ਸ਼ਰਾਬ ਠੇਕੇ ਦੇ ਕਰਿੰਦੇ ਅਨਿਕੇਤ ਦੇ ਕਤਲ ਦੀ ਗੁੱਥੀ ਸੁਲਝੀ, ਕਾਤਲ ਗ੍ਰਿਫ਼ਤਾਰ

ਪਟਿਆਲਾ, 20 ਜਨਵਰੀ - ਪਾਤੜਾਂ ਥਾਣੇ ਅਧੀਨ ਆਉਂਦੇ ਪਿੰਡ ਚਿੱਚੜਵਾਲਾ 'ਚ ਪ੍ਰਵਾਸੀ ਨੌਜਵਾਨ ਅਨਿਕੇਤ (26) ਦੇ ਕਤਲ ਦੀ ਗੁੱਥੀ ਪੁਲਿਸ ਨੇ 18 ਘੰਟਿਆਂ ਦੇ ਅੰਦਰ ਸੁਲਝਾ ਲੈਣ ਦਾ ਦਾਅਵਾ ਕੀਤਾ ਹੈ। ਇਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਐਸ ਪੀ (ਆਪਰੇਸ਼ਨਜ਼) ਸੌਰਵ ਜਿੰਦਲ ਨੇ ਦੱਸਿਆ ਕਿ ਪਿੰਡ ਕਰੀਮਨਗਰ ਦੇ ਰਹਿਣ ਵਾਲੇ ਕਾਤਲ ਅਸ਼ੋਕ ਕੁਮਾਰ ਉਰਫ਼ ਸ਼ੋਕੀ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ ਕਤਲ ਲਈ ਵਰਤੀ ਗਈ ਕਟਿੰਗ ਕੈਂਚੀ ਅਤੇ ਸਿਮ ਸਮੇਤ ਮ੍ਰਿਤਕ ਦਾ ਮੋਬਾਇਲ ਫ਼ੋਨ ਬਰਾਮਦ ਕਰ ਲਿਆ ਗਿਆ ਹੈ।

ਪਟਿਆਲਾ, 20 ਜਨਵਰੀ - ਪਾਤੜਾਂ ਥਾਣੇ ਅਧੀਨ ਆਉਂਦੇ ਪਿੰਡ ਚਿੱਚੜਵਾਲਾ 'ਚ ਪ੍ਰਵਾਸੀ ਨੌਜਵਾਨ ਅਨਿਕੇਤ (26) ਦੇ ਕਤਲ ਦੀ ਗੁੱਥੀ ਪੁਲਿਸ ਨੇ 18 ਘੰਟਿਆਂ ਦੇ ਅੰਦਰ ਸੁਲਝਾ ਲੈਣ ਦਾ ਦਾਅਵਾ ਕੀਤਾ ਹੈ। ਇਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਐਸ ਪੀ (ਆਪਰੇਸ਼ਨਜ਼) ਸੌਰਵ ਜਿੰਦਲ ਨੇ ਦੱਸਿਆ ਕਿ ਪਿੰਡ ਕਰੀਮਨਗਰ ਦੇ ਰਹਿਣ ਵਾਲੇ ਕਾਤਲ ਅਸ਼ੋਕ ਕੁਮਾਰ ਉਰਫ਼ ਸ਼ੋਕੀ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ ਕਤਲ ਲਈ ਵਰਤੀ ਗਈ ਕਟਿੰਗ ਕੈਂਚੀ ਅਤੇ ਸਿਮ ਸਮੇਤ ਮ੍ਰਿਤਕ ਦਾ ਮੋਬਾਇਲ ਫ਼ੋਨ ਬਰਾਮਦ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅਸ਼ੋਕ ਕੁਮਾਰ ਰੋਜ਼ ਸ਼ਰਾਬ ਪੀਣ ਦਾ ਆਦੀ ਸੀ ਤੇ ਸ਼ਰਾਬ ਠੇਕੇ ਦੇ ਕਰਿੰਦੇ ਅਨਿਕੇਤ, ਜੋ ਬਿਹਾਰ ਦੇ ਮੋਤੀਹਾਰੀ ਜ਼ਿਲ੍ਹੇ ਦਾ ਰਹਿਣ ਵਾਲਾ ਸੀ, ਨਾਲ ਉਸਦੀ ਚੰਗੀ ਜਾਣ ਪਛਾਣ ਹੋ ਗਈ ਸੀ। ਉਸਨੇ ਅਨਿਕੇਤ ਨੂੰ ਕੁਝ ਕੱਪੜੇ ਵੀ ਉਧਾਰ 'ਤੇ ਦੁਆਏ ਸਨ। ਦੋਵਾਂ ਦਾ ਲੈਣ ਦੇਣ ਹੁੰਦਾ ਰਹਿੰਦਾ ਸੀ। ਅਸ਼ੋਕ ਨੇ ਕਰਿੰਦੇ ਤੋਂ 3600 ਰੁਪਏ ਲੈਣੇ ਸਨ ਪਰ ਉਹ ਦੇ ਨਹੀਂ ਸੀ ਰਿਹਾ। ਕਤਲ ਵਾਲੇ ਦਿਨ ਦਾਰੂ ਪੀਣ ਤੋਂ ਬਾਅਦ ਉਸਦੀ ਅਨਿਕੇਤ ਨਾਲ ਤੂੰ ਤੂੰ ਮੈਂ ਮੈਂ ਹੋ ਗਈ। ਅਸ਼ੋਕ ਨੇ ਹੇਅਰ ਡਰੈੱਸਰ ਦੀ ਦੁਕਾਨ ਤੋਂ ਚੋਰੀ ਕਰਕੇ ਲਿਆਂਦੀ ਕਟਿੰਗ ਕੈਂਚੀ ਨਾਲ ਅਨਿਕੇਤ ਦੀ ਗਰਦਨ ਅਤੇ ਮੂੰਹ 'ਤੇ ਵਾਰ ਕੀਤੇ। ਮੌਤ ਹੋਣ ਤੋਂ ਬਾਅਦ ਉਹ ਅਨਿਕੇਤ ਨੂੰ ਧੂਹ ਕੇ ਲੈ ਗਿਆ ਤੇ ਠੇਕੇ ਦੇ ਪਿਛਲੇ ਪਾਸੇ ਛੱਡ ਦਿੱਤਾ।