
ਮਨੀਸ਼ ਤਿਵਾਰੀ ਦੇ ਲੁਧਿਆਣਾ ਜਾਂ ਚੰਡੀਗੜ੍ਹ ਤੋਂ ਚੋਣ ਲੜਣ ਦੀ ਚਰਚਾ ਨੇ ਭਖਾਈ ਕਾਂਗਰਸ ਦੀ ਸਿਆਸਤ
ਐਸ ਏ ਐਸ ਨਗਰ, 6 ਅਪ੍ਰੈਲ - 1 ਜੂਨ ਨੂੰ ਹੋਣ ਵਾਲੀ ਲੋਕਸਭਾ ਚੋਣਾਂ ਲਈ ਚੋਣ ਸਰਗਰਮੀਆਂ ਲਗਾਤਾਰ ਜੋਰ ਫੜ ਰਹੀਆਂ ਹਨ ਅਤੇ ਵੱਖ ਵੱਖ ਪਾਰਟੀਆਂ ਤੋਂ ਚੋਣ ਲੜਣ ਦੇ ਚਾਹਵਾਨ ਉਮੀਦਵਾਰਾਂ ਦੀਆਂ ਸਰਗਰਮੀਆਂ ਵੀ ਜੋਰ ਫੜਣ ਲੱਗ ਗਈਆਂ ਹਨ।
ਐਸ ਏ ਐਸ ਨਗਰ, 6 ਅਪ੍ਰੈਲ - 1 ਜੂਨ ਨੂੰ ਹੋਣ ਵਾਲੀ ਲੋਕਸਭਾ ਚੋਣਾਂ ਲਈ ਚੋਣ ਸਰਗਰਮੀਆਂ ਲਗਾਤਾਰ ਜੋਰ ਫੜ ਰਹੀਆਂ ਹਨ ਅਤੇ ਵੱਖ ਵੱਖ ਪਾਰਟੀਆਂ ਤੋਂ ਚੋਣ ਲੜਣ ਦੇ ਚਾਹਵਾਨ ਉਮੀਦਵਾਰਾਂ ਦੀਆਂ ਸਰਗਰਮੀਆਂ ਵੀ ਜੋਰ ਫੜਣ ਲੱਗ ਗਈਆਂ ਹਨ।
ਹਲਕਾ ਆਨੰਦਪੁਰ ਸਾਹਿਬ ਦੀ ਗੱਲ ਕਰੀਏ ਤਾਂ ਇੱਥੋਂ ਪਿਛਲੀ ਵਾਰ ਕਾਂਗਰਸ ਦੇ ਉਮੀਦਵਾਰ ਸ੍ਰੀ ਮਨੀਸ਼ ਤਿਵਾੜੀ ਨੇ 428045 ਵੋਟਾਂ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੂੰ ਹਰਾਇਆ ਸੀ। ਪਿਛਲੀ ਵਾਰ ਹੋਈ ਚੋਣ ਵਿੱਚ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੂੰ 381161, ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਸੋਢੀ ਵਿਕਰਮ ਸਿੰਘ ਨੂੰ 146441 ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿਲ ਨੂੰ 53052 ਵੋਟਾਂ ਮਿਲੀਆਂ ਸਨ।
ਇਸ ਵਾਰ ਆਮ ਆਦਮੀ ਪਾਰਟੀ ਵਲੋਂ ਮਾਲਵਿੰਦਰ ਸਿੰਘ ਕੰਗ ਨੂੰ ਆਪਣਾ ਉਮੀਦਵਾਰ ਐਲਾਨਿਆ ਗਿਆ ਹੈ ਅਤੇ ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਬੀਤੇ ਕੱਲ ਚੰਡੀਗੜ੍ਹ ਵਿੱਚ ਹਲਕਾ ਆਨੰਦਪੁਰ ਸਾਹਿਬ ਦੇ ਅਧੀਨ ਆਉਂਦੇ ਵਿਧਾਨਸਭਾ ਹਲਕਿਆਂ ਦੇ ਵਿਧਾਇਕਾਂ ਅਤੇ ਹੋਰਨਾਂ ਆਗੂਆਂ ਨਾਲ ਮੀਟਿੰਗ ਕਰਕੇ ਚੋਣ ਮੁਹਿੰਮ ਦੀ ਰਸਮੀ ਸ਼ੁਰੂਆਤ ਵੀ ਕਰ ਦਿੱਤੀ ਗਈ ਹੈ। ਸ਼੍ਰੋਮਣੀ ਅਕਾਲੀ ਦਲ ਵਲੋਂ ਭਾਵੇਂ ਹੁਣ ਤਕ ਆਪਣੇ ਉਮੀਦਵਾਰ ਦਾ ਰਸਮੀ ਐਲਾਨ ਨਹੀਂ ਕੀਤਾ ਗਿਆ ਹੈ ਪਰੰਤੂ ਇਸ ਹਲਕੇ ਤੋਂ ਪਿਛਲੀ ਵਾਰ ਚੋਣ ਲੜੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵਲੋਂ ਵੀ ਆਪਣੀ ਚੋਣ ਮੁਹਿੰਮ ਤਹਿਤ ਵੱਖ ਵੱਖ ਹਲਕਿਆਂ ਵਿੱਚ ਮੀਟਿੰਗਾਂ ਦਾ ਦੌਰ ਤੇਜ ਕਰ ਦਿੱਤਾ ਗਿਆ ਹੈ।
ਕਾਂਗਰਸ ਪਾਰਟੀ ਦੀ ਗੱਲ ਕਰੀਏ ਤਾਂ ਹੁਣ ਤਕ ਇਹੀ ਮੰਨਿਆ ਜਾ ਰਿਹਾ ਸੀ ਕਿ ਪਿਛਲੀ ਵਾਰ ਇਸ ਹਲਕੇ ਦੀ ਨੁਮਾਇੰਦਗੀ ਕਰਨ ਵਾਲੇ ਸੰਸਦ ਮੈਂਬਰ ਸ੍ਰੀ ਮਨੀਸ਼ ਤਿਵਾੜੀ ਹੀ ਹਲਕੇ ਤੋਂ ਪਾਰਟੀ ਦੇ ਅਧਿਕਾਰਤ ਉਮੀਦਵਾਰ ਹੋਣਗੇ ਅਤੇ ਉਹਨਾਂ ਵਲੋਂ ਹਲਕੇ ਵਿੱਚ ਆਪਣੀਆਂ ਸਰਗਰਮੀਆਂ ਵੀ ਚਲਾਈਆਂ ਜਾ ਰਹੀਆਂ ਸਨ। ਪਰੰਤੂ ਪਿਛਲੇ ਕੁੱਝ ਦਿਨਾਂ ਤੋਂ ਇਹ ਕਿਆਸਅਰਾਈਆਂ ਚਲ ਰਹੀਆਂ ਹਨ ਕਿ ਪਾਰਟੀ ਵਲੋਂ ਸ੍ਰੀ ਮਨੀਸ਼ ਤਿਵਾਰੀ ਨੂੰ ਲੁਧਿਆਣਾ ਜਾਂ ਚੰਡੀਗੜ੍ਹ ਤੋਂ ਚੋਣ ਲੜਾਈ ਜਾ ਸਕਦੀ ਹੈ ਅਤੇ ਇਹਨਾਂ ਕਿਅਸਅਰਾਈਆਂ ਦੇ ਨਾਲ ਹੀ ਹਲਕਾ ਆਨੰਦ ਪੁਰ ਸਾਹਿਬ ਤੋਂ ਪਾਰਟੀ ਟਿਕਟ ਦੇ ਦਾਅਵੇਦਾਰਾਂ ਦੇ ਨਾਵਾਂ ਦੀ ਚਰਚਾ ਵੀ ਜੋਰ ਫੜ ਰਹੀ ਹੈ।
ਇਸ ਸੰਬੰਧੀ ਸਭਤੋਂ ਪਹਿਲਾਂ ਪੰਜਾਬ ਦੇ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਦਾ ਨਾਮ ਲਿਆ ਜਾ ਰਿਹਾ ਹੈ। ਰਾਣਾ ਗੁਰਜੀਤ ਸਿੰਘ ਇਸ ਵੇਲੇ ਵਿਧਾਇਕ ਹਨ ਅਤੇ ਇਹ ਕਿਹਾ ਜਾਂਦਾ ਹੈ ਕਿ ਉਹਨਾਂ ਵਲੋਂ ਹਲਕਾ ਆਨੰਦਪਰ ਸਾਹਿਬ ਤੋਂ ਪਾਰਟੀ ਟਿਕਟ ਹਾਸਿਲ ਕਰਨ ਲਈ ਆਪਣਾ ਪੂਰਾ ਜੋਰ ਲਗਾਇਆ ਜਾ ਰਿਹਾ ਹੈ। ਉਹਨਾਂ ਤੋਂ ਇਲਾਵਾ ਵਿਧਾਨਸਭਾ ਦੇ ਸਾਬਕਾ ਸਪੀਕਰ ਰਾਣਾ ਕੇ ਪੀ, ਫਤਹਿਗੜ੍ਹ ਸਾਹਿਬ ਦੇ ਸਾਬਕਾ ਵਿਧਾਇਕ ਸz ਕੁਲਜੀਤ ਸਿੰਘ ਨਾਗਰਾ ਅਤੇ ਮੁਹਾਲੀ ਹਲਕੇ ਦੇ ਸਾਬਕਾ ਵਿਧਾਇਕ ਅਤੇ ਸਾਬਕਾ ਮੰਤਰੀ ਸz. ਬਲਬੀਰ ਸਿੰਘ ਸਿੱਧੂ ਤੋਂ ਇਲਾਵਾ ਸਾਬਕਾ ਮੰਤਰੀ ਪ੍ਰਕਾਸ਼ ਸਿੰਘ ਸੈਣੀ ਦੇ ਪੁੱਤਰ ਅਤੇ ਸਾਬਕਾ ਵਿਧਾਇਕ ਅੰਗਦ ਸੈਣੀ ਵੀ ਉਮੀਦਵਾਰੀ ਦੀ ਦੌੜ ਵਿੱਚ ਸ਼ਾਮਿਲ ਹਨ।
ਕਾਂਗਰਸ ਪਾਰਟੀ ਦੇ ਸੂਤਰ ਦੱਸਦੇ ਹਨ ਕਿ ਹੁਣੇ ਪਾਰਟੀ ਦੇ ਅਧਿਕਾਰਤ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਹੋਣ ਵਿੱਚ ਕੁੱਝ ਸਮਾਂ ਲੱਗ ਸਕਦਾ ਹੈ। ਪਾਰਟੀ ਸੂਤਰਾਂ ਦੀ ਮੰਨੀਏ ਤਾਂ ਸ੍ਰੀ ਮਨੀਸ਼ ਤਿਵਾੜੀ ਵਲੋਂ ਪਾਰਟੀ ਹਾਈਕਮਾਨ ਨੂੰ ਇਹ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਉਹ ਆਪਣੀ ਸੀਟ ਬਦਲ ਕੇ ਲੜਣ ਦੇ ਚਾਹਵਾਨ ਨਹੀਂ ਹਨ ਅਤੇ ਪਾਰਟੀ ਲਈ ਉਹਨਾਂ ਦੀ ਸੀਟ ਕੱਟਣੀ ਵੀ ਆਸਾਨ ਨਹੀਂ ਹੈ ਇਸ ਲਈ ਸਭਤੋਂ ਜਿਆਦਾ ਸੰਭਾਵਨਾ ਇਹੀ ਹੈ ਕਿ ਪਾਰਟੀ ਉਹਨਾਂ ਦੇ ਨਾਮ ਤੇ ਹੀ ਮੋਹਰ ਲਗਾਏਗੀ ਅਤੇ ਜੇਕਰ ਪਾਰਟੀ ਦਾ ਉਮੀਦਵਾਰ ਬਦਲਿਆ ਵੀ ਗਿਆ ਤਾਂ ਅਜਿਹਾ ਸ੍ਰੀ ਤਿਵਾੜੀ ਦੀ ਸਹਿਮਤੀ ਨਾਲ ਹੀ ਹੋਵੇਗਾ।
ਇਹ ਵੀ ਕਿਹਾ ਜਾ ਸਕਦਾ ਹੈ ਕਿ ਜਦੋਂ ਤਕ ਕਾਂਗਰਸ ਪਾਰਟੀ ਵਲੋਂ ਆਪਣੇ ਅਧਿਕਾਰਤ ਉਮੀਦਵਾਰ ਦੇ ਨਾਮ ਦਾ ਐਲਾਨ ਨਹੀਂ ਹੋਵੇਗਾ ਇਸ ਸੰਬੰਧੀ ਕਿਆਸਅਰਾਈਆਂ ਦਾ ਦੌਰ ਜਾਰੀ ਰਹਿਣਾ ਹੈ।
