
ਆਟੋ ਸਟੈਂਡ ਦੀ ਮੰਗ ਨੂੰ ਲੈ ਕੇ ਆਟੋ ਵਰਕਰਾਂ ਵਲੋਂ ਡੀ.ਸੀ ਦਫਤਰ ਅੱਗੇ ਅਣਮਿੱਥੇ ਸਮੇਂ ਲਈ ਧਰਨਾ 12 ਮਾਰਚ 'ਤੋਂ
ਨਵਾਂਸ਼ਹਿਰ - ਆਟੋ ਸਟੈਂਡ ਦੀ ਮੰਗ ਨੂੰ ਲੈਕੇ ਆਟੋ ਵਰਕਰ 12 ਮਾਰਚ ਤੋਂ ਡਿਪਟੀ ਕਮਿਸ਼ਨਰ ਦਫਤਰ ਅੱਗੇ ਪਰਿਵਾਰਾਂ ਸਮੇਤ ਅਣਮਿੱਥੇ ਸਮੇਂ ਲਈ ਦਿਨ ਰਾਤ ਦਾ ਧਰਨਾ ਅਣਮਿੱਥੇ ਸਮੇਂ ਲਈ ਲਾਉਣਗੇ। ਅੱਜ ਨਿਊ ਆਟੋ ਵਰਕਰ ਯੂਨੀਅਨ ਨੇ ਨਵਾਂਸ਼ਹਿਰ ਵਿਖੇ ਜਿਲਾ ਪੱਧਰੀ ਮੀਟਿੰਗ ਵਿਚ ਇਹ ਫੈਸਲਾ ਕੀਤਾ।
ਨਵਾਂਸ਼ਹਿਰ - ਆਟੋ ਸਟੈਂਡ ਦੀ ਮੰਗ ਨੂੰ ਲੈਕੇ ਆਟੋ ਵਰਕਰ 12 ਮਾਰਚ ਤੋਂ ਡਿਪਟੀ ਕਮਿਸ਼ਨਰ ਦਫਤਰ ਅੱਗੇ ਪਰਿਵਾਰਾਂ ਸਮੇਤ ਅਣਮਿੱਥੇ ਸਮੇਂ ਲਈ ਦਿਨ ਰਾਤ ਦਾ ਧਰਨਾ ਅਣਮਿੱਥੇ ਸਮੇਂ ਲਈ ਲਾਉਣਗੇ। ਅੱਜ ਨਿਊ ਆਟੋ ਵਰਕਰ ਯੂਨੀਅਨ ਨੇ ਨਵਾਂਸ਼ਹਿਰ ਵਿਖੇ ਜਿਲਾ ਪੱਧਰੀ ਮੀਟਿੰਗ ਵਿਚ ਇਹ ਫੈਸਲਾ ਕੀਤਾ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਜਿਲਾ ਪ੍ਰਧਾਨ ਪੁਨੀਤ ਕੁਮਾਰ ਬਛੌੜੀ ਨੇ ਕਿਹਾ ਕਿ ਉਹ ਬੀਤੇ ਇਕ ਸਾਲ ਤੋਂ ਵੀ ਵੱਧ ਸਮੇਂ ਤੋਂ ਜਿਲਾ ਪ੍ਰਸ਼ਾਸਨ ਕੋਲੋਂ ਨਵਾਂਸ਼ਹਿਰ ਦੇ ਬੱਸ ਅੱਡੇ ਤੇ ਆਟੋ ਸਟੈਂਡ ਲਈ ਥਾਂ ਦੇਣ ਦੀ ਮੰਗ ਕਰ ਰਹੇ ਹਨ। ਇਸਦੇ ਲਈ ਉਹ ਜਿਲਾ ਪ੍ਰਸ਼ਾਸਨ, ਪੰਜਾਬ ਰੋਡਵੇਜ਼ ਦੇ ਜਨਰਲ ਮੈਨੇਜਰ ਨੂੰ ਕਈ ਵਾਰ ਮਿਲਕੇ ਲਿਖਤੀ ਰੂਪ ਵਿਚ ਬੇਨਤੀਆਂ ਕਰ ਚੁੱਕੇ ਹਨ ਪਰ ਉਹਨਾਂ ਨੂੰ ਲਾਰਿਆਂ ਤੋਂ ਸਿਵਾਏ ਹੋਰ ਕੁਝ ਵੀ ਨਹੀਂ ਮਿਲਿਆ। ਜਦ ਕਿ ਬੱਸ ਅੱਡੇ ਦੀ ਥਾਂ ਵਿਚ ਪਹਿਲਾਂ ਟੈਕਸੀ ਸਟੈਂਡ, ਮੋਟਰਸਾਈਕਲ ਸਟੈਂਡ ਕਿਰਾਏ ਉੱਤੇ ਚੱਲ ਰਹੇ ਹਨ।
ਉਹ ਆਟੋ ਸਟੈਂਡ ਦਾ ਕਿਰਾਇਆ ਦੇਣ ਲਈ ਵੀ ਤਿਆਰ ਹਨ। ਉਹਨਾਂ ਕਿਹਾ ਕਿ ਪ੍ਰਸ਼ਾਸਨ ਦੇ ਲਾਰਿਆਂ ਤੋਂ ਦੁਖੀ ਹੋ ਕੇ ਯੂਨੀਅਨ ਨੇ ਇਹ ਧਰਨਾ ਲਾਉਣ ਦਾ ਫੈਸਲਾ ਕੀਤਾ ਹੈ। ਉਹਨਾਂ ਕਿਹਾ ਕਿ ਆਟੋ ਵਰਕਰਾਂ ਦਾ ਇਹ ਸਵੈਰੁਜਗਾਰ ਹੈ ਅਤੇ ਉਹ ਇਸਦੇ ਲਈ ਸਰਕਾਰ ਉੱਤੇ ਕੋਈ ਵਿੱਤੀ ਬੋਝ ਵੀ ਨਹੀਂ ਪਾਉਂਦੇ ਸਗੋਂ ਮੋਟੇ ਟੈਕਸਾਂ ਦੇ ਰੂਪ ਵਿਚ ਸਰਕਾਰੀ ਖ਼ਜਾਨੇ ਵਿਚ ਵਿੱਤੀ ਸਹਿਯੋਗ ਪਾਉਂਦੇ ਹਨ। ਇਸ ਰੁਜਗਾਰ ਰਾਹੀਂ ਉਹ ਆਪਣੇ ਪਰਿਵਾਰ ਪਾਲਦੇ ਹਨ। ਉਹਨਾਂ ਅੱਗੇ ਕਿਹਾ ਕਿ ਜਿਲਾ ਪ੍ਰਸ਼ਾਸਨ ਬੀਤੇ ਇਕ ਸਾਲ ਤੋਂ ਉਹਨਾਂ ਦੇ ਪੱਲੇ ਸਿਰਫ਼ ਲਾਰੇ ਲੱਪੇ ਹੀ ਪਾ ਰਿਹਾ ਹੈ।
ਉਹਨਾਂ ਕਿਹਾ ਕਿ ਇਸ ਧਰਨੇ ਦੀ ਸਫਲਤਾ ਲਈ ਜਿਲੇ ਭਰ ਦੇ ਆਟੋ ਵਰਕਰਾਂ ਦੀਆਂ ਮੀਟਿੰਗਾਂ ਕਰਵਾ ਕੇ ਲਾਮਬੰਦ ਕੀਤਾ ਜਾਵੇਗਾ। ਇਫਟੂ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ ਅਤੇ ਡਿਪਟੀ ਸੈਕਟਰੀ ਅਵਤਾਰ ਸਿੰਘ ਤਾਰੀ ਨੇ ਕਿਹਾ ਕਿ ਇਫਟੂ ਨਾਲ ਸਬੰਧਤ ਹੋਰ ਜਥੇਬੰਦੀਆਂ ਆਟੋ ਵਰਕਰਾਂ ਦੇ ਇਸ ਧਰਨੇ ਵਿਚ ਭਰਵੀਂ ਸ਼ਮੂਲੀਅਤ ਕਰਨਗੀਆਂ। ਇੱਥੇ ਵਰਨਣਯੋਗ ਹੈ ਕਿ ਕਿਰਤੀ ਕਿਸਾਨ ਯੂਨੀਅਨ ਨੇ ਵੀ ਇਸ ਧਰਨੇ ਦਾ ਸਮਰਥਨ ਕੀਤਾ ਹੈ।
