ਕਿਰਤੀ ਕਿਸਾਨ ਯੂਨੀਅਨ ਵਲੋਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਉੱਤੇ ਵਿਚਾਰ-ਚਰਚਾ ਆਯੋਜਿਤ

ਨਵਾਂਸ਼ਹਿਰ - ਲਾਸਾਨੀ ਕੁਰਬਾਨੀ ਦੇ ਚਿੰਨ੍ਹ ਮਹਾਨ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਦੇ ਸ਼ਹਾਦਤ ਦਿਵਸ ਨੂੰ ਰਸਮ ਦੇ ਤੌਰ ’ਤੇ ਮਨਾਉਣ ਦੀ ਬਜਾਏ ਕਿਰਤੀ ਕਿਸਾਨ ਯੂਨੀਅਨ ਪਿੰਡ ਉੜਾਪੜ ਵਲੋਂ ਇਨ੍ਹਾਂ ਇਤਿਹਾਸਕ ਸ਼ਹਾਦਤਾਂ ਨੂੰ ਸਮਰਪਿਤ ਸੈਮੀਨਾਰ ਆਯੋਜਿਤ ਕਰਕੇ ਵਿਚਾਰ ਚਰਚਾ ਕਰਵਾਈ ਗਈ ਜਿਸ ਵਿਚ ਪਿੰਡ ਦੀਆਂ ਔਰਤਾਂ, ਕਿਸਾਨਾਂ ਅਤੇ ਹੋਰ ਪਿੰਡ ਵਾਸੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ।

ਨਵਾਂਸ਼ਹਿਰ - ਲਾਸਾਨੀ ਕੁਰਬਾਨੀ ਦੇ ਚਿੰਨ੍ਹ ਮਹਾਨ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਦੇ ਸ਼ਹਾਦਤ ਦਿਵਸ ਨੂੰ ਰਸਮ ਦੇ ਤੌਰ ’ਤੇ ਮਨਾਉਣ ਦੀ ਬਜਾਏ ਕਿਰਤੀ ਕਿਸਾਨ ਯੂਨੀਅਨ ਪਿੰਡ ਉੜਾਪੜ ਵਲੋਂ ਇਨ੍ਹਾਂ ਇਤਿਹਾਸਕ ਸ਼ਹਾਦਤਾਂ ਨੂੰ ਸਮਰਪਿਤ ਸੈਮੀਨਾਰ ਆਯੋਜਿਤ ਕਰਕੇ ਵਿਚਾਰ ਚਰਚਾ ਕਰਵਾਈ ਗਈ ਜਿਸ ਵਿਚ ਪਿੰਡ ਦੀਆਂ ਔਰਤਾਂ, ਕਿਸਾਨਾਂ ਅਤੇ ਹੋਰ ਪਿੰਡ ਵਾਸੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ।
ਇਸ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਐਡਵੋਕੇਟ ਦਲਜੀਤ ਸਿੰਘ, ਬੂਟਾ ਸਿੰਘ ਮਹਿਮੂਦਪੁਰ, ਢਾਡੀ ਗੁਰਦੀਪ ਸਿੰਘ ਅਤੇ ਮਾਸਟਰ ਨਰਿੰਦਰ ਸਿੰਘ ਨੇ ਕਿਹਾ ਕਿ ਇਤਿਹਾਸਕ ਸਿੱਖ ਜੱਦੋਜਹਿਦ ਕਿਸੇ ਖ਼ਾਸ ਧਰਮ ਜਾਂ ਧਾਰਮਿਕ ਫਿਰਕੇ ਵਿਰੁੱਧ ਨਾ ਹੋ ਕੇ ਜਬਰ-ਜ਼ੁਲਮ, ਬੇਇਨਸਾਫ਼ੀ ਅਤੇ ਨਿਰੰਕੁਸ਼ ਸੱਤਾ ਦੀਆਂ ਮਨਮਾਨੀਆਂ ਵਿਰੁੱਧ ਹੱਕ, ਸੱਚ ਅਤੇ ਇਨਸਾਫ਼ ਦੀ ਜੱਦੋਜਹਿਦ ਸੀ। ਜਿਸ ਦੇ ਪਿੱਛੇ ਜਾਤਪਾਤ ਅਤੇ ਹਰ ਤਰ੍ਹਾਂ ਦੀ ਨਾਬਰਾਬਰੀ ਨੂੰ ਖ਼ਤਮ ਕਰਕੇ ਸਾਂਝੀਵਾਲਤਾ ਅਤੇ ਬਰਾਬਰੀ ’ਤੇ ਆਧਾਰਿਤ, ਭੈਅਮੁਕਤ ਲੋਕਪੱਖੀ ਸਮਾਜ ਸਿਰਜਣ ਦੀ ਵਿਚਾਰਧਾਰਾ ਹੈ। ਜਿਸ ਦਾ ਨਿਚੋੜ ਮਨੁੱਖੀ ਹੱਕਾਂ ਅਤੇ ਮਨੁੱਖੀ ਮਾਣ-ਸਨਮਾਨ ਦੀ ਰਾਖੀ ਲਈ ਜੱਦੋਜਹਿਦ ਹੈ। ਗੁਰੂ ਸਾਹਿਬਾਨ ਨੇ ਵਿਚਾਰਧਾਰਕ, ਸਮਾਜਿਕ ਅਤੇ ਰਾਜਨੀਤਕ ਰੂਪ ’ਚ ਸਮੇਂ ਦੇ ਹੁਕਮਰਾਨਾਂ ਅਤੇ ਲੋਕਾਂ ਨੂੰ ਮਾਨਸਿਕ ਗ਼ੁਲਾਮੀ ’ਚ ਜਕੜਨ ਵਾਲੀਆਂ ਹੋਰ ਪਿਛਾਖੜੀ ਤਾਕਤਾਂ ਵਿਰੁੱਧ ਸਮੇਂ ਦੀ ਜ਼ਰੂਰਤ ਅਨੁਸਾਰ ਸ਼ਾਂਤਮਈ ਅਤੇ ਹਥਿਆਰਬੰਦ ਲੜਾਈ ਲੜਕੇ ਸ਼ਹਾਦਤਾਂ ਅਤੇ ਕੁਰਬਾਨੀਆਂ ਦਾ ਇਤਿਹਾਸ ਰਚਿਆ। ਹਾਕਮ ਜਮਾਤਾਂ ਅਤੇ ਧਾਰਮਿਕ ਰੂੜ੍ਹੀਵਾਦੀ ਤਾਕਤਾਂ ਸ਼ਹਾਦਤਾਂ ਦਾ ਰਸਮੀਂ ਗੁਣਗਾਣ ਕਰਕੇ ਆਮ ਲੋਕਾਈ ਨੂੰ ਇਸ ਸ਼ਾਨਾਮੱਤੇ ਇਤਿਹਾਸ ਦੀ ਅਸਲ ਪ੍ਰੇਰਨਾ ਤੋਂ ਦੂਰ ਰੱਖਦੀਆਂ ਹਨ। ਜਦਕਿ ਸਮਾਜ ਦੇ ਹਿੱਤਾਂ ਅਤੇ ਸਮੇਂ ਦੀ ਮੰਗ ਇਹ ਹੈ ਕਿ ਕੁਰਬਾਨੀਆਂ ਅਤੇ ਸ਼ਹਾਦਤਾਂ ਦੇ ਇਤਿਹਾਸ ਉੱਪਰ ਉਸਾਰੂ ਚਰਚਾ ਕਰਕੇ ਉਸ ਲੰਮੇ ਸੰਘਰਸ਼ ਦੀ ਅਸਲ ਭਾਵਨਾ ਨੂੰ ਆਤਮਸਾਤ ਕੀਤਾ ਜਾਵੇ ਅਤੇ ਇਤਿਹਾਸਕ ਘਟਨਾਵਾਂ ਦੇ ਨਿਚੋੜ ਨੂੰ ਬਦੀ ਦੀਆਂ ਅਜੋਕੀਆਂ ਤਾਕਤਾਂ ਵਿਰੁੱਧ ਸੰਘਰਸ਼ ਦੀ ਪ੍ਰੇਰਨਾ ਬਣਾਇਆ ਜਾਵੇ। ਬੁਲਾਰਿਆਂ ਨੇ ਕਿਹਾ ਕਿ ਅੱਜ ਪੂਰੀ ਦੁਨੀਆ ਅਤੇ ਸਾਡੇ ਆਪਣੇ ਦੇਸ਼ ਵਿਚ ਲੋਟੂ ਨਿਜ਼ਾਮ ਦੀਆਂ ਹਾਕਮ ਜਮਾਤਾਂ ਮਨੁੱਖੀ ਹੱਕਾਂ ਦਾ  ਘਾਣ ਕਰ ਰਹੀਆਂ ਹਨ। ਜਿਸ ਦੀਆਂ ਵੱਡੀਆਂ ਮਿਸਾਲਾਂ ਫ਼ਲਸਤੀਨ, ਕਸ਼ਮੀਰ, ਮਨੀਪੁਰ ਅਤੇ ਭਾਰਤ ਦੇ ਆਦਿਵਾਸੀ ਇਲਾਕਿਆਂ ’ਚ ਲੋਟੂ ਤੇ ਧਾੜਵੀ ਹਿੱਤਾਂ ਲਈ ਕੀਤੀ ਜਾ ਰਹੀ ਨਸਲਕੁਸ਼ੀ, ਔਰਤਾਂ ਵਿਰੁੱਧ ਜਿਨਸੀ ਹਿੰਸਾ ਅਤੇ ਕਤਲੇਆਮ ਹਨ। ਭਾਰਤ ਵਿਚ ਅੱਜ ਘੱਟਗਿਣਤੀਆਂ ਅਤੇ ਹੋਰ ਦੱਬੇਕੁਚਲੇ ਤੇ ਕਿਰਤੀ ਲੋਕ ਭਾਜਪਾ ਹਕੂਮਤ ਦੇ ਜਬਰ ਦੀ ਚੱਕੀ ’ਚ ਪਿਸ ਰਹੇ ਹਨ। ਬੁਲਾਰਿਆਂ ਨੇ ਕਿਹਾ ਕਿ ਅੱਜ ਦੁਨੀਆ ’ਚ ਜਿੱਥੇ ਕਿਤੇ ਵੀ ਮਨੁੱਖੀ ਹੱਕਾਂ ਦਾ ਘਾਣ ਹੋ ਰਿਹਾ ਹੈ, ਉਸ ਵਿਰੁੱਧ ਆਵਾਜ਼ ਉਠਾਉਣਾ ਅਤੇ ਮਜ਼ਲੂਮ ਧਿਰ ਨਾਲ ਖੜ੍ਹਨਾ ਹੀ ਸਾਹਿਬਜ਼ਾਦਿਆਂ ਅਤੇ ਹੋਰ ਸ਼ਹੀਦਾਂ ਦੀ ਸ਼ਹਾਦਤ ਨੂੰ ਸੱਚੇ ਅਰਥਾਂ ’ਚ ਯਾਦ ਕਰਨਾ ਹੈ।
ਇਸ ਮੌਕੇ ਸਰਵਸੰਮਤੀ ਨਾਲ ਮਤੇ ਪਾਸ ਕਰਕੇ ਮੰਗ ਕੀਤੀ ਗਈ ਕਿ ਬਿਨਾਂ ਮੁਕੱਦਮਾ ਚਲਾਏ ਝੂਠੇ ਕੇਸਾਂ ਤਹਿਤ ਜੇਲ੍ਹਾਂ ’ਚ ਡੱਕੇ ਬੁੱਧੀਜੀਵੀਆਂ ਅਤੇ ਸਿਆਸੀ ਕੈਦੀਆਂ ਤੇ ਸਜ਼ਾ ਪੂਰੀ ਕਰ ਚੁੱਕੇ ਸਿੱਖ ਕੈਦੀਆਂ ਸਮੇਤ ਸਾਰੇ ਹੀ ਕੈਦੀਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਇਕ ਹੋਰ ਮਤੇ ਰਾਹੀਂ ਮੰਗ ਕੀਤੀ ਗਈ ਕਿ ਝੂਠੇ ਪੁਲਸ ਮੁਕਾਬਲਿਆਂ ਰਾਹੀਂ ਗ਼ੈਰਅਦਾਲਤੀ ਹੱਤਿਆਵਾਂ ਦਾ ਸਿਲਸਿਲਾ ਬੰਦ ਕੀਤਾ ਜਾਵੇ ਅਤੇ ਗੈਂਗਸਟਰਾਂ ਦੇ ਮੁਕਾਬਲਿਆਂ ਦੀ ਜਾਂਚ ਹਾਈਕੋਰਟ ਦੇ ਜੱਜ ਤੋਂ ਕਰਵਾਈ ਜਾਵੇ।
ਸਮਾਗਮ ਵਿਚ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਕਰਨੈਲ ਸਿੰਘ ਉੜਾਪੜ, ਬਲਦੇਵ ਸਿੰਘ ਉੜਾਪੜ, ਸਰਿੰਦਰ ਸਿੰਘ ਸਰਪੰਚ, ਮੋਹਣ ਸਿੰਘ ਪੰਚ, ਸਤਨਾਮ ਸਿੰਘ , ਦਰਸ਼ਣ ਸਿੰਘ, ਪਰਮਜੀਤ ਸਿੰਘ ਬਡਵਾਲ( ਯੂ ਕੇ)  ਸਮੇਤ ਬਹੁਤ ਸਾਰੀਆਂ ਸ਼ਖ਼ਸੀਅਤਾਂ ਹਾਜ਼ਰ ਸਨ।