
ਸ਼ਹੀਦ ਭਗਤ ਸਿੰਘ ਦੇ ਨਾਨਕਾ ਪਿੰਡ 'ਤੇ 'ਨੇਤਾ ਜੀ' ਦੀ ਬੁਰੀ ਨਜ਼ਰ - ਪਰਵਿੰਦਰ ਕਿੱਤਣਾ
ਨਵਾਂਸ਼ਹਿਰ - ਕੁਝ ਸਾਲ ਪਹਿਲਾਂ ਦੀ ਗੱਲ ਹੈ ਕਿ ਸਰਕਾਰੀ ਵਿਭਾਗ ਦੀ ਇੱਕ ਬੀਬੀ ਦਾ ਮੈਨੂੰ ਫੋਨ ਆਇਆ । ਆਪਣੇ ਵਿਭਾਗ ਵਿੱਚ ਉਹ ਸਖਤੀ ਤੇ ਇਮਾਨਦਾਰੀ ਕਰਕੇ ਜਾਣੀ ਜਾਂਦੀ ਸੀ। ਭੁੱਬੀਂ ਰੋ ਪਈ, ਕਹਿੰਦੀ, " ਮੇਰੀ ਮਦਦ ਕਰੋ। ਸਾਨੂੰ 20 ਲੱਖ ਰੁਪਏ ਦੇ ਕਰੀਬ ਗਰਾਂਟ ਆਈ ਸੀ ਜੋ ਕਿ ਅਸੀਂ ਪੀ. ਡਬਲਯੂ. ਡੀ. ਰਾਹੀਂ ਖਰਚ ਦਿੱਤੀ, ਕੰਮ ਵਧੀਆ ਕਰਾਉਣ ਲਈ ਕੁਝ ਪੈਸੇ ਅਸੀਂ ਇਕੱਠੇ ਕਰਕੇ ਕੋਲੋਂ ਵੀ ਪਾਏ।
ਨਵਾਂਸ਼ਹਿਰ - ਕੁਝ ਸਾਲ ਪਹਿਲਾਂ ਦੀ ਗੱਲ ਹੈ ਕਿ ਸਰਕਾਰੀ ਵਿਭਾਗ ਦੀ ਇੱਕ ਬੀਬੀ ਦਾ ਮੈਨੂੰ ਫੋਨ ਆਇਆ । ਆਪਣੇ ਵਿਭਾਗ ਵਿੱਚ ਉਹ ਸਖਤੀ ਤੇ ਇਮਾਨਦਾਰੀ ਕਰਕੇ ਜਾਣੀ ਜਾਂਦੀ ਸੀ। ਭੁੱਬੀਂ ਰੋ ਪਈ, ਕਹਿੰਦੀ, " ਮੇਰੀ ਮਦਦ ਕਰੋ। ਸਾਨੂੰ 20 ਲੱਖ ਰੁਪਏ ਦੇ ਕਰੀਬ ਗਰਾਂਟ ਆਈ ਸੀ ਜੋ ਕਿ ਅਸੀਂ ਪੀ. ਡਬਲਯੂ. ਡੀ. ਰਾਹੀਂ ਖਰਚ ਦਿੱਤੀ, ਕੰਮ ਵਧੀਆ ਕਰਾਉਣ ਲਈ ਕੁਝ ਪੈਸੇ ਅਸੀਂ ਇਕੱਠੇ ਕਰਕੇ ਕੋਲੋਂ ਵੀ ਪਾਏ। ਹੁਣ ਪੀ.ਡਬਲਯੂ.ਡੀ. ਵਾਲੇ ਕਹਿੰਦੇ ਹਨ ਕਿ ਪ੍ਰੋਜੈਕਟ ਦਾ ਉਦਘਾਟਨ ਕਰਾਉਣ ਲਈ ਸੱਤਾਧਾਰੀ 'ਨੇਤਾ ਜੀ' ਨੂੰ ਬੁਲਾਓ। ਮੈਂ ਨਾਂਹ ਨੁਕਰ ਕੀਤੀ ਤਾਂ ਉਹ ਕਹਿੰਦੇ ਕਿ ਜੇਕਰ 'ਨੇਤਾ ਜੀ' ਨੂੰ ਨਹੀਂ ਬੁਲਾਓਗੇ ਤਾਂ ਤੁਹਾਡੇ 'ਤੇ ਘਪਲੇ ਦਾ ਦੋਸ਼ ਲੱਗ ਜਾਣਾ ਹੈ, ਜਾਂਚ ਵਿੱਚ ਕੋਈ ਨਾ ਕੋਈ ਕਮੀ ਨਿਕਲ ਆਉਣੀ ਹੈ।"
ਯਾਨੀ ਕਿ 'ਨੇਤਾ ਜੀ ਨੂੰ ਬੁਲਾਓ ਨਹੀਂ ਤਾਂ ਕਾਰਵਾਈ ਕਰਵਾਓ।' ਇਹ ਗੱਲ ਪੁਰਾਣੀ ਹੈ ਹੁਣ ਤਾਂ 'ਬਦਲਾਅ' ਆ ਗਿਆ ਹੈ । ਇਹ ਬਦਲਾਅ ਵਾਲੇ 'ਨੇਤਾ ਜੀ' ਕੀ ਕਰਦੇ ਹਨ ਸੁਣੋ! ਸ਼ਹੀਦ ਭਗਤ ਸਿੰਘ ਦਾ ਨਾਨਕਾ ਪਿੰਡ ਮੋਰਾਂਵਾਲੀ ਗੜਸ਼ੰਕਰ ਤੋਂ 12 ਕਿਲੋਮੀਟਰ ਦੂਰ ਹੈ। ਇੱਥੇ ਚਾਰ - ਪੰਜ ਕਰੋੜ ਦੀ ਲਾਗਤ ਨਾਲ ਕੇਂਦਰ ਦੀ ਕਾਂਗਰਸ ਸਰਕਾਰ ਵਲੋਂ ਬਣਾਇਆ 'ਮਾਤਾ ਵਿਦਿਆਵਤੀ ਸਮਾਰਕ' ਸਾਰੀਆਂ ਸਰਕਾਰਾਂ ਦੀ ਅਣਦੇਖੀ ਦਾ ਸ਼ਿਕਾਰ ਰਿਹਾ ਹੈ। ਪਿੰਡ ਵਾਸੀ ਆਪਣੇ ਪੱਧਰ 'ਤੇ ਜਿੰਨਾ ਹੋ ਸਕਦਾ ਹੈ ਉਸ ਦੀ ਦੇਖ-ਰੇਖ ਤੇ ਸਾਂਭ ਸੰਭਾਲ ਕਰਦੇ ਹਨ ਪਰ ਸਰਕਾਰਾਂ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਗਿਆ। ਉਥੋਂ ਦੀ ਗ੍ਰਾਮ ਪੰਚਾਇਤ ਪਿੰਡ ਵਾਸੀਆਂ ਅਤੇ ਐਨ.ਆਰ.ਆਈਜ਼. ਵੱਲੋਂ ਸਮੇਂ-ਸਮੇਂ ਤੇ ਸਰਕਾਰਾਂ ਅਤੇ ਅਧਿਕਾਰੀਆਂ ਕੋਲ ਇਸ ਪਾਸੇ ਧਿਆਨ ਦੇਣ ਅਤੇ ਸ਼ਹੀਦ ਦਾ ਜਨਮ ਦਿਨ ਮੋਰਾਂਵਾਲੀ ਵਿਖੇ ਵੀ ਸਰਕਾਰੀ ਪੱਧਰ 'ਤੇ ਮਨਾਉਣ ਦੀ ਮੰਗ ਰੱਖੀ ਪਰ ਕੋਈ ਅਸਰ ਨਾ ਹੋਇਆ। ਮੈਂ ਵੀ ਆਪਣੇ ਪੱਧਰ ਤੇ ਪੰਜਾਬ ਸਰਕਾਰ ਅਤੇ ਸੰਬੰਧਿਤ ਅਧਿਕਾਰੀਆਂ ਦੇ ਧਿਆਨ ਵਿੱਚ ਇਹ ਮਾਮਲਾ ਲਿਆਂਦਾ ।
28 ਸਤੰਬਰ 2023 ਨੂੰ ਕੁਝ ਅਫਸਰ ਪਿੰਡ ਮੋਰਾਵਾਲੀ ਦੇ ਸਬੰਧਤ ਲੋਕਾਂ ਨੂੰ ਕਹਿੰਦੇ ਹਨ ਕਿ ਤੁਸੀਂ ਗੜਸ਼ੰਕਰ ਦੇ ਮੌਜੂਦਾ ਸੱਤਾਧਾਰੀ 'ਨੇਤਾ ਜੀ' ਨੂੰ ਸਮਾਰਕ 'ਤੇ ਬੁਲਾਓ। ਪਤਾ ਨਹੀਂ ਸੱਚ ਹੈ ਜਾਂ ਝੂਠ ਪਰ ਸੁਣਨ ਵਿੱਚ ਇਹ ਗੱਲ ਆਉਂਦੀ ਹੈ ਕਿ ਇਸ ਨੇਤਾ ਜੀ ਨੂੰ ਮੋਰਾਂਵਾਲੀ ਪਿੰਡ ਵਿੱਚ ਸਭ ਤੋਂ ਘੱਟ ਵੋਟਾਂ ਪਈਆਂ ਸਨ ਇਸ ਕਰਕੇ ਉਹਨਾਂ ਦੀ 'ਮਿਹਰ ਭਰੀ' ਨਜ਼ਰ ਇਸ ਪਿੰਡ ਵੱਲ ਨਹੀਂ ਜਾਂਦੀ। ਸੋ ਅਫਸਰਾਂ ਦੀ ਵਿਚੋਲਗੀ ਨਾਲ 'ਨੇਤਾ ਜੀ' ਸ਼ਹੀਦ ਭਗਤ ਸਿੰਘ ਦੇ ਜਨਮ ਦਿਨ 'ਤੇ ਮੋਰਾਂਵਾਲੀ ਪਹੁੰਚ ਗਏ। ਸਮਾਗਮ ਵਿੱਚ ਪਿੰਡ ਵਾਸੀਆਂ ਵੱਲੋਂ ਗਿਲਾ ਸ਼ਿਕਵਾ ਕੀਤਾ ਗਿਆ ਕਿ ਸਾਡੀ ਨਾ ਤਾਂ 'ਨੇਤਾ ਜੀ' ਸੁਣਦੇ ਹਨ ਤੇ ਨਾ ਹੀ ਬੀ.ਡੀ.ਪੀ.ਓ. ਦਫਤਰ ਸੁਣਵਾਈ ਹੁੰਦੀ ਹੈ। ਇਹ ਗੱਲ 'ਨੇਤਾ ਜੀ' ਅਤੇ ਅਫਸਰਾਂ ਨੂੰ ਇੰਨੀ ਸੁਣੀ ਕਿ ਉਹ ਹੁਣ ਹੋਰ ਕੁਝ ਨਹੀਂ ਸੁਣਦੇ। ਪਤਾ ਨਹੀਂ 28 ਸਤੰਬਰ 2023 ਦਾ ਦਿਨ ਉਹਨਾਂ ਲਈ ਕਿੰਨਾ ਔਖਾ ਲੰਘਿਆ ਹੋਵੇਗਾ ।ਅਗਲੇ ਦਿਨ 29 ਸਤੰਬਰ 2023 ਨੂੰ ਬੀਡੀਪੀਓ ਦਫਤਰ ਪਿੰਡ ਦੇ ਕੁਝ ਪੰਚਾਂ ਦਾ ਬਿਆਨ ਲੈ ਕੇ ਡੀਡੀਪੀਓ ਹੁਸ਼ਿਆਰਪੁਰ ਨੂੰ ਸਿਫਾਰਿਸ਼ ਕਰਦਾ ਹੈ ਕਿ ਇਸ ਪਿੰਡ ਵਿੱਚ ਕੋਰਮ ਪੂਰਾ ਨਹੀਂ ਹੈ ਇੱਥੇ ਪ੍ਰਬੰਧਕ ਲਗਾ ਦਿੱਤਾ ਜਾਵੇ। ਉਸੇ ਹੀ ਦਿਨ 29 ਸਤੰਬਰ ਨੂੰ (ਕੰਮ ਕਰਨ ਦੀ ਸਪੀਡ ਦੇਖੋ ਕਿੰਨੀ ਤੇਜ਼ ਹੈ) ਡੀ.ਡੀ.ਪੀ.ਓ. ਮੋਰਾਂਵਾਲੀ ਦੇ ਸਮੂਹ ਪੰਚਾਇਤ ਮੈਂਬਰਾਂ ਨੂੰ ਹਾਜ਼ਰ ਹੋਣ ਲਈ ਪੱਤਰ ਲਿਖ ਦਿੰਦਾ ਹੈ। ਡੀ.ਡੀ.ਪੀ.ਓ. ਨੇ ਪੰਚਾਇਤ ਮੈਂਬਰਾਂ ਦੇ ਜੋ ਬਿਆਨ ਲਏ ਉਸ ਵਿੱਚ ਵੀ ਇਹ ਸਾਬਤ ਹੁੰਦਾ ਹੈ ਕਿ ਪੰਚਾਇਤ ਦਾ ਕੋਰਮ ਪੂਰਾ ਹੈ ਪਰ ਇਸ ਦੇ ਬਾਵਜੂਦ ਉਹ ਬੀ.ਡੀ.ਪੀ.ਓ. ਨੂੰ ਪੱਤਰ ਕੱਢ ਦਿੱਤਾ ਕਿ ਪੰਚਾਇਤ ਦਾ ਕੋਰਮ ਪੂਰਾ ਨਹੀਂ ਹੈ ਇਸ ਕਰਕੇ ਇੱਥੇ ਪ੍ਰਬੰਧਕ ਲਗਾਇਆ ਜਾਵੇ। .. ਤੇ ਬੀ.ਡੀ.ਪੀ.ਓ. ਨੇ ਪੰਚਾਇਤ ਦਾ ਕੋਰਮ ਪੂਰਾ ਹੋਣ ਦੇ ਬਾਵਜੂਦ ਉਥੇ ਪ੍ਰਬੰਧਕ ਲਗਾ ਦਿੱਤਾ। ਅਗਲੇ ਦਿਨ ਸਾਰੇ ਪੰਚ ਮਤਾ ਪਾ ਕੇ ਬੀ.ਡੀ.ਪੀ.ਓ. ਅਤੇ ਡੀ.ਡੀ.ਪੀ.ਓ. ਨੂੰ ਦਿੰਦੇ ਹਨ ਕਿ ਅਸੀਂ ਸਾਰੇ ਸਹਿਮਤ ਹਾਂ,…. ਪਿੰਡ ਦੇ ਵਿਕਾਸ ਦੇ ਕੰਮ ਕਰਨਾ ਚਾਹੁੰਦੇ ਹਾਂ.... ਸਾਡੇ ਵਿੱਚ ਕੋਈ ਗਿਲਾ ਸ਼ਿਕਵਾ ਨਹੀਂ ਹੈ ... ਪੰਚਾਇਤ ਦਾ ਕੋਰਮ ਪੂਰਾ ਹੈ । - ਇਸ ਦੇ ਬਾਵਜੂਦ ਉਥੋਂ ਦੀ ਪੰਚਾਇਤ ਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ। ਪੰਚਾਇਤ ਵਲੋਂ ਤਿੰਨ ਮਤੇ ਪਾ ਕੇ ਮੰਗ ਕੀਤੀ ਜਾ ਚੁੱਕੀ ਹੈ ਕਿ ਸਾਨੂੰ ਕੰਮ ਕਰਨ ਦੀ ਆਗਿਆ ਦਿੱਤੀ ਜਾਵੇ ਪਰ ਪੰਚਾਇਤ ਵਿਭਾਗ ਦੇ ਅਧਿਕਾਰੀ ਨਾਂ ਤਾਂ ਉਥੇ ਪੰਚਾਇਤ ਨੂੰ ਕੰਮ ਕਰਨ ਦੇ ਰਹੇ ਹਨ ਤੇ ਨਾ ਹੀ ਪ੍ਰਬੰਧਕ ਦੁਆਰਾ ਕੋਈ ਕੰਮ ਕਰਵਾ ਰਹੇ ਹਨ।
28 ਸਤੰਬਰ 2023 ਨੂੰ ਹੀ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੇ ਖਟਕੜ ਕਲਾਂ ਵਿਖੇ ਬਿਆਨ ਦਿੱਤਾ ਸੀ ਕਿ ਅਸੀਂ ਮੋਰਾਂਵਾਲੀ ਪਿੰਡ ਨੂੰ ਅਜਿਹਾ ਬਣਾਵਾਂਗੇ ਕਿ ਲੋਕ ਦੂਰੋਂ ਦੂਰੋਂ ਦੇਖਣ ਆਇਆ ਕਰਨਗੇ। ਬਿਲਕੁਲ ਭਗਵੰਤ ਮਾਨ ਜੀ ਨੇ ਸਹੀ ਕਿਹਾ! ਲੋਕ 'ਮਾਤਾ ਵਿਦਿਆਵਤੀ ਸਮਾਰਕ' ਦੇ ਨਾਲ ਨਾਲ ਹੁਣ ਇੱਥੋਂ ਦੀਆਂ ਟੁੱਟੀਆਂ ਸੜਕਾਂ ਵੀ ਦੇਖ ਰਹੇ ਹਨ ਤੇ ਭਵਿੱਖ ਵਿੱਚ ਇਹ ਵੀ ਦੇਖਣ ਆਇਆ ਕਰਨਗੇ ਕਿ ਗੜਸ਼ੰਕਰੀ 'ਨੇਤਾ ਜੀ' ਨੂੰ ਖੁਸ਼ ਕਰਨ ਲਈ ਪੰਚਾਇਤ ਵਿਭਾਗ ਨੇ ਉਥੇ ਵਿਕਾਸ ਦੇ ਕੰਮ ਕਿਉਂ ਰੋਕ ਦਿੱਤੇ ਸਨ ? ਤੇ ਸੀਨੀਅਰ ਅਧਿਕਾਰੀ ਤੇ ਸੱਤਾਧਾਰੀ ਚੁੱਪ ਕਿਉਂ ਬੈਠੇ ਰਹੇ ਸਨ ?
