
ਲੋਕਾਂ ਨੂੰ ਬਿਨਾਂ ਵਜ੍ਹਾ ਦਿੱਤੇ ਬਕਾਏ ਦੇ ਨੋਟਿਸ ਤੁਰੰਤ ਵਾਪਸ ਲਏ ਗਮਾਡਾ : ਪਰਵਿੰਦਰ ਸਿੰਘ ਸੋਹਾਣਾ
ਲੋਕਾਂ ਨੂੰ ਬਿਨਾਂ ਵਜ੍ਹਾ ਦਿੱਤੇ ਬਕਾਏ ਦੇ ਨੋਟਿਸ ਤੁਰੰਤ ਵਾਪਸ ਲਏ ਗਮਾਡਾ : ਪਰਵਿੰਦਰ ਸਿੰਘ ਸੋਹਾਣਾ ਨੋਟਿਸ ਵਾਪਸ ਨਾ ਹੋਏ ਤਾਂ ਗਮਾਡਾ ਦਫਤਰ ਦੇ ਅੱਗੇ ਧਰਨਾ ਦੇਵੇਗਾ ਅਕਾਲੀ ਦਲ
ਐਸ ਏ ਐਸ ਨਗਰ, 8 ਨਵੰਬਰ - ਸ਼੍ਰੋਮਣੀ ਅਕਾਲੀ ਦਲ ਹਲਕਾ ਮੁਹਾਲੀ ਦੇ ਮੁੱਖ ਸੇਵਾਦਾਰ ਪਰਵਿੰਦਰ ਸਿੰਘ ਸੋਹਾਣਾ ਨੇ ਗਮਾਡਾ ਵੱਲੋਂ ਵੱਖ-ਵੱਖ ਫੇਜ਼ਾਂ ਤੇ ਸੈਕਟਰਾਂ ਵਿੱਚ ਲੋਕਾਂ ਨੂੰ ਵੱਡੀਆਂ ਰਕਮਾਂ ਦੇ ਬਕਾਏ ਦੇ ਨੋਟਿਸ ਕੱਢੇ ਜਾਣ ਦੀ ਨਿਖੇਧੀ ਕਰਦਿਆਂ ਮੰਗ ਕੀਤੀ ਹੈ ਕਿ ਇਹ ਨੋਟਿਸ ਤੁਰੰਤ ਵਾਪਸ ਲਏ ਜਾਣ।
ਇੱਥੇ ਜਾਰੀ ਬਿਆਨ ਵਿੱਚ ਸ. ਪਰਵਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਗਮਾਡਾ ਵੱਲੋਂ ਕਈ ਖੇਤਰਾਂ ਵਿੱਚ ਲੋਕਾਂ ਨੂੰ ਨੋਟਿਸ ਕੱਢੇ ਗਏ ਹਨ ਜਿਨਾਂ ਵਿੱਚ ਉਹਨਾਂ ਦੇ ਬਕਾਏ ਦਰਸਾਏ ਗਏ ਹਨ। ਉਹਨਾਂ ਕਿਹਾ ਕਿ ਅਕਾਲੀ ਦਲ ਵੱਲੋਂ ਦੰਗਾ ਪੀੜਤਾਂ ਨੂੰ ਅਲਾਟ ਕੀਤੇ ਗਏ ਫਲੈਟਾਂ ਦੇ ਅਲਾਟੀਆਂ ਨੂੰ ਵੀ ਅਜਿਹੇ ਨੋਟਿਸ ਕੱਢੇ ਜਾ ਰਹੇ ਹਨ।
ਸ. ਸੋਹਾਣਾ ਨੇ ਕਿਹਾ ਕਿ ਵੱਡੀ ਗੱਲ ਇਹ ਹੈ ਕਿ ਜਦੋਂ ਕੋਈ ਵਿਅਕਤੀ ਅਜਿਹਾ ਨੋਟਿਸ ਲੈ ਕੇ ਗਮਾਡਾ ਵਿੱਚ ਪੁੱਛ ਗਿੱਛ ਕਰਨ ਜਾਂਦਾ ਹੈ ਤਾਂ ਉਥੋਂ ਪਤਾ ਲੱਗਦਾ ਹੈ ਕਿ ਇਹ ਸਾਫਟਵੇਅਰ ਦੀ ਗਲਤੀ ਕਾਰਨ ਹੋ ਰਿਹਾ ਹੈ। ਉਹਨਾਂ ਕਿਹਾ ਕਿ ਅਜਿਹੇ ਨੋਟਿਸਾਂ ਨੇ ਲੋਕਾਂ ਦੀ ਰਾਤਾਂ ਦੀ ਨੀਂਦ ਹਰਾਮ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਗਮਾਡਾ ਵੱਲੋਂ ਲੋਕਾਂ ਨੂੰ ਬਿਨਾਂ ਵਜ੍ਹਾ ਪਰੇਸ਼ਾਨ ਕੀਤਾ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਕਈ ਅਜਿਹੇ ਲੋਕਾਂ ਨੂੰ ਵੀ ਨੋਟਿਸ ਕੱਢੇ ਜਾ ਰਹੇ ਹਨ ਜਿਨ੍ਹਾਂ ਨੇ ਹਾਲੇ ਕੁਝ ਦਿਨ ਪਹਿਲਾਂ ਐਨ ਓ ਸੀ ਲੈ ਕੇ ਜਾਇਦਾਦ ਆਪਣੇ ਨਾਮ ਕਰਵਾਈ ਹੈ ਉਹਨਾਂ ਨੂੰ ਵੀ ਅਜਿਹੇ ਨੋਟਿਸ ਆ ਰਹੇ ਹਨ। ਉਹਨਾਂ ਕਿਹਾ ਕਿ ਗਮਾਡਾ ਵਲੋਂ ਐਨ ਓ ਸੀ ਤਾਂ ਹੀ ਜਾਰੀ ਕੀਤਾ ਜਾਂਦਾ ਹੈ ਜਦੋਂ ਸਾਰੇ ਬਕਾਏ ਕਲੀਅਰ ਹੋਣ।
ਉਹਨਾਂ ਕਿਹਾ ਕਿ ਇੱਕ ਪਾਸੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਆਮ ਲੋਕਾਂ ਦੇ ਨਾਲ ਖੜੇ ਹੋਣ ਦਾ ਦਾਅਵਾ ਭਰਦੀ ਹੈ ਤੇ ਦੂਜੇ ਪਾਸੇ ਆਮ ਲੋਕਾਂ ਨੂੰ ਹੀ ਬਿਨਾਂ ਵਜ੍ਹਾ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਹਨਾਂ ਗਮਾਡਾ ਦੇ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਗਲਤ ਢੰਗ ਨਾਲ ਕੱਢੇ ਜਾ ਰਹੇ ਨੋਟਿਸ ਤੁਰੰਤ ਵਾਪਸ ਲਏ ਜਾਣ ਅਤੇ ਇਸ ਸਬੰਧੀ ਲੋਕਾਂ ਨੂੰ ਬਕਾਇਦਾ ਜਾਣਕਾਰੀ ਦਿੱਤੀ ਜਾਵੇ ਨਹੀਂ ਤਾਂ ਸ਼੍ਰੋਮਣੀ ਅਕਾਲੀ ਦਲ ਮੁਹਾਲੀ ਦਾ ਪੀੜਤ ਲੋਕਾਂ ਨੂੰ ਲੈ ਕੇ ਗਮਾਡਾ ਦੇ ਦਫਤਰ ਦੇ ਅੱਗੇ ਧਰਨਾ ਦੇਵੇਗਾ।
