ਦੇਸ਼ ਭਗਤਾਂ ਦੇ ਆਦਰਸ਼ ਮਹਾਨ ਇਨਕਲਾਬੀ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਮੌਕੇ ਸ਼ਰਧਾਂਜਲੀ ਸਮਾਗਮ

ਮਾਹਿਲਪੁਰ, (16 ਨਵੰਬਰ ) - ਪੰਜਾਬ ਦੀ ਪੂਜਨੀਕ ਧਰਤੀ ਨੂੰ ਮਹਾਨ ਇਨਕਲਾਬੀ ਸ਼ਹੀਦਾਂ ਸ: ਕਰਤਾਰ ਸਿੰਘ ਸਰਾਭਾ,ਸ਼ਹੀਦ-ਏ-ਆਜ਼ਮ ਭਗਤ ਸਿੰਘ,ਸ: ਊਧਮ ਸਿੰਘ ਸੁਨਾਮ ਵਰਗੇ ਅਣਖੀ ਯੋਧਿਆਂ ਦੀ ਜੰਮਣ ਭੋਇ ਹੋਣ ਦਾ ਮਾਣ ਪ੍ਰਾਪਤ ਹੈ।

ਮਾਹਿਲਪੁਰ, (16 ਨਵੰਬਰ ) - ਪੰਜਾਬ ਦੀ ਪੂਜਨੀਕ ਧਰਤੀ ਨੂੰ ਮਹਾਨ ਇਨਕਲਾਬੀ ਸ਼ਹੀਦਾਂ ਸ: ਕਰਤਾਰ ਸਿੰਘ ਸਰਾਭਾ,ਸ਼ਹੀਦ-ਏ-ਆਜ਼ਮ ਭਗਤ ਸਿੰਘ,ਸ: ਊਧਮ ਸਿੰਘ ਸੁਨਾਮ ਵਰਗੇ ਅਣਖੀ ਯੋਧਿਆਂ ਦੀ ਜੰਮਣ ਭੋਇ ਹੋਣ ਦਾ ਮਾਣ ਪ੍ਰਾਪਤ ਹੈ।ਦੇਸ਼ ਦੀ ਆਜ਼ਾਦੀ ਦੀ ਪ੍ਰਾਪਤੀ ਤੇ ਰਖਵਾਲੀ ਲਈ ਅਣਖੀ ਪੰਜਾਬੀ ਯੋਧਿਆਂ ਨੇ ਪੂਰੇ ਦੇਸ਼ ਵਾਸੀਆਂ ਤੋਂ ਮੂਹਰੇ ਹੋ ਕੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ,ਤਸੀਹੇ ਝੱਲੇ, ਕਾਲੇ ਪਾਣੀਆਂ 'ਚ ਜਵਾਨੀਆਂ ਗਾਲੀਆਂ, ਜਲਾਵਤਨੀ ਦਾ ਸੰਤਾਪ ਹੰਢਾਇਆ, ਘਰ ਬਾਰ ਕੁਰਕ ਕਰਵਾਏ ਤੇ ਆਪਣੇ ਦੇਸ਼ ਦੇ ਲੋਕਾਂ ਨੂੰ ਆਜ਼ਾਦੀ ਦਿਵਾਉਣ ਤੱਕ ਲਗਾਤਾਰ ਸੰਗਰਾਮ ਕਰਦੇ ਰਹੇ।ਉਨ੍ਹਾਂ ਮਹਾਨ ਇਨਕਲਾਬੀ ਸ਼ਹੀਦਾਂ ਚੋਂ ਸਿਰਮੌਰ ਸ਼ਹੀਦ ਸ: ਕਰਤਾਰ ਸਿੰਘ ਸਰਾਭਾ ਨੇ ਮਹਿਜ਼ 19 ਸਾਲ ਦੀ ਉਮਰ ਵਿੱਚ ਹੀ 16 ਨਵੰਬਰ 1915 ਦੇ ਦਿਨ ਫਾਂਸੀ ਦਾ ਰੱਸਾ ਗਲ਼ ਵਿੱਚ ਪਵਾ ਕੇ ਆਪਣੇ ਦੇਸ਼ ਨੂੰ ਆਜ਼ਾਦ ਕਰਵਾਉਣ ਖਾਤਰ ਸ਼ਹਾਦਤ ਦਾ ਜਾਮ ਪੀਤਾ ਸੀ।ਉਨ੍ਹਾਂ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਦੁਨੀਆਂ ਭਰ ਵਿੱਚ ਹਰ ਸਾਲ ਸ਼ਰਧਾਂਜਲੀ ਸਮਾਗਮ ਕੀਤੇ ਜਾਂਦੇ ਹਨ।ਇਸੇ ਤਹਿਤ ਇਲਾਕਾ ਮਾਹਿਲਪੁਰ ਚੱਬੇਵਾਲ ਦੇ ਸੰਯੁਕਤ ਕਿਸਾਨ ਮੋਰਚੇ ਦੇ ਸਮੱਰਥਕਾਂ ਵਲੋਂ ਆਪਣੇ ਮਹਾਨ ਇਨਕਲਾਬੀ ਸ਼ਹੀਦ ਦੀ ਵਡਮੁੱਲੀ ਸ਼ਹਾਦਤ ਨੂੰ ਸਿਜਦਾ ਕਰਨ ਲਈ ਸ਼ਰਧਾਂਜਲੀ ਸਮਾਗਮ ਕੀਤਾ ਗਿਆ।ਜਿਸ ਵਿੱਚ ਕਿਸਾਨ ਮੋਰਚੇ ਦੇ ਸਮੱਰਥਕਾਂ ਸਮੇਤ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ ਤੇ ਆਪਣੇ ਪੁਰਖਿਆਂ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕਰਦਿਆਂ ਉਨ੍ਹਾਂ ਦੇ ਦਰਸਾਏ ਮਾਰਗ ਉਪਰ ਚੱਲਣ ਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਬਚਾਉਣ ਲਈ ਲਗਾਤਾਰ ਯਤਨਸ਼ੀਲ ਰਹਿਣ ਲਈ ਪ੍ਰਣ ਕੀਤਾ।ਇਸ ਮੌਕੇ ਤੇ ਕਿਸਾਨ ਆਗੂ ਤਲਵਿੰਦਰ ਸਿੰਘ ਹੀਰ ਨੰਗਲ ਖਿਲਾੜੀਆਂ,ਪੰਜਾਬੀ ਗੀਤਕਾਰ ਗੁਰਮਿੰਦਰ ਕੈਂਡੋਵਾਲ,ਪਰਮਿੰਦਰ ਸਿੰਘ ਪਿੰਦਾ,ਯੋਧਬੀਰ ਸਿੰਘ, ਜੁਝਾਰ ਸਿੰਘ ਮਹਿਨਾ,ਖੁਸ਼ਵੰਤ ਸਿੰਘ ਬੈਂਸ,ਮਨੀ ਬਿਹਾਲਾ,ਸੱਤਾ ਹਵੇਲੀ,ਅਮਨਦੀਪ ਸਿੰਘ,ਜਸਵਿੰਦਰ ਸਿੰਘ ਬੰਗਾ,ਮਲਕੀਤ ਸਿੰਘ, ਸੁਖਦੇਵ ਸਿੰਘ ਸੰਘਾ, ਅਵਤਾਰ ਲੰਗੇਰੀ, ਜਸਵੀਰ ਸ਼ੀਰਾ,ਕੁੰਵਰਰੀਤ ਸਿੰਘ, ਗੁਰਨਾਮ ਸਿੰਘ ਹਾਜ਼ਰ ਸਨ।