ਵੈਟਨਰੀ ਯੂਨੀਵਰਸਿਟੀ ਵਿਖੇ ਲਗਾਇਆ ਗਿਆ ਖੂਨਦਾਨ ਕੈਂਪ

ਲੁਧਿਆਣਾ 09 ਜਨਵਰੀ 2024 - ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਕਾਰਜਸ਼ੀਲ ਇਕਾਈ ਵੱਲੋਂ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਸਹਿਯੋਗ ਨਾਲ ਛੋਟੇ ਸਾਹਿਬਜ਼ਾਦਿਆਂ ਬਾਬਾ ਫ਼ਤਹਿ ਸਿੰਘ ਅਤੇ ਬਾਬਾ ਜ਼ੋਰਾਵਰ ਸਿੰਘ ਦੀ ਲਾਸਾਨੀ ਸ਼ਹੀਦੀ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ ਗਿਆ।

ਲੁਧਿਆਣਾ 09 ਜਨਵਰੀ 2024 - ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਕਾਰਜਸ਼ੀਲ ਇਕਾਈ ਵੱਲੋਂ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਸਹਿਯੋਗ ਨਾਲ ਛੋਟੇ ਸਾਹਿਬਜ਼ਾਦਿਆਂ ਬਾਬਾ ਫ਼ਤਹਿ ਸਿੰਘ ਅਤੇ ਬਾਬਾ ਜ਼ੋਰਾਵਰ ਸਿੰਘ ਦੀ ਲਾਸਾਨੀ ਸ਼ਹੀਦੀ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ ਵਿਭਿੰਨ ਕਾਲਜਾਂ ਦੇ 80 ਵਿਦਿਆਰਥੀਆਂ, ਅਧਿਆਪਕਾਂ ਅਤੇ ਕਰਮਚਾਰੀਆਂ ਨੇ ਖੂਨਦਾਨ ਕੀਤਾ। ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਇਸ ਕੈਂਪ ਦਾ ਉਦਘਾਟਨ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦਾ ਖੂਨਦਾਨ ਕੈਂਪ ਲਗਾ ਕੇ ਅਸੀਂ ਮਹਾਨ ਸ਼ਹੀਦਾਂ ਦੇ ਮਨੁੱਖੀ ਸੇਵਾ ਦੇ ਜਜ਼ਬੇ ਨੂੰ ਸਮਾਜ ਵਿਚ ਲੈ ਕੇ ਜਾ ਰਹੇ ਹਾਂ। ਉਨ੍ਹਾਂ ਕਿਹਾ ਕਿ ਧਰਮ, ਜਾਤ ਅਤੇ ਵਿਤਕਰਿਆਂ ਤੋਂ ਉਪਰ ਉੱਠ ਕੇ ਖੂਨਦਾਨ ਇਕ ਬਹੁਤ ਵੱਡੀ ਸੇਵਾ ਹੈ। ਉਨ੍ਹਾਂ ਨੇ ਖੂਨਦਾਨ ਕਰਨ ਵਾਲੇ ਸਵੈ-ਸੇਵਕਾਂ ਦੀ ਪ੍ਰਸੰਸਾ ਕੀਤੀ ਕਿ ਉਹ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਅਤੇ ਦਯਾਨੰਦ ਮੈਡੀਕਲ ਕਾਲਜ ਦੇ ਸਹਿਯੋਗ ਨਾਲ ਇਹ ਮਹੱਤਵਪੂਰਨ ਕਾਰਜ ਕਰ ਰਹੇ ਹਨ। ਕਿਸੇ ਵੀ ਮਰੀਜ਼ ਵਾਸਤੇ ਲੋੜ ਪੈਣ `ਤੇ ਖੂਨ ਦਾ ਕੋਈ ਹੋਰ ਵਿਕਲਪ ਨਹੀਂ ਹੁੰਦਾ ਉਦੋਂ ਇਹ ਦਾਨ ਕੀਤਾ ਖੂਨ ਮਨੁੱਖ ਲਈ ਜੀਵਨਦਾਇਕ ਬਣ ਜਾਂਦਾ ਹੈ। ਉਨ੍ਹਾਂ ਇਸ ਗੱਲ ਲਈ ਵੀ ਪ੍ਰੇਰਿਆ ਕਿ ਸਾਨੂੰ ਹਰ ਵਰ੍ਹੇ ਇਹ ਕੈਂਪ ਲਾਉਣਾ ਚਾਹੀਦਾ ਹੈ।
ਡਾ. ਸਰਵਪ੍ਰੀਤ ਸਿੰਘ ਘੁੰਮਣ, ਨਿਰਦੇਸ਼ਕ ਵਿਦਿਆਰਥੀ ਭਲਾਈ ਨੇ ਖੂਨਦਾਨੀਆਂ ਨੂੰ ਜੀਵਨ ਦੇ ਅਸਲ ਨਾਇਕਾਂ ਦੇ ਤੌਰ `ਤੇ ਸਥਾਪਿਤ ਕੀਤਾ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਵੈਟਨਰੀ ਯੂਨੀਵਰਸਿਟੀ ਇਕਾਈ ਦੇ ਪ੍ਰਧਾਨ, ਡਾ. ਜਸਪਾਲ ਸਿਘ ਹੁੰਦਲ ਅਤੇ ਜਨਰਲ ਸਕੱਤਰ ਡਾ. ਪ੍ਰਬਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਇਸ ਗੱਲ ਲਈ ਪ੍ਰੇਰਿਤ ਕੀਤਾ ਕਿ ਉਹ ਆਪਣੀ ਊਰਜਾ ਅਜਿਹੇ ਸਕਾਰਾਤਮਕ ਕਾਰਜਾਂ ਵਾਸਤੇ ਵਰਤਣ। ਇਸ ਇਕਾਈ ਦੇ ਵਿਦਿਆਰਥੀ ਵਲੰਟੀਅਰਾਂ ਜੁਝਾਰ ਸਿੰਘ, ਸਹਿਜਬੀਰ ਸਿੰਘ, ਲਗਨ ਵਰਮਾ ਅਤੇ ਸਿਮਰਨਜੀਤ ਕੌਰ ਨੇ ਜਿਥੇ ਆਪ ਇਸ ਵੱਡਮੁੱਲੀ ਸੇਵਾ ਵਿਚ ਯੋਗਦਾਨ ਦਿੱਤਾ ਉਥੇ ਹੋਰ ਵਿਦਿਆਰਥੀਆਂ ਨੂੰ ਵੀ ਪ੍ਰੇਰਿਆ। 
ਦਯਾਨੰਦ ਮੈਡੀਕਲ ਕਾਲਜ ਦੇ ਡਾ. ਜੈਨਤ ਮੈਰੀ ਜੋਨ੍ਹ ਅਤੇ ਡਾ. ਸ਼੍ਰੀਆ ਠਕੁਰਾਲ ਦੀ ਨਿਗਰਾਨੀ ਵਿਚ ਟੀਮ ਨੇ ਇਹ ਕੈਂਪ ਸੰਪੂਰਨ ਕੀਤਾ। ਉਨ੍ਹਾਂ ਦੱਸਿਆ ਕਿ ਖੂਨਦਾਨ ਕਰਨ ਨਾਲ ਸਾਡੀ ਸਿਹਤ ਚੰਗੀ ਰਹਿੰਦੀ ਹੈ ਅਤੇ ਅਸੀਂ ਬੁਢਾਪੇ ਦੇ ਕਈ ਪ੍ਰਭਾਵਾਂ ਤੋਂ ਵੀ ਬਚਦੇ ਹਾਂ। ਇਸ ਮੌਕੇ `ਤੇ ਯੂਨੀਵਰਸਿਟੀ ਦੇ ਅਧਿਕਾਰੀ, ਵਿਦਿਆਰਥੀ ਅਤੇ ਅਧਿਆਪਕ, ਵੱਡੀ ਗਿਣਤੀ ਵਿਚ ਪਹੁੰਚੇ ਹੋਏ ਸਨ।