ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ

ਐਸ ਏ ਐਸ ਨਗਰ, 27 ਨਵੰਬਰ - ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 554ਵੇਂ ਪ੍ਰਕਾਸ਼ ਪੁਰਬ ਐਸ ਏ ਐਸ ਨਗਰ ਅਤੇ ਇਸਦੇ ਨੇੜਲੇ ਇਲਾਕਿਆਂ ਵਿੱਚ ਪੂਰੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵੱਖ ਵੱਖ ਗੁਰਧਾਮਾਂ ਨੂੰ ਫੁੱਲਾਂ ਅਤੇ ਬਿਜਲਈ ਲੜੀਆਂ ਦੇ ਨਾਲ ਨਾਲ ਹੋਰ ਸਜਾਵਟੀ ਸਮਾਨ ਨਾਲ ਬਹੁਤ ਸੋਹਣੇ ਢੰਗਾਂ ਨਾਲ ਸਜਾਇਆ ਗਿਆ ਹੈ।

ਐਸ ਏ ਐਸ ਨਗਰ, 27 ਨਵੰਬਰ - ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 554ਵੇਂ ਪ੍ਰਕਾਸ਼ ਪੁਰਬ ਐਸ ਏ ਐਸ ਨਗਰ ਅਤੇ ਇਸਦੇ ਨੇੜਲੇ ਇਲਾਕਿਆਂ ਵਿੱਚ ਪੂਰੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵੱਖ ਵੱਖ ਗੁਰਧਾਮਾਂ ਨੂੰ ਫੁੱਲਾਂ ਅਤੇ ਬਿਜਲਈ ਲੜੀਆਂ ਦੇ ਨਾਲ ਨਾਲ ਹੋਰ ਸਜਾਵਟੀ ਸਮਾਨ ਨਾਲ ਬਹੁਤ ਸੋਹਣੇ ਢੰਗਾਂ ਨਾਲ ਸਜਾਇਆ ਗਿਆ ਹੈ।
ਇਤਿਹਾਸਕ ਗੁਰਦੁਆਰਾ ਸ੍ਰੀ ਅੰਬ ਸਾਹਿਬ, ਗੁਰਦੁਆਰਾ ਸ੍ਰੀ ਸਿੰਘ ਸ਼ਹੀਦਾਂ ਸੋਹਾਣਾ, ਗੁਰਦੁਆਰਾ ਸਾਚਾ ਧਨ ਸਾਹਿਬ ਫੇਜ਼ 3, ਗੁਰਦੁਆਰਾ ਸਾਹਿਬਜ਼ਾਦਾ ਅਜੀਤ ਸਿੰਘ ਫੇਜ਼ 2, ਗੁਰਦੁਆਰਾ ਬੀਬੀ ਭਾਨੀ ਜੀ ਫੇਜ਼ 7, ਗੁਰਦੁਆਰਾ ਸ੍ਰੀ ਕਲਗੀਧਰ ਸਿੰਘ ਸਭਾ ਫੇਜ਼ 4, ਗੁਰਦੁਆਰਾ ਸ੍ਰੀ ਸਾਹਿਬਵਾੜਾ ਫੇਜ਼ 5, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੈਕਟਰ 70, ਗੁਰਦੁਆਰਾ ਸ੍ਰੀ ਰਾਮਗੜ੍ਹੀਆ ਫੇਜ਼ 3 ਬੀ 1, ਗੁਰਦੁਆਰਾ ਸ੍ਰੀ ਧੰਨਾ ਭਗਤ ਫੇਜ਼ 8, ਗੁਰਦੁਆਰਾ ਸ੍ਰੀ ਗੁਰੁ ਤੇਗ ਬਹਾਦੁਰ ਸਾਹਿਬ ਫੇਜ਼ 9, ਗੁਰਦੁਆਰਾ ਸ੍ਰੀ ਗੁਰੂ ਹਰਚਰਨਕਮਲ ਸਾਹਿਬ ਫੇਜ਼ 10, ਗੁਰਦੁਆਰਾ ਸ੍ਰੀ ਦਸ਼ਮੇਸ਼ ਦਰਬਾਰ ਫੇਜ਼ 10, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਫੇਜ਼ 11, ਗੁਰਦੁਆਰਾ ਸ੍ਰੀ ਅਕਾਲ ਆਸ਼ਰਮ ਸੋਹਾਣਾ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਫੇਜ਼ 1, ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਸਿੰਘ ਸਭਾ ਫੇਜ਼ 1 ਸਮੇਤ ਹੋਰਨਾਂ ਗੁਰਦੁਆਰਾ ਸਾਹਿਬਾਨ ਵਿੱਚ ਅੱਜ ਅੰਮ੍ਰਿਤ ਵੇਲੇ ਤੋਂ ਵੱਡੀ ਗਿਣਤੀ ਸ਼ਰਧਾਲੂ ਸ਼ਹਿਰ ਅਤੇ ਇਲਾਕੇ ਦੇ ਵੱਖ ਵੱਖ ਗੁਰਧਾਮਾਂ ਵਿੱਚ ਨਤਮਸਤਕ ਹੋਣ ਲਈ ਪੁਜਣੇ ਆਰੰਭ ਹੋ ਗਏ ਸਨ ਅਤੇ ਸਾਰਾ ਦਿਨ ਵੱਖ ਵੱਖ ਗੁਰਦੁਆਰਿਆਂ ਵਿੱਚ ਵੱਡੀ ਗਿਣਤੀ ਸੰਗਤ ਗੁਰਦੁਆਰਿਆਂ ਵਿੱਚ ਸਿਰ ਨਿਵਾਉਣ ਲਈ ਪੁੱਜਦੀ ਰਹੀ।
ਪ੍ਰਕਾਸ਼ ਪੁਰਬ ਮੌਕੇ ਵੱਖ ਵੱਖ ਗੁਰਧਾਮਾਂ ਵਿੱਚ ਵਿਸ਼ੇਸ ਦੀਵਾਨ ਸਜਾਏ ਗਏ, ਜਿਹਨਾਂ ਵਿੱਚ ਵੱਖ ਵੱਖ ਰਾਗੀ, ਢਾਡੀ ਜਥਿਆਂ, ਕਵੀਸ਼ਰਾਂ, ਕਥਾ ਵਾਚਕਾਂ, ਵਿਚਾਰਕਾਂ ਨੇ ਕੀਰਤਨ, ਵਾਰਾਂ, ਕਥਾ, ਕਵੀਸ਼ਰੀ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਦੌਰਾਨ ਵੱਖ ਵੱਖ ਗੁਰਧਾਮਾਂ ਵਿੱਚ ਕਰਵਾਏ ਗਏ ਧਾਰਮਿਕ ਸਮਾਗਮਾਂ ਦੌਰਾਨ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ, ਸਿੱਖਿਆਵਾਂ ਅਤੇ ਚਾਰ ਉਦਾਸੀਆਂ ਬਾਰੇ ਸੰਗਤਾਂ ਨੂੰ ਜਾਣਕਾਰੀ ਦਿਤੀ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।
ਇਸ ਦੌਰਾਨ ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੀ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਾਰਾ ਦਿਨ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ।
ਇਸ ਧਾਰਮਿਕ ਸਮਾਗਮ ਵਿੱਚ ਬੀਬੀ ਜਸਵੀਰ ਕੌਰ ਸੰਗਰੂਰ ਵਾਲੀਆਂ ਬੀਬੀਆਂ ਦੇ ਇੰਟਰਨੈਸ਼ਨਲ ਢਾਡੀ ਜੱਥੇ, ਭਾਈ ਅਜਮੇਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਸ਼੍ਰੋਮਣੀ ਪ੍ਰਚਾਰਕ ਭਾਈ ਜਰਨੈਲ ਸਿੰਘ ਲੁਧਿਆਣੇ ਵਾਲਿਆਂ ਤੋਂ ਇਲਾਵਾ ਭਾਈ ਇੰਦਰਜੀਤ ਸਿੰਘ ਨਾਨਕਸਰ ਵਾਲੇ, ਭਾਈ ਸੰਤੋਖ ਸਿੰਘ, ਭਾਈ ਗੁਰਬੱਖਸ਼ ਸਿੰਘ ਸ਼ਾਂਤ, ਭਾਈ ਗੁਰਵਿੰਦਰ ਸਿੰਘ, ਸੰਤ ਬਾਬਾ ਕੁਲਦੀਪ ਸਿੰਘ, ਭਾਈ ਜਸਵਿੰਦਰ ਸਿੰਘ, ਬਾਬਾ ਦੀਪ ਸਿੰਘ ਕਵੀਸ਼ਰੀ ਜੱਥਾ, ਮਿਤਰ ਪਿਆਰੇ ਨੂੰ ਕੀਰਤਨੀ ਜੱਥਾ, ਸ਼ੇਰੇ ਪੰਜਾਬ ਕਵੀਸ਼ਰੀ ਜੱਥਾ, ਭਾਈ ਗੁਰਮੀਤ ਸਿੰਘ, ਭਾਈ ਜਤਿੰਦਰ ਸਿੰਘ ਅਤੇ ਭਾਈ ਸੁਖਵਿੰਦਰ ਸਿੰਘ ਨੇ ਕਥਾ ਕੀਰਤਨ ਅਤੇ ਗੁਰਮਤਿ ਵਿਚਾਰਾਂ ਰਾਹੀਂ ਸਾਰਾ ਦਿਨ ਸੰਗਤਾਂ ਨੂੰ ਹਰਿ ਜਸ ਸੁਣਾ ਕੇ ਨਿਹਾਲ ਕੀਤਾ ਗਿਆ। ਸਾਰੇ ਜੱਥਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
ਗੁਰੂਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਬੁਲਾਰੇ ਨੇ ਦੱਸਿਆ ਕਿ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਕਰਵਾਏ ਗਏ ਅੰਮ੍ਰਿਤ ਸੰਚਾਰ ਵਿੱਚ ਵੱਡੀ ਗਿਣਤੀ ਵਿੱਚ ਪ੍ਰਾਣੀ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੇ। ਗੁਰੂ ਕਾ ਲੰਗਰ ਇਸ ਮੌਕੇ ਅਤੁੱਟ ਵਰਤਾਇਆ ਗਿਆ।
ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਅੱਜ ਪਿੰਡ ਕੁਭੜਾ ਵਿਖੇ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਪਿੰਡ ਦੇ ਗੁਰੂਦੁਆਰਾ ਸਾਹਿਬ ਤੋਂ ਆਰੰਭ ਹੋਇਆ ਅਤੇ ਪਿੰਡ ਦੀਆਂ ਗਲੀਆਂ ਤੋਂ ਹੁੰਦਾ ਹੋਇਆ ਗੁਰੂਦੁਆਰਾ ਸਾਹਿਬ ਵਿਖੇ ਪਹੁੰਚ ਕੇ ਸਮਾਪਤ ਹੋਇਆ।