
ਦੀਵਾਲੀ ਦੇ ਤਿਉਹਾਰ ਸਬੰਧੀ ਸਜ ਗਏ ਬਾਜਾਰ ਮਾਰਕੀਟਾਂ ਦੀ ਕੀਤੀ ਗਈ ਹੈ ਵਿਸ਼ੇਸ਼ ਸਜਾਵਟ, ਵੱਖ ਵੱਖ ਤਰ੍ਹਾਂ ਦੇ ਸਟਾਲਾਂ ਦੀ ਭਰਮਾਰ
ਐਸ ਏ ਐਸ ਨਗਰ, 11 ਨਵੰਬਰ - 12 ਨਵੰਬਰ ਨੂੰ ਦੇਸ਼ ਭਰ ਵਿੱਚ ਮਣਾਏ ਜਾਣ ਵਾਲੇ ਦੀਵਾਲੀ ਦੇ ਤਿਉਹਾਰ ਦੀਆਂ ਰੌਣਕਾਂ ਲੱਗ ਗਈਆਂ ਹਨ ਅਤੇ ਦੀਵਾਲੀ ਦੀ ਖਰੀਦਦਾਰੀ ਲਈ ਬਾਜਾਰਾਂ ਵਿੱਚ ਲੋਕਾਂ ਦੀ ਭਾਰੀ ਭੀੜ ਲੱਗ ਰਹੀ ਹੈ।
ਐਸ ਏ ਐਸ ਨਗਰ, 11 ਨਵੰਬਰ - 12 ਨਵੰਬਰ ਨੂੰ ਦੇਸ਼ ਭਰ ਵਿੱਚ ਮਣਾਏ ਜਾਣ ਵਾਲੇ ਦੀਵਾਲੀ ਦੇ ਤਿਉਹਾਰ ਦੀਆਂ ਰੌਣਕਾਂ ਲੱਗ ਗਈਆਂ ਹਨ ਅਤੇ ਦੀਵਾਲੀ ਦੀ ਖਰੀਦਦਾਰੀ ਲਈ ਬਾਜਾਰਾਂ ਵਿੱਚ ਲੋਕਾਂ ਦੀ ਭਾਰੀ ਭੀੜ ਲੱਗ ਰਹੀ ਹੈ। ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ ਬਾਜ਼ਾਰਾਂ ਵਿੱਚ ਖਰੀਦਦਾਰੀ ਕਰਨ ਲਈ ਪਹੁੰਚ ਰਹੇ ਲੋਕਾਂ ਦੀ ਭੀੜ ਨੇ ਕਾਰੋਬਾਰੀਆਂ ਦੇ ਚਿਹਰਿਆਂ ਤੇ ਵੀ ਵੱਡੀ ਮੁਸਕਾਨ ਲਿਆ ਦਿੱਤੀ ਹੈ ਅਤੇ ਪਿਛਲੇ ਸਾਲਾਂ ਦੀ ਭਾਰੀ ਮੰਦੀ ਤੋਂ ਬਾਅਦ ਉਹਨਾਂ ਦਾ ਕਾਰੋਬਾਰ ਵੀ ਮੁੜ ਲੀਹ ਤੇ ਆਉਣ ਦੇ ਆਸਾਰ ਬਣਦੇ ਦਿਖ ਰਹੇ ਹਨ।
ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਮੁਹਾਲੀ ਸ਼ਹਿਰ ਦੇ ਵੱਖ ਵੱਖ ਫੇਜ਼ਾਂ ਵਿਚਲੀਆਂ ਸਾਰੀਆਂ ਹੀ ਮਾਰਕੀਟਾਂ ਸੱਜ ਗਈਆਂ ਹਨ ਅਤੇ ਮਾਰਕੀਟਾਂ ਦੀ ਰੌਣਕ ਵੇਖਣ ਵਾਲੀ ਹੈ। ਇਸ ਦੌਰਾਨ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਨੂੰ ਬਹੁਤ ਹੀ ਸੋਹਣੇ ਢੰਗ ਨਾਲ ਸਜਾਇਆ ਗਿਆ ਹੈ ਅਤੇ ਸਾਰੀਆਂ ਮਾਰਕੀਟਾਂ ਵਿੱਚ ਰੰਗ ਬਰੰਗੀਆਂ ਲਾਈਟਾਂ ਲਗਾਈਆਂ ਗਈਆਂ ਹਨ ਜੋ ਰਾਤ ਨੂੰ ਬਹੁਤ ਹੀ ਮਨਮੋਹਕ ਦ੍ਰਿਸ਼ ਪੈਦਾ ਕਰਦੀਆਂ ਹਨ। ਇਸ ਦੌਰਾਨ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਦੇ ਬਾਹਰ ਟੈਂਟ ਲਗਾ ਕੇ ਸਮਾਨ ਸਜਾਇਆ ਗਿਆ ਹੈ।
ਦੀਵਾਲੀ ਮੌਕੇ ਦੁਕਾਨਦਾਰਾਂ ਨੂੰ ਮੋਟੀ ਕਮਾਈ ਹੋਣ ਦੀ ਉਮੀਦ ਹੁੰਦੀ ਹੈ ਅਤੇ ਇਸ ਦੌਰਾਨ ਕੁਝ ਦੁਕਾਨਦਾਰਾਂ ਵੱਲੋਂ ਸੇਲ ਵੀ ਲਗਾਈ ਜਾਂਦੀ ਹੈ। ਡਰਾਈ ਫਰੂਟ ਅਤੇ ਹੋਰ ਗਿਫਟ ਆਈਟਮਾਂ ਵੇਚਣ ਵਾਲਿਆਂ ਦੀ ਇਹਨਾਂ ਦਿਨਾਂ ਵਿੱਚ ਚਾਂਦੀ ਹੁੰਦੀ ਹੈ ਅਤੇ ਲੋਕ ਦੀਵਾਲੀ ਤੋਂ ਕਈ ਦਿਨ ਪਹਿਲਾਂ ਹੀ ਗਿਫਟ ਖਰੀਦ ਕੇ ਇੱਕ ਦੂਜੇ ਨੂੰ ਦੇਣੇ ਸ਼ੁਰੂ ਕਰ ਦਿੰਦੇ ਹਨ।
ਇਸ ਦੌਰਾਨ ਰੰਗ ਬਰੰਗੀਆਂ ਲਾਈਟਾਂ ਦੇ ਨਾਲ ਨਾਲ ਦੀਵਿਆਂ ਦੀ ਵੀ ਖੂਬ ਵਿਕਰੀ ਹੋ ਰਹੀ ਹੈ ਅਤੇ ਖਾਣ ਪੀਣ ਦਾ ਸਮਾਨ ਵੇਚਣ ਵਾਲੇ ਦੁਕਾਨਦਾਰਾਂ ਦੀ ਵੀ ਸੋਹਣੀ ਕਮਾਈ ਹੋ ਰਹੀ ਹੈ। ਬਾਜਾਰਾਂ ਵਿੱਚ ਖਰੀਦਦਰੀ ਕਰਨ ਲਈ ਆਏ ਲੋਕ ਖਾਣ ਪੀਣ ਵਿੱਚ ਵੀ ਦਿਲਚਸਪੀ ਰੱਖਦੇ ਹਨ ਜਿਸ ਕਾਰਨ ਖਾਣ ਪੀਣ ਦੇ ਸਾਮਾਨ ਵੇਚਣ ਵਾਲਿਆਂ ਦੀਆਂ ਦੁਕਾਨਾਂ ਤੇ ਵੀ ਭਾਰੀ ਭੀੜ ਦਿਖ ਰਹੀ ਹੈ।
ਅੱਜ ਧਨਤੇਰਸ ਦੇ ਤਿਉਹਾਰ ਮੌਕੇ ਲੋਕਾਂ ਵੱਲੋਂ ਖਰੀਦਦਾਰੀ ਕੀਤੀ ਜਾ ਰਹੀ ਹੈ ਜਿਸ ਵਿੱਚ ਲੋਕ ਭਾਂਡੇ, ਕੱਪੜੇ, ਗਹਿਣੇ ਆਦਿ ਖਰੀਦ ਰਹੇ ਹਨ। ਭਾਂਡਿਆਂ ਦੀਆਂ ਦੁਕਾਨਾਂ ਤੇ ਸਟੀਲ, ਪਿੱਤਲ ਦੇ ਨਾਲ ਹੀ ਕਰਾਕਰੀ ਦਾ ਸਮਾਨ ਵੀ ਗ੍ਰਾਹਕਾਂ ਨੂੰ ਆਕਰਸ਼ਿਤ ਕਰ ਰਿਹਾ ਹੈ।
ਇਸ ਦਰਾਨ ਦੁਕਾਨਦਾਰਾਂ ਨੇ ਘਰਾਂ ਦੀ ਸਜਾਵਟ ਦਾ ਸਾਮਾਨ ਵੀ ਸਜਾਇਆ ਹੋਇਆ ਹੈ। ਦੀਵਾਲੀ ਲਈ ਲੋਕ ਘਰਾਂ ਦੀ ਸਜਾਵਟ ਦੇ ਸਮਾਨ ਦੇ ਨਾਲ ਨਾਲ ਪਟਾਕਿਆਂ ਦੀ ਵੀ ਕਾਫੀ ਖਰੀਦਦਾਰੀ ਕਰ ਰਹੇ ਹਨ। ਹਰ ਸਾਲ ਪ੍ਰਸ਼ਾਸਨ ਵੱਲੋਂ ਪਟਾਕਿਆਂ ਨੂੰ ਵੇਚਣ ਲਈ ਕੁੱਝ ਥਾਵਾਂ ਨਿਰਧਾਰਿਤ ਕੀਤੀਆਂ ਜਾਂਦੀਆਂ ਹਨ ਤਾਂ ਕਿ ਦੁਕਾਨਦਾਰਾਂ ਉਹਨਾਂ ਥਾਵਾਂ ਤੇ ਹੀ ਪਟਾਕੇ ਵੇਚ ਸਕਣ ਪਰੰਤੂ ਪ੍ਰਸ਼ਾਸਨ ਦੀਆਂ ਹਦਾਇਤਾਂ ਦੇ ਬਾਵਜੂਦ ਕਈ ਥਾਵਾਂ ਤੇ ਪਟਾਕੇ ਵੇਚੇ ਜਾ ਰਹੇ ਹਨ, ਜਿਸ ਤੇ ਪ੍ਰਸ਼ਾਸਨ ਦੀ ਕੋਈ ਕਾਰਵਾਈ ਨਜਰ ਨਹੀਂ ਆ ਰਹੀ ਹੈ।
