ਸਾਡੇ ਲੋਕਾਂ ਦੀ ਵਿਰਾਨੀ ਜਮੀਨ ਨੂੰ ਨਹਿਰੀ ਪਾਣੀ ਦੀ ਸਹੂਲਤ ਕਦੋਂ ਮਿਲੇਗੀ - ਮਹਾਂ ਸਿੰਘ ਰੌੜੀ

ਬਲਾਚੌਰ - ਕੰਢੀ ਸੰਘਰਸ਼ ਕਮੇਟੀ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਮਹਾਂ ਸਿੰਘ ਰੌੜੀ ਨੇ ਪ੍ਰੈਸ ਬਿਆਨ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕਰਦਿਆਂ ਪੁੱਛਿਆ ਕਿ ਕੰਢੀ ਨਹਿਰ ਹੁਣ ਕਦੋਂ ਚੱਲੇਗੀ ਅਤੇ ਕੰਢੀ ਦੀ ਵਿਰਾਨੀ ਜਮੀਨ ਨੂੰ ਸਿੰਜਾਈ ਦੀ ਸਹੂਲਤ ਕਦੋਂ ਮਿਲੇਗੀ। ਉਹਨਾਂ ਇਹ ਵੀ ਕਿਹਾ ਕਿ 1978 ਤੋਂ ਕੰਢੀ ਨਹਿਰ ਬਣ ਰਹੀ ਹੈ, ਜੋ ਅੱਜ ਤੱਕ ਵੀ ਅਧੂਰੀ ਹੀ ਪਈ ਹੈ।

ਨਹਿਰ ਨੂੰ ਚਾਲੂ ਕਰਵਾਉਣ ਲਈ ਕੰਢੀ ਸੰਘਰਸ਼ ਕਮੇਟੀ ਵਲੋਂ 2006 ਤੋਂ ਅੱਜ ਤੱਕ ਸੰਘਰਸ਼ ਕੀਤਾ, ਮੰਗ ਪੱਤਰ ਦਿੱਤੇ, ਧਰਨੇ ਮੁਜਾਹਰੇ, ਭੁੱਖ ਹੜਤਾਲਾਂ ਕੀਤੀਆਂ ਬਹੁਤ ਲੋਕ ਕੰਢੀ ਨਹਿਰ ਦੇ ਪਾਣੀ ਦੀ ਸਹੂਲਤ ਲਈ ਸੰਘਰਸ਼ ਕਰਦੇ ਰੱਬ ਨੂੰ ਵੀ ਪਿਆਰੇ ਹੋ ਗਏ, ਪਰ ਅਫਸੋਸ ਪਰਨਾਲਾ ਉਥੇ ਦਾ ਉਥੇ ਹੀ ਰਿਹਾ। ਪਿਛਲੀਆਂ ਸਰਕਾਰਾਂ ਦੀ ਤਰ੍ਹਾਂ ਇਸ ਸਰਕਾਰ ਨੇ ਵੀ ਲੋਕਾਂ ਨੂੰ ਸਬਜਬਾਗ ਹੀ ਵਿਖਾਏ। 4 ਮਹੀਨੇ ਪਹਿਲਾਂ ਚਾਂਦਪੁਰ ਰੁੜਕੀ ਵਿਖੇ ਭਾਰੀ ਇਕੱਠ ਵਿੱਚ ਐਲਾਨ ਕੀਤਾ ਅਤੇ ਮੀਟਿੰਗ ਵਿੱਚ ਸੰਘਰਸ਼ ਕਮੇਟੀ ਨੂੰ ਬਲਾਚੌਰ ਦੀ ਵਿਧਾਇਕਾ ਸੰਤੋਸ਼ ਕਟਾਰੀਆ ਦੇ ਸਾਹਮਣੇ ਵਿਸਵਾਸ਼ ਦੁਆਇਆ ਸੀ ਕਿ 6 ਮਹੀਨੇ ਦੇ ਵਿੱਚ ਵਿੱਚ ਕੰਢੀ ਨਹਿਰ ਦਾ ਪਾਣੀ ਤੁਹਾਡੇ ਖੇਤਾਂ ਵਿੱਚ ਆ ਜਾਏਗਾ। ਪਰ ਅਫਸੋਸ ਅੱਜ ਤੱਕ ਲਾਰਿਆਂ ਤੋਂ ਸਿਵਾਏ ਕੁਝ ਵੀ ਨਹੀਂ ਮਿਲਿਆ। ਕੰਢੀ ਖੇਤਰ ਦੇ ਲੋਕ ਅੱਜ ਵੀ ਨਹਿਰੀ ਪਾਣੀ ਨੂੰ ਤਰਸ ਰਹੇ ਹਨ। ਉਹਨਾਂ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ 75 ਸਾਲਾਂ ਤੋਂ ਅਜਾਦੀ ਤੋਂ ਬਾਅਦ ਵੀ ਕੰਢੀ ਦੇ ਲੋਕਾਂ ਨੂੰ ਪਸ਼ੂਆਂ ਦੇ ਲਈ ਹਰਾ ਚਾਰਾ 400 ਰੁਪਏ ਕੁਇੰਟਲ ਖਰੀਦਣਾ ਪੈ ਰਿਹਾ ਹੈ, ਤੇ ਲੋਕਾਂ ਨੂੰ ਅੱਜ ਵੀ ਆਪਣੇ ਖਾਣ ਲਈ ਵੀ ਦਾਣੇ ਖਰੀਦਣੇ ਪੈ ਰਹੇ ਹਨ। ਮਹਾਂ ਸਿੰਘ ਰੌੜੀ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆ ਕਿਹਾ ਕਿ ਕੰਢੀ ਦੇ ਲੋਕ ਹੁਣ ਬਹੁਤਾ ਇੰਤਜਾਰ ਨਹੀਂ ਕਰਨਗੇ। ਅਗਰ ਇਹ ਮੰਗ ਛੇਤੀ ਨਾ ਪੂਰੀ ਹੋਈ ਤਾਂ ਕੰਢੀ ਸੰਘਰਸ਼ ਕਮੇਟੀ ਬਲਾਚੌਰ ਵਿਖੇ ਪੱਕਾ ਧਰਨਾ ਲਗਾਉਣ ਲਈ ਮਜਬੂਰ ਹੋਵੇਗੀ।