
ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਪਿੰਡ ਆਲੋਵਾਲ ਵਿਖੇ ‘ਕੁਦਰਤੀ ਖੇਤੀ’ ਸਿਖਲਾਈ ਦਾ ਆਯੋਜਨ
ਨਵਾਂਸ਼ਹਿਰ - ਕ੍ਰਿਸ਼ੀ ਵਿਗਿਆਨ ਕੇਂਦਰ ਲੰਗੜੋਆ ਵੱਲੋਂ ਬੀਤੇ ਦਿਨੀਂ ਪਿੰਡ ਆਲੋਵਾਲ ਵਿਖੇ ‘ਕੁਦਰਤੀ ਖੇਤੀ’ ਬਾਬਤ ਦੋ ਦਿਨਾਂ ਸਿਖਲਾਈ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ 40 ਕਿਸਾਨਾਂ ਅਤੇ ਕਿਸਾਨ ਬੀਬੀਆਂ ਨੇ ਹਿੱਸਾ ਲਿਆ।
ਨਵਾਂਸ਼ਹਿਰ - ਕ੍ਰਿਸ਼ੀ ਵਿਗਿਆਨ ਕੇਂਦਰ ਲੰਗੜੋਆ ਵੱਲੋਂ ਬੀਤੇ ਦਿਨੀਂ ਪਿੰਡ ਆਲੋਵਾਲ ਵਿਖੇ ‘ਕੁਦਰਤੀ ਖੇਤੀ’ ਬਾਬਤ ਦੋ ਦਿਨਾਂ ਸਿਖਲਾਈ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ 40 ਕਿਸਾਨਾਂ ਅਤੇ ਕਿਸਾਨ ਬੀਬੀਆਂ ਨੇ ਹਿੱਸਾ ਲਿਆ।
ਸਿਖਲਾਈ ਦੇ ਪਹਿਲੇ ਦਿਨ ਡਿਮਾਨਸਟ੍ਰੇਟਰ (ਗ੍ਰਹਿ ਵਿਗਿਆਨ) ਰੇਨੂ ਬਾਲਾ ਨੇ ਕਿਸਾਨ ਵੀਰਾਂ ਅਤੇ ਬੀਬੀਆਂ ਦਾ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਨਿੱਘਾ ਸੁਆਗਤ ਕੀਤਾ। ਉਨ੍ਹਾਂ ਨੇ ਸਿਖਿਆਰਥੀਆਂ ਨੂੰ ਕੇ. ਵੀ. ਕੇ. ਵਿਖੇ ‘ਕੁਦਰਤੀ ਖੇਤੀ’ਸਬੰਧੀ ਹੋ ਰਹੀਆਂ ਗਤੀਵਿਧੀਆਂ ਬਾਰੇ ਜਾਣੂੰ ਕਰਵਾਇਆ। ਰੇਨੂ ਬਾਲਾ ਨੇ ਕੇ.ਵੀ.ਕੇ. ਵੱਲੋਂ ਆਯੋਜਿਤ ਕੀਤੇ ਜਾ ਰਹੇ ਵੱਖ-ਵੱਖ ਕਿੱਤਾ ਮੁੱਖੀ ਸਿਖਲਾਈ ਕੋਰਸਾਂ ਬਾਰੇ ਵੀ ਦੱਸਿਆ ਤੇ ਨਾਲ ਹੀ ਖੇਤੀ ਸਹਾਇਕ ਧੰਦਿਆਂ ਨੂੰ ਅਪਣਾਉਣ ਲਈ ਵੀ ਪ੍ਰੇਰਿਤ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਸਵੈ-ਸਹਾਇਤਾ ਸਮੂਹਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਬਾਰੇ ਵੀ ਚਾਨਣਾ ਪਾਇਆ।
ਸਿਖਲਾਈ ਦੌਰਾਨ ਸਹਾਇਕ ਪ੍ਰੋਫੈਸਰ (ਸਬਜੀ ਵਿਗਿਆਨ) ਡਾ. ਆਰਤੀ ਵਰਮਾ ਨੇ ਪਹੁੰਚੇ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੂੰ ਅੱਜ ਦੇ ਸਮੇਂ ਵਿੱਚ ‘ਕੁਦਰਤੀ ਖੇਤੀ’ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਉਨ੍ਹਾਂ ਨੇ ਦੱਸਿਆ ਕਿ ਕੇ.ਵੀ.ਕੇ. ਵੱਲੋਂ ਜ਼ਿਲ੍ਹੇ ਵਿੱਚ ਕੁਦਰਤੀ ਖੇਤੀ ਸਬੰਧੀ ਜਾਗਰੁਕਤਾ ਕੈਂਪ, ਸਿਖਲਾਈ ਅਤੇ ਪ੍ਰਦਰਸ਼ਨੀਆਂ ਆਯੋਜਿਤ ਕੀਤੀਆਂ ਜਾ ਰਹੀਆਂ ਹਨ। ਡਾ. ਆਰਤੀ ਨੇ ਕੁਦਰਤੀ ਖੇਤੀ ਦੁਆਰਾ ਤਿਆਰ ਫਲ ਅਤੇ ਸਬਜੀਆਂ ਦੀ ਪੌਸ਼ਟਿਕਤਾ ਬਾਰੇ ਵੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕੀਤੀ ਅਤੇ ਸਰਦੀ ਦੀਆਂ ਸਬਜ਼ੀਆਂ ਤੇ ਖੁੰਬਾਂ ਦੀ ਸਫਲ ਕਾਸ਼ਤ ਬਾਰੇ ਵੀ ਦੱਸਿਆ।
ਸਿਖਲਾਈ ਦੇ ਦੂਜੇ ਦਿਨ, ਕ੍ਰਿਸ਼ੀ ਵਿਗਿਆਨ ਕੇਂਦਰ ਦੇ ਸਹਾਇਕ ਪ੍ਰੋਫੈਸਰ (ਕੀਟ ਵਿਗਿਆਨ), ਡਾ. ਬਲਜੀਤ ਸਿੰਘ ਨੇ ਕੁਦਰਤੀ ਖੇਤੀ ਦੇ ਜਰੂਰੀ ਨੁਕਤੇ ਤੇ ਪਹਿਲੂਆਂ ਬਾਰੇ ਦੱਸਿਆ।ਉਹਨਾਂ ਨੇ ਕੁਦਰਤੀ ਤਰੀਕਿਆਂ ਨਾਲ ਕੀੜਿਆਂ ਅਤੇ ਬਿਮਾਰੀਆਂ ਦੀ ਰੋਕਥਾਮ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਅਤੇ ਸਿਖਿਆਰਥੀਆਂ ਨੂੰ ਫਸਲਾਂ ਦੀਆਂ ਬਿਮਾਰੀਆਂ ਤੋਂ ਬਚਾਉਣ ਲਈ ਕੁਦਰਤੀ ਰੋਗਨਾਸ਼ੀ ਦਵਾਈਆਂ ਜਿਵੇਂ ਜੀਵ ਅਮ੍ਰਿਤ, ਬੀਜ਼ ਅਮ੍ਰਿਤ, ਅਤੇ ਬ੍ਰਹਮ ਅਸਤਰ ਬਣਾਉਣ ਦੀ ਵਿਧੀ ਵੀ ਦਰਸ਼ਾਈ।
ਇਸ ਮੌਕੇ ਤੇ ਸਿਖਿਆਰਥੀਆਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦਾ ਖੇਤੀ ਸਾਹਿਤ ਅਤੇ ਪਿਆਜ ਦੀ ਪਨੀਰੀ ਵੀ ਮੁਹੱਈਆ ਕਰਵਾਈ ਗਈ।ਅਖੀਰ ਵਿੱਚ ਡਾ. ਬਲਜੀਤ ਸਿੰਘ ਨੇ ਪਿੰਡ ਆਲੋਵਾਲ ਦੀ ਸਰਪੰਚ ਸ਼ੀਲਾ ਦੇਵੀ ਅਤੇ ਕ੍ਰਿਸ਼ੀ ਸਖੀ, ਸੀਮਾ ਦੇਵੀ ਦੁਆਰਾ ਇਸ ਸਿਖਲਾਈ ਨੂੰ ਆਯੋਜਿਤ ਕਰਨ ਵਿੱਚ ਦਿੱਤੇ ਸਹਿਯੋਗ ਬਾਬਤ ਧੰਨਵਾਦ ਕੀਤਾ।
