ਵੈਟਨਰੀ ਯੂਨੀਵਰਸਿਟੀ ਨੇ ਮੱਛੀ ਪਾਲਣ ਸੰਬੰਧੀ ਕਰਵਾਇਆ ਕੌਸ਼ਲ ਵਿਕਾਸ ਸਿਖਲਾਈ ਪ੍ਰੋਗਰਾਮ

ਲੁਧਿਆਣਾ 01 ਮਾਰਚ 2024: ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਫ਼ਿਸ਼ਰੀਜ਼ ਕਾਲਜ ਵੱਲੋਂ ਮੱਛੀ ਪਾਲਣ ਸੰਬੰਧੀ ਪੰਜ ਦਿਨਾ ਕੌਸ਼ਲ ਵਿਕਾਸ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ। ਇਹ ਸਿਖਲਾਈ ਪੱਟੀਦਰਜ ਭਾਈਚਾਰੇ ਨਾਲ ਸੰਬੰਧਿਤ ਸਿੱਖਿਆਰਥੀਆਂ ਨੂੰ ਰੁਜ਼ਗਾਰ ਉਦਮੀਪਨ ਬਾਰੇ ਸਿੱਖਿਅਤ ਕਰਨ ਹਿਤ ਕਰਵਾਈ ਗਈ। ਇਹ ਉਪਰਾਲਾ ਭਾਰਤੀ ਖੇਤੀ ਖੋਜ ਪਰਿਸ਼ਦ ਦੀ ਮੱਛੀ ਵਿਗਿਆਨ ਸਿੱਖਿਆ ਸੰਬੰਧੀ ਕੇਂਦਰੀ ਸੰਸਥਾ, ਮੁੰਬਈ ਵੱਲੋਂ ਪ੍ਰਾਯੋਜਿਤ ਸੀ। ਡਾ. ਵਨੀਤ ਇੰਦਰ ਕੌਰ, ਕੋਰਸ ਨਿਰਦੇਸ਼ਕ ਨੇ ਦਸਿਆ ਕਿ ਇਸ ਵਿਚ ਪੰਜਾਬ ਦੇ ਪੱਟੀਦਰਜ ਭਾਈਚਾਰੇ ਦੇ 25 ਉਮੀਦਵਾਰਾਂ ਨੇ ਹਿੱਸਾ ਲਿਆ।

ਲੁਧਿਆਣਾ 01 ਮਾਰਚ 2024: ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਫ਼ਿਸ਼ਰੀਜ਼ ਕਾਲਜ ਵੱਲੋਂ ਮੱਛੀ ਪਾਲਣ ਸੰਬੰਧੀ ਪੰਜ ਦਿਨਾ ਕੌਸ਼ਲ ਵਿਕਾਸ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ। ਇਹ ਸਿਖਲਾਈ ਪੱਟੀਦਰਜ ਭਾਈਚਾਰੇ ਨਾਲ ਸੰਬੰਧਿਤ ਸਿੱਖਿਆਰਥੀਆਂ ਨੂੰ ਰੁਜ਼ਗਾਰ ਉਦਮੀਪਨ ਬਾਰੇ ਸਿੱਖਿਅਤ ਕਰਨ ਹਿਤ ਕਰਵਾਈ ਗਈ। ਇਹ
ਉਪਰਾਲਾ ਭਾਰਤੀ ਖੇਤੀ ਖੋਜ ਪਰਿਸ਼ਦ ਦੀ ਮੱਛੀ ਵਿਗਿਆਨ ਸਿੱਖਿਆ ਸੰਬੰਧੀ ਕੇਂਦਰੀ ਸੰਸਥਾ, ਮੁੰਬਈ ਵੱਲੋਂ ਪ੍ਰਾਯੋਜਿਤ ਸੀ। ਡਾ. ਵਨੀਤ ਇੰਦਰ ਕੌਰ, ਕੋਰਸ ਨਿਰਦੇਸ਼ਕ ਨੇ ਦਸਿਆ ਕਿ ਇਸ ਵਿਚ ਪੰਜਾਬ ਦੇ ਪੱਟੀਦਰਜ ਭਾਈਚਾਰੇ ਦੇ 25 ਉਮੀਦਵਾਰਾਂ ਨੇ ਹਿੱਸਾ ਲਿਆ।
ਡਾ. ਗਰਿਸ਼ਮਾ ਤਿਵਾੜੀ ਅਤੇ ਡਾ. ਅਮਿਤ ਮੰਡਲ ਨੇ ਤਕਨੀਕੀ ਸੈਸ਼ਨਾਂ ਦਾ ਸੰਯੋਜਨ ਕਰਦੇ ਹੋਏ ਮੱਛੀ ਪਾਲਣ ਸੰਬੰਧੀ ਪੂਰਨ ਮਹੱਤਵਪੂਰਨ ਜਾਣਕਾਰੀ ਮੁਹੱਈਆ ਕਰਵਾਈ। ਸਿੱਖਿਆਰਥੀਆਂ ਨੂੰ ਮੱਛੀ ਦੀਆਂ ਕਿਸਮਾਂ, ਪਾਣੀ ਦੀ ਕਵਾਲਿਟੀ, ਖੁਰਾਕ ਅਤੇ ਸਿਹਤ ਪ੍ਰਬੰਧਨ, ਏਕੀਕ੍ਰਿਤ ਮੱਛੀ ਪਾਲਣ, ਵਾਤਾਵਰਣ ਅਨੁਸਾਰ ਤਕਨਾਲੋਜੀਆਂ ਅਤੇ ਘਣਾ ਮੱਛੀ ਪਾਲਣ ਵਿਧੀਆਂ ਆਦਿ ਬਾਰੇ ਦੱਸਿਆ ਗਿਆ। ਉਨ੍ਹਾਂ ਨੂੰ ਅਗਾਂਹਵਧੂ ਮੱਛੀ ਪਾਲਕ ਸ਼੍ਰੀ ਜਸਵੀਰ ਸਿੰਘ ਦੇ ਮੱਛੀ ਫਾਰਮ ਦਾ ਅਤੇ ਲੁਧਿਆਣਾ ਦੇ ਮੱਛੀ ਬਾਜ਼ਾਰ ਦਾ ਦੌਰਾ ਵੀ ਕਰਵਾਇਆ ਗਿਆ।
ਡਾ. ਮੀਰਾ ਡੀ ਆਂਸਲ, ਡੀਨ, ਫ਼ਿਸ਼ਰੀਜ਼ ਕਾਲਜ ਨੇ ਕਿਹਾ ਕਿ ਸਿੱਖਿਆਰਥੀਆਂ ਨੂੰ ਸੁਚੱਜੀ ਸਿੱਖਿਆ ਦੇ ਲੜ ਲਾ ਕੇ ਵਧੀਆ ਪੇਸ਼ੇਵਰ ਅਤੇ ਉਦਮੀ ਬਣਾ ਸਕਦੇ ਹਾਂ। ਉਨ੍ਹਾਂ ਕਿਹਾ ਕਿ ਇਸੇ ਲੜੀ ਵਿਚ ਸਜਾਵਟੀ ਮੱਛੀ, ਫਿਸ਼ ਪ੍ਰਾਸੈਸਿੰਗ ਅਤੇ ਏਕੀਕ੍ਰਿਤ ਮੱਛੀ ਪਾਲਣ ਸੰਬੰਧੀ ਵੀ ਸਿਖਲਾਈ ਕਰਵਾਈ ਜਾਵੇਗੀ। ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਨੇ ਕਿਹਾ ਕਿ ਅਜਿਹੇ ਸਿਖਲਾਈ ਪ੍ਰੋਗਰਾਮ ਨਾਲ ਪੱਟੀਦਰਜ ਭਾਈਚਾਰੇ ਦੇ ਵਿਕਾਸ ਵਿਚ ਅਹਿਮ ਯੋਗਦਾਨ ਪਾਇਆ ਜਾ ਸਕਦਾ ਹੈ।
ਡਾ. ਰਵੀਸ਼ੰਕਰ, ਸੀ ਐਨ, ਉਪ-ਕੁਲਪਤੀ ਮੱਛੀ ਵਿਗਿਆਨ ਸਿੱਖਿਆ ਸੰਬੰਧੀ ਕੇਂਦਰੀ ਸੰਸਥਾ, ਮੁੰਬਈ ਨੇ ਕਿਹਾ ਕਿ ਸਮਾਜੀ ਤੌਰ ’ਤੇ ਹਾਸ਼ੀਆਗਤ ਸਮੂਹ ਨੂੰ ਉਪਰ ਚੁੱਕਣਾ ਅਜਿਹੇ ਸਿਖਲਾਈ ਪ੍ਰੋਗਰਾਮਾਂ ਦਾ ਮੁੱਖ ਉਦੇਸ਼ ਹੈ।
ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਕਿਹਾ ਕਿ ਪਸ਼ੂਧਨ ਅਤੇ ਮੱਛੀ ਪਾਲਣ ਖੇਤਰ ਸਾਡੇ ਮੁਲਕ ਦੇ ਸਮਾਜੀ-ਆਰਥਿਕ ਵਿਕਾਸ ਵਿਚ ਅਹਿਮ ਭੂਮਿਕਾ ਨਿਭਾ ਰਹੇ ਹਨ ਅਤੇ ਇਨ੍ਹਾਂ ਦਾ ਯੋਗਦਾਨ ਲਗਾਤਾਰ ਵੱਧ ਰਿਹਾ ਹੈ। ਇਸ ਨਾਲ ਜਿਥੇ ਅਸੀਂ ਭੋਜਨ ਸੁਰੱਖਿਆ ਬਿਹਤਰ ਕਰ ਰਹੇ ਹਾਂ ਉਥੇ ਲੋਕ ਰੁਜ਼ਗਾਰ ਵੀ ਗ੍ਰਹਿਣ ਕਰ ਰਹੇ ਹਨ।