀ ਅਤੇ ਸੰਤ ਬਾਬਾ ਬਲਵੀਰ ਸਿੰਘ ਸ਼ਾਸਤਰੀ ਜੀ ਨੇ ਦੱਸਿਆ ਕਿ ਬ੍ਰਹਮਲੀਨ ਸੰਤ ਬਾਬਾ ਜਗਦੇਵ ਸਿੰਘ ਮੋਨੀ ਜੀ ਵੱਲੋਂ ਚਲਾਈ ਚਾਲੀ ਨੂੰ ਮੁੱਖ ਰੱਖਦੇ ਹੋਏ ਹਰ ਸਾਲ ਵਿਸਾਖੀ ਦੇ ਪਵਿੱਤਰ ਦਿਹਾੜੇ ਤੇ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਜਾ ਰਹੀਆਂ ਸੰਗਤਾਂ ਲਈ ਗੁਰੂ ਦੇ ਲੰਗਰ ਚਲਾਏ ਜਾਂਦੇ ਹਨ। ਇਸ ਵਾਰ ਵੀ 11- 12 ਅਤੇ 13 ਅਪ੍ਰੈਲ ਨੂੰ ਅੱਡਾ ਟੂਟੋਮਜ਼ਾਰਾ ਵਿਖੇ ਗੁਰੂ ਕਾ ਲੰਗਰ ਅਤੁੱਟ ਚੱਲੇਗਾ। ਇਸ ਮੌਕੇ ਉਹਨਾਂ ਸੰਗਤਾਂ ਨੂੰ ਗੁਰੂ ਦੇ ਲੰਗਰਾਂ ਵਿੱਚ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੀ ਬੇਨਤੀ ਕੀਤੀ। ਉਹਨਾਂ ਦੱਸਿਆ ਕਿ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਮੁੱਖ ਰੱਖਦੇ ਹੋਏ ਵਿਸਾਖ ਮਹੀਨੇ ਦੀ ਸੰਗਰਾਂਦ ਦਾ ਪਵਿੱਤਰ ਦਿਹਾੜਾ 13 ਅਪ੍ਰੈਲ ਦਿਨ ਸ਼ਨੀਵਾਰ ਨੂੰ ਨਿਰਮਲ ਕੁਟੀਆ ਜਨਮ ਅਸਥਾਨ ਸੰਤ ਬਾਬਾ ਦਲੇਲ ਸਿੰਘ ਜੀ ਪਿੰਡ ਟੂਟੋਮਜਾਰਾ ਵਿਖੇ ਸ਼ਰਧਾ ਤੇ ਉਤਸ਼ਾਹ ਪੂਰਵਕ ਢੰਗ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਸਭ ਤੋਂ ਪਹਿਲਾਂ ਰੱਖੇ ਗਏ ਅਖੰਡ ਪਾਠਾਂ ਦੇ ਭੋਗ ਪਾਏ ਜਾਣਗੇ। ਉਪਰੰਤ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਇਸ ਦਿਨ ਦੀ ਮਹੱਤਤਾ ਤੋਂ ਜਾਣੂ ਕਰਵਾਇਆ ਜਾਵੇਗਾ। 
ਮਹਾਂਪੁਰਸ਼ਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਕਰਵਾਉਣ ਦਾ ਮੁੱਖ ਮਨੋਰਥ ਸੰਗਤਾਂ ਨੂੰ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਲ ਜੁੜਨ ਦਾ ਸੁਨੇਹਾ ਦੇਣਾ ਹੈ, ਜੋ ਇਸ ਬ੍ਰਹਿਮੰਡ ਦੇ ਕਣ- ਕਣ ਵਿੱਚ ਵਸਕੇ ਸਮੁੱਚੇ ਜੀਵਾਂ ਦੀ ਪਾਲਣਾ ਕਰ ਰਿਹਾ ਹੈ। ਇਸ ਮੌਕੇ ਉਨਾਂ ਸਮੁੱਚੀ ਮਾਨਵਤਾ ਨੂੰ ਸੇਵਾ- ਸਿਮਰਨ ਤੇ ਪਰਉਪਕਾਰੀ ਜ਼ਿੰਦਗੀ ਜਿਉਣ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਕੇ ਆਪਣਾ ਜੀਵਨ ਸੁੱਖਮਈ ਤੇ ਸ਼ਾਂਤਮਈ ਬਤੀਤ ਕਰਨ ਦਾ ਸੁਨੇਹਾ ਵੀ ਦਿੱਤਾ।