ਮਾਰਸ਼ਲ ਮਸ਼ੀਨਜ ਮਜਦੂਰਾਂ ਵੱਲੋਂ ਐਮ.ਐਲ.ਏ. ਦਲਜੀਤ ਸਿੰਘ ਗਰੇਵਾਲ ਭੋਲਾ ਦੇ ਦਫਤਰ ’ਤੇ ਧਰਨਾ ਅੱਜ

ਲੁਧਿਆਣਾ /ਗੜ੍ਹਸ਼ੰਕਰ - ਲੁਧਿਆਣੇ ਦੇ ਫੋਕਲ ਪੁਆਇੰਟ ’ਚ ਸਥਿਤ ਮਾਰਸ਼ਲ ਮਸ਼ੀਨਜ ਲਿਮਿਟਡ ਕੰਪਨੀ ਦੇ ਮਜ਼ਦੂਰਾਂ ਵੱਲੋਂ ਕਾਰਖਾਨਾ ਮਜਦੂਰ ਯੂਨੀਅਨ ਦੀ ਅਗਵਾਈ ਵਿੱਚ ਪਿਛਲੀ 9 ਤਰੀਕ ਤੋਂ ਆਪਣੀਆਂ ਹੱਕੀ ਮੰਗਾਂ ਲਈ ਹੜਤਾਲ ਜਾਰੀ ਹੈ।

ਲੁਧਿਆਣਾ /ਗੜ੍ਹਸ਼ੰਕਰ - ਲੁਧਿਆਣੇ ਦੇ ਫੋਕਲ ਪੁਆਇੰਟ ’ਚ ਸਥਿਤ ਮਾਰਸ਼ਲ ਮਸ਼ੀਨਜ ਲਿਮਿਟਡ ਕੰਪਨੀ ਦੇ ਮਜ਼ਦੂਰਾਂ ਵੱਲੋਂ ਕਾਰਖਾਨਾ ਮਜਦੂਰ ਯੂਨੀਅਨ ਦੀ ਅਗਵਾਈ ਵਿੱਚ ਪਿਛਲੀ 9 ਤਰੀਕ ਤੋਂ ਆਪਣੀਆਂ ਹੱਕੀ ਮੰਗਾਂ ਲਈ ਹੜਤਾਲ ਜਾਰੀ ਹੈ। ਮਾਲਕ, ਡੀਸੀ ਦਫਤਰ ਅਤੇ ਕਿਰਤ ਵਿਭਾਗ ਦੇ ਮਜਦੂਰ ਵਿਰੋਧੀ ਰਵੱਈਏ ਤੋਂ ਪੀੜਤ ਮਜਦੂਰ 29 ਨੂੰ ਕਾਰਖਾਨਾ ਮਜਦੂਰ ਯੂਨੀਅਨ ਅਤੇ ਟੈਕਸਟਾਈਲ-ਹੌਜਰੀ ਕਾਮਗਾਰ ਯੂਨੀਅਨ ਦੀ ਅਗਵਾਈ ਵਿੱਚ ਲੁਧਿਆਣਾ ਪੂਰਬੀ ਐਮ.ਐਲ.ਏ. ਦਲਜੀਤ ਸਿੰਘ ਗਰੇਵਾਲ ਦੇ ਦਫ਼ਤਰ ’ਤੇ ਰੋਸ ਮੁਜਾਹਰਾ ਕਰਨਗੇ। ਰੋਸ ਮੁਜਾਹਰੇ ਨੂੰ ਕਾਮਯਾਬ ਬਣਾਉਣ ਲਈ ਮਾਰਸ਼ਲ ਮਸ਼ੀਨਜ ਲਿਮਿਟਡ ਦੇ ਹੜਤਾਲੀ ਮਜਦੂਰਾਂ ਦੁਆਰਾ ਹੋਰਨਾਂ ਮਜਦੂਰਾਂ-ਕਿਰਤੀਆਂ ’ਚ ਪ੍ਰਚਾਰ-ਮੁਹਿੰਮ ਜਰੀਏ ਹਿਮਾਇਤ ਕਰਨ ਦਾ ਸੱਦਾ ਪਹੁੰਚਾਇਆ ਜਾ ਰਿਹਾ ਹੈ। ਜੱਥੇਬੰਦੀਆਂ ਵੱਲੋਂ ਇਸ ਸਬੰਧੀ ਪਰਚਾ ਵੀ ਵੰਡਿਆ ਜਾ ਰਿਹਾ ਹੈ, ਥਾਂ-ਥਾਂ ਨੁੱਕੜ ਸਭਾਵਾਂ, ਪੈਦਲ ਮਾਰਚ ਕੀਤੇ ਗਏ ਹਨ। ਟੈਕਸਟਾਈਲ-ਹੌਜਰੀ ਕਾਮਗਾਰ ਯੂਨੀਅਨ ਦੇ ਪ੍ਰਧਾਨ ਜਗਦੀਸ਼ ਸਿੰਘ ਨੇ ਦੱਸਿਆ ਕਿ ਅੱਜ ਮਜਦੂਰਾਂ ਨੇ ਕਿਰਤ ਵਿਭਾਗ ਦੇ ਦਫਤਰ ’ਤੇ ਧਰਨਾ ਦੇ ਕੇ ਕਿਰਤ ਇੰਸਪੈਕਟਰ ਅਰੁਣ ਕੁਮਾਰ ਨੂੰ ਮੰਗ ਪੱਤਰ ਸੌਂਪਿਆ ਜਿਸ ਵਿੱਚ ਹੜਤਾਲੀ ਮਜਦੂਰਾਂ ਨੇ ਮੰਗ ਕੀਤੀ ਹੈ ਕਿ ਜੇਕਰ ਕੰਪਨੀ ਮਾਲਕ/ਮੈਨੇਜਮੈਂਟ ਨੇ ਉਹਨਾਂ ਦੀਆਂ ਜਾਇਜ ਮੰਗਾਂ ਝੂਠੇ ਦੋਸ਼ਾਂ ਤਹਿਤ ਮੁਅੱਤਲ ਕੀਤੇ ਮਜਦੂਰ ਆਗੂਆਂ ਦੀ ਬਹਾਲੀ, ਬੋਨਸ ਭੁਗਤਾਨ, ਤਨਖਾਹ ਵਾਧਾ ਲਾਗੂ ਨਹੀਂ ਕਰਨੇ ਅਤੇ ਕਿਰਤ ਵਿਭਾਗ ਤੇ ਡੀਸੀ ਦਫਤਰ ਨੇ ਵੀ ਮਸਲੇ ਹੱਲ ਕਰਾਉਣ ਲਈ ਇਮਾਨਦਾਰ ਭੂਮਿਕਾ ਨਹੀਂ ਨਿਭਾਉਣੀ ਤਾਂ ਉਹਨਾਂ ਦਾ ਹਿਸਾਬ ਕਰ ਦਿੱਤਾ ਜਾਵੇ। ਜਥੇਬੰਦੀਆਂ ਦਾ ਕਹਿਣਾ ਹੈ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਭ੍ਰਿਸ਼ਟਾਚਾਰ ਦੇ ਖਾਤਮੇ ਦੇ ਵੱਡੇ-ਵੱਡੇ ਦਾਅਵੇ ਕਰਦੀ ਹੈ ਪਰ ਸਰਮਾਏਦਾਰਾਂ ਵੱਲੋਂ ਕਿਰਤ ਕਨੂੰਨਾਂ ਦੀ ਵੱਡੇ ਪੱਧਰ ਤੇ ਉਲੰਘਣਾ ਅਤੇ ਮਜ਼ਦੂਰਾਂ ਦੇ ਕਨੂੰਨੀ ਹੱਕਾਂ ਨੂੰ ਸ਼ਰੇਆਮ ਕੁਚਲਣ ਦੇ ਰੂਪ ਚ ਭਿਅੰਕਰ ਭ੍ਰਿਸ਼ਟਾਚਾਰ ਨੂੰ ਭੋਰਾ ਵੀ ਰੋਕਿਆ ਨਹੀਂ ਜਾ ਰਿਹਾ। ਆਮ ਆਦਮੀ ਪਾਰਟੀ ਦੇ ਐਮ.ਐਲ.ਏ. ਦਲਜੀਤ ਸਿੰਘ ਗਰੇਵਾਲ (ਭੋਲਾ) ਦੇ ਇਲਾਕੇ ਵਿੱਚ ਵੀ ਇਹੀ ਕੁੱਝ ਹੋ ਰਿਹਾ ਹੈ। ਮਾਰਸ਼ਲ ਮਸ਼ੀਨਜ ਲਿਮਟਿਡ (ਸੀ-86, ਫੇਸ-5, ਫੋਕਲ ਪੁਆਇੰਟ) ਦੇ ਮਾਲਕਾਂ ਵੱਲੋਂ ਕੀਤੀ ਜਾ ਰਹੀ ਲੁੱਟ ਦੇ ਖਿਲਾਫ ਮਜਦੂਰਾਂ ਵੱਲੋਂ ਜੋਰਦਾਰ ਅਵਾਜ ਬੁਲੰਦ ਕਰਨ ਦੇ ਬਾਵਜੂਦ ਵੀ ਪੰਜਾਬ ਸਰਕਾਰ ਦੇ ਨੁਮਾਇੰਦੇ ਐਮ.ਐਲ.ਏ. ਵੱਲੋਂ ਮਜਦੂਰਾਂ ਦੇ ਹੱਕ ਲਾਗੂ ਕਰਵਾਉਣ ਲਈ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਲਈ ਐਮ.ਐਲ.ਏ. ਦਲਜੀਤ ਸਿੰਘ ਗਰੇਵਾਲ ਦੇ ਦਫਤਰ ਅੱਗੇ ਧਰਨਾ ਲਾ ਕੇ ਜਵਾਬ ਮੰਗਿਆ ਜਾਵੇਗਾ।