ਹਰ ਵਰਗ ਦੇ ਸੈਂਕੜੇ ਲੋਕਾਂ ਵੱਲੋਂ ਮੇਹਰ ਸਿੰਘ ਨੂੰ ਭਾਵ ਭਿੰਨੀਆਂ ਸ਼ਰਧਾਂਜਲੀਆਂ ਭੇਟ

ਪਟਿਆਲਾ, 8 ਮਾਰਚ - ਪਿਛਲੇ ਤਿੰਨ ਸਾਲ ਤੋਂ ਬ੍ਰੇਨ ਹੈਮਰੇਜ ਨਾਲ ਜੂਝਣ ਮਗਰੋਂ ਸਦੀਵੀਂ ਵਿਛੋੜਾ ਦੇ ਗਏ ਹਰਿਆਣਾ ਪ੍ਰਾਪਰਟੀ ਡੀਲਰ ਵਾਲੇ ਸਰਦਾਰ ਮੇਹਰ ਸਿੰਘ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਆਨੰਦ ਨਗਰ ਵਿਖੇ ਹੋਇਆ ਜਿਸ ਵਿਚ ਹਰ ਵਰਗ ਦੇ ਸੈਂਕੜੇ ਦੀ ਗਿਣਤੀ ਵਿਚ ਲੋਕਾਂ ਨੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।

ਪਟਿਆਲਾ, 8 ਮਾਰਚ - ਪਿਛਲੇ ਤਿੰਨ ਸਾਲ ਤੋਂ ਬ੍ਰੇਨ ਹੈਮਰੇਜ ਨਾਲ ਜੂਝਣ ਮਗਰੋਂ ਸਦੀਵੀਂ ਵਿਛੋੜਾ ਦੇ ਗਏ ਹਰਿਆਣਾ ਪ੍ਰਾਪਰਟੀ ਡੀਲਰ ਵਾਲੇ ਸਰਦਾਰ ਮੇਹਰ ਸਿੰਘ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਆਨੰਦ ਨਗਰ ਵਿਖੇ ਹੋਇਆ ਜਿਸ ਵਿਚ ਹਰ ਵਰਗ ਦੇ ਸੈਂਕੜੇ ਦੀ ਗਿਣਤੀ ਵਿਚ ਲੋਕਾਂ ਨੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। 
ਇਸ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਅਤੇ ਲੋਕ ਸਭਾ ਹਲਕਾ ਫਰੀਦਕੋਟ ਦੇ ਅਕਾਲੀ ਦਲ ਦੇ ਇੰਚਾਰਜ ਸਰਪੰਚ ਰਣਧੀਰ ਸਿੰਘ ਥਰਾਜ, ਭੁਪਿੰਦਰ ਸਿੰਘ ਮਸੀਂਗਣ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ ਅੰਮ੍ਰਿਤਸਰ (ਫਤਹਿ ) ਤੇ ਮੇਹਰ ਸਿੰਘ ਦੇ ਭਾਣਜੇ ਪ੍ਰੀਤਮ ਸਿੰਘ ਨੇ ਕਿਹਾ ਕਿ ਮੇਹਰ ਸਿੰਘ ਨੇ ਜ਼ਮੀਨੀ ਪੱਧਰ ਤੋਂ ਉਠ ਕੇ ਲੋਕਾਂ ਦੀ ਮਦਦ ਕਰਨ ਦੀ ਨਿਵੇਕਲੀ ਮਿਸਾਲ ਸਮਾਜ ਅੱਗੇ ਪੇਸ਼ ਕੀਤੀ ਹੈ ਜਿਸਦੀ ਹੋਰ ਕੋਈ ਉਦਾਹਰਣ ਨਹੀਂ ਮਿਲਦੀ। ਉਹਨਾਂ ਕਿਹਾ ਕਿ ਆਪਣੇ ਪਰਿਵਾਰ ਦੇ ਪਾਲਣ ਪੋਸ਼ਣ ਵਾਸਤੇ ਮੇਹਰ ਸਿੰਘ ਨੇ ਆਪਣੀ ਪੜ੍ਹਾਈ ਅੱਧ ਵਿਚਾਲੇ ਛੱਡ ਕੇ ਛੋਟਾ ਜਿਹਾ ਕੰਮਕਾਜ ਸ਼ੁਰੂ ਕੀਤਾ ਤੇ ਜ਼ਿੰਦਗੀ ਦੇ ਪੈਂਡੇ ਤੈਅ ਕਰਕੇ ਹਰਿਆਣਾ ਪ੍ਰਾਪਰਟੀ ਡੀਲਰਜ਼ ਦੇ ਰੂਪ ਵਿਚ ਵੱਡੇ ਪ੍ਰਾਪਰਟੀ ਕਾਰੋਬਾਰੀ ਵਜੋਂ ਪਛਾਣ ਬਣਾਈ। ਉਹਨਾਂ ਨੇ ਇਕੱਲਿਆਂ ਆਪਣੇ ਭਤੀਜੇ ਅਤੇ ਭਾਣਜਿਆਂ ਦਾ ਪਾਲਣ ਪੋਸ਼ਣ ਕਰ ਕੇ ਉਹਨਾਂ ਨੂੰ ਆਪਣੇ ਪੈਰਾਂ 'ਤੇ ਹੀ ਖੜ੍ਹਾ ਨਹੀਂ ਕੀਤਾ ਬਲਕਿ ਸਮਾਜ ਦੇ ਅਨੇਕਾਂ ਲੋਕਾਂ ਦੀ ਹਮੇਸ਼ਾ ਮੋਹਰੀ ਹੋ ਕੇ ਮਦਦ ਕੀਤੀ। ਉਹਨਾਂ ਆਪਣੇ ਦੋਸਤਾਂ ਨਾਲ ਦੋਸਤੀ ਹਮੇਸ਼ਾ ਡੱਟ ਕੇ ਨਿਭਾਈ ਤੇ ਅਣਗਿਣਤ ਲੋਕਾਂ ਨੂੰ ਪ੍ਰਾਪਰਟੀ ਕਾਰੋਬਾਰ ਵਿਚ ਕਰੋੜਾਂ ਰੁਪਏ ਦਾ ਲਾਭ ਪਹੁੰਚਾਇਆ ਤੇ ਆਪ ਫਿਰ ਵੀ ਨਿਮਰ ਹੋ ਕੇ ਵਿਚਰਦੇ ਰਹੇ। ਉਹਨਾਂ ਕਿਹਾ ਕਿ ਮੇਹਰ ਦੀ ਦੂਰਅੰਦੇਸ਼ੀ ਸੋਚ ਦੀ ਬਦੌਲਤ ਅੱਜ ਜਿਥੇ ਉਹਨਾਂ ਦਾ ਇਕ ਬੇਟਾ ਆਸਟਰੇਲੀਆ, ਇਕ ਬੇਟੀ ਕੈਨੇਡਾ ਵਿਚ ਹੈ ਤੇ ਇਕ ਬੇਟਾ ਐਮ ਬੀ ਬੀ ਐਸ ਕਰਨ ਮਗਰੋਂ ਐਮ. ਐੱਸ. ਦੀ ਪੜ੍ਹਾਈ ਕਰ ਰਿਹਾ ਹੈ। ਮੇਹਰ ਸਿੰਘ ਨੇ ਸਾਰੇ ਪਰਿਵਾਰ ਨੂੰ ਚੰਗੀ ਸਿੱਖਿਆ ਤੇ ਗੁਰਸਿੱਖੀ ਜੀਵਨ ਨਾਲ ਜੋੜ ਕੇ ਰੱਖਿਆ। ਬੁਲਾਰਿਆਂ ਨੇ ਪਰਿਵਾਰ ਵੱਲੋਂ ਤਿੰਨ ਸਾਲਾਂ ਦੌਰਾਨ ਸਰਦਾਰ ਮੇਹਰ ਸਿੰਘ ਦੀ ਕੀਤੀ ਸੇਵਾ ਦੀ ਵੀ ਸਿਫਤ ਕੀਤੀ ਖਾਸ ਤੌਰ ’ਤੇ ਪਤਨੀ ਸਰਦਾਰਨੀ ਬਲਜੀਤ ਕੌਰ, ਬੇਟੇ ਮਲਕੀਤ ਸਿੰਘ, ਸੰਦੀਪ ਸਿੰਘ ਤੇ ਹਰਪ੍ਰੀਤ ਸਿੰਘ ਵੱਲੋਂ ਕੀਤੀ ਸੇਵਾ ਦੀ ਸ਼ਲਾਘਾ ਕੀਤੀ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਡੇ ਬੇਟੇ ਮਲਕੀਤ ਸਿੰਘ ਨੂੰ ਸਿਰੋਪਾਓ ਦੀ ਬਖਸ਼ਿਸ਼ ਕੀਤੀ ਗਈ। ਸਮਾਗਮ ਵਿਚ ਸਟੇਜ ਸਕੱਤਰ ਪਰਮਜੀਤ ਸਿੰਘ ਪਰਵਾਨਾ ਨੇ ਜਿੱਥੇ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਦਾ ਸ਼ੋਕ ਸੰਦੇਸ਼ ਪੜ੍ਹ ਕੇ ਸੁਣਾਇਆ, ਉਥੇ ਹੀ ਅਕਾਲੀ ਦਲ ਦੇ ਪਟਿਆਲਾ ਦਿਹਾਤੀ ਇੰਚਾਰਜ ਜਸਪਾਲ ਸਿੰਘ ਬਿੱਟੂ ਚੱਠਾ, ਪਟਿਆਲਾ ਸ਼ਹਿਰੀ ਪ੍ਰਧਾਨ ਅਮਿਤ ਸਿੰਘ ਰਾਠੀ, ਆਮ ਆਦਮੀ ਪਾਰਟੀ ਦੇ ਆਗੂ ਹਰਪਾਲ ਜੁਨੇਜਾ, ਯੂਥ ਅਕਾਲੀ ਦਲ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਮਨਜੋਤ ਸਿੰਘ ਚਹਿਲ, ਸਾਬਕਾ ਐਮ ਸੀ ਹਰਬਖਸ਼ ਸਿੰਘ  ਚਹਿਲ, ਹਰਵਿੰਦਰ ਸਿੰਘ ਬੱਬੂ, ਲਵਜੋਤ ਸਿੰਘ, ਹਰਦੀਪ ਸਿੰਘ ਖਹਿਰਾ, ਡਾ. ਸੁਖਦੀਪ ਸਿੰਘ ਬੋਪਾਰਾਏ, ਕਾਂਗਰਸੀ ਆਗੂ ਜੋਗਿੰਦਰ ਸਿੰਘ ਕਾਕੜਾ, ਪਰਮਿੰਦਰ ਸਿੰਘ ਖਾਲਸਾ, ਸਰਪੰਚ ਅਮਰੀਕ ਸਿੰਘ ਸਿਉਣਾ, ਸਮਾਜ ਸੇਵੀ ਕੁਲਵੰਤ ਸਿੰਘ ਟੁਰਨਾ, ਰੁਪਿੰਦਰ ਸਿੰਘ ਟੁਰਨਾ, ਮਨਦੀਪ ਸਿੰਘ ਟੁਰਨਾ, ਗੁਰਵਿੰਦਰ ਸਿੰਘ ਬੌਬੀ ਪ੍ਰਧਾਨ ਪੰਜਾਬੀ ਯੂਨੀਵਰਸਿਟੀ, ਜਗਰੂਪ ਸਿੰਘ ਚੀਮਾ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ, ਮਾਸਟਰ ਅਤਰ ਸਿੰਘ, ਨੌਨਿਹਾਲ ਸਿੰਘ, ਅਮਰੀਕ ਸਿੰਘ ਸਰਕਾਰੀ ਮੈਡੀਕਲ ਕਾਲਜ ਪਟਿਆਲਾ, ਗੁਰਦਿਆਲ ਸਿੰਘ, ਪ੍ਰੇਮ ਚੰਦ ਪਾਂਡੇ, ਸਾਬਕਾ ਈ ਟੀ ਓ ਜਰਨੈਲ ਸਿੰਘ, ਕਸ਼ਮੀਰ ਸਿੰਘ ਬੋਧਣੀ, ਵਿਕਰਮਜੀਤ ਸਿੰਘ ਚੰਮੋ ਅਤੇ ਹੋਰ ਪਤਵੰਤੇ ਸੱਜਣਾਂ ਦਾ ਇਸ ਸ਼ਰਧਾਂਜਲੀ ਸਮਾਗਮ ਵਿੱਚ ਸ਼ਾਮਲ ਹੋਣ ਲਈ ਧੰਨਵਾਦ ਵੀ ਕੀਤਾ।