ਦਿੱਲੀ ਸਰਕਾਰ ਦੀ ਨਵੀਂ ਆਬਕਾਰੀ ਨੀਤੀ ਤਹਿਤ ਵੱਡੇ ਪੱਧਰ 'ਤੇ ਭ੍ਰਿਸ਼ਟਾਚਾਰ ਹੋਇਆ : ਨਵਜੋਤ ਸਿੱਧੂ

ਪਟਿਆਲਾ, 2 ਅਕਤੂਬਰ : ਸੀਨੀਅਰ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਨੇ ਦਿੱਲੀ ਤੇ ਪੰਜਾਬ ਦੀਆਂ "ਆਪ" ਸਰਕਾਰਾਂ ਨੂੰ ਰਗੜੇ ਲਾਉਂਦਿਆਂ ਤੇ ਦਿੱਲੀ ਸਰਕਾਰ ਦੀ ਨਵੀਂ ਆਬਕਾਰੀ ਨੀਤੀ ਨੂੰ "ਚੋਰੀ ਤੇ ਉੱਤੋਂ ਸੀਨਾਜ਼ੋਰੀ" ਦਾ ਨਾਂ ਦਿੰਦਿਆਂ ਗੰਭੀਰ ਦੋਸ਼ ਲਾਏ ਹਨ।

ਪਟਿਆਲਾ, 2 ਅਕਤੂਬਰ : ਸੀਨੀਅਰ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਨੇ ਦਿੱਲੀ ਤੇ ਪੰਜਾਬ ਦੀਆਂ "ਆਪ" ਸਰਕਾਰਾਂ ਨੂੰ ਰਗੜੇ ਲਾਉਂਦਿਆਂ ਤੇ ਦਿੱਲੀ ਸਰਕਾਰ ਦੀ ਨਵੀਂ ਆਬਕਾਰੀ ਨੀਤੀ ਨੂੰ "ਚੋਰੀ ਤੇ ਉੱਤੋਂ ਸੀਨਾਜ਼ੋਰੀ" ਦਾ ਨਾਂ ਦਿੰਦਿਆਂ ਗੰਭੀਰ ਦੋਸ਼ ਲਾਏ ਹਨ। ਅੱਜ ਇਥੇ ਆਪਣੀ ਰਿਹਾਇਸ਼ 'ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੋਸ਼ ਲਗਾਇਆ ਕਿ ਦਿੱਲੀ ਦੀ ਨਵੀਂ ਆਬਕਾਰੀ ਨੀਤੀ ਤਹਿਤ ਕਈ ਹਜ਼ਾਰ ਕਰੋੜ ਰੁਪਏ ਦਾ ਪੂਰਵ ਨਿਯੋਜਿਤ ਭਰਿਸ਼ਟਾਚਾਰ ਹੋਇਆ ਹੈ। ਉਨ੍ਹਾਂ ਕਈ ਰਾਜਾਂ ਦੀ ਵਧਦੀ ਜਾ ਰਹੀ ਆਬਕਾਰੀ ਆਮਦਨ ਦੇ ਅੰਕੜੇ ਦਿੰਦਿਆਂ ਹੈਰਾਨੀ ਜ਼ਾਹਰ ਕੀਤੀ ਕਿ ਦਿੱਲੀ ਸਰਕਾਰ ਦੀ ਪਿਛਲੇ ਸਾਲ 7860 ਕਰੋੜ ਰੁਪਏ ਦੀ ਕੁੱਲ ਸੇਲ ਵਿੱਚੋਂ 3378 ਕਰੋੜ ਰੁਪਏ ਦਾ ਆਬਕਾਰੀ ਮਾਲੀਆ ਸੀ ਪਰ ਨਵੀਂ ਨੀਤੀ ਤਹਿਤ ਸਾਲਾਨਾ ਸੇਲ ਤਾਂ 13560 ਕਰੋੜ ਦੀ ਹੋਈ ਪਰ ਸਰਕਾਰ ਦੇ ਖ਼ਜ਼ਾਨੇ ਵਿੱਚ ਸਿਰਫ਼ 312 ਕਰੋੜ ਹੀ ਆਏ ਜਦਕਿ ਤਾਮਿਲਨਾਡੂ ਨੇ ਇਸਤੋਂ ਵੱਧ ਦਾ ਮਾਲੀਆ 407 ਕਰੋੜ ਰੁਪਏ ਤਾਂ ਸਿਰਫ਼ ਲਾਇਸੈਂਸ ਫ਼ੀਸ ਨਾਲ ਹੀ ਕਮਾ ਲਾਏ। ਦਿੱਲੀ ਸਰਕਾਰ ਨੇ ਇਹ ਸਭ "ਪ੍ਰਾਈਵੇਟ ਖਿਡਾਰੀਆਂ" ਨੂੰ ਲਾਭ ਪਹੁੰਚਾਉਣ ਲਈ ਕੀਤਾ ਤੇ ਵੱਡੇ ਪੱਧਰ 'ਤੇ "ਚੋਰੀ" ਕੀਤੀ ਹੈ, ਸਰਕਾਰ ਦੇ ਖ਼ਜ਼ਾਨੇ ਨੂੰ ਚੂਨਾ ਲਾਇਆ ਗਿਆ। ਨਵਜੋਤ ਸਿੰਘ ਸਿੱਧੂ ਨੇ ਦਿੱਲੀ ਦੀ ਕੇਜਰੀਵਾਲ ਸਰਕਾਰ 'ਤੇ ਹੀ ਨਹੀਂ ਬਲਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ 'ਤੇ ਵੀ ਨਿਸ਼ਾਨਾ ਸਾਧਿਆ ਤੇ ਦੋਸ਼ ਲਗਾਇਆ ਕਿ ਪੰਜਾਬ ਵਿੱਚ ਵੀ "ਸਿਸਟੇਮੈਟਿਕ ਕੁਰਪਸ਼ਨ" ਚਲ ਰਹੀ ਹੈ। ਮੋਹਾਲੀ ਤੋਂ "ਆਪ" ਵਿਧਾਇਕ ਕੁਲਵੰਤ ਸਿੰਘ ਦਾ ਨਾਂ ਲੈਂਦਿਆਂ ਨਵਜੋਤ ਸਿੱਧੂ ਨੇ ਦੋਸ਼ ਲਗਾਇਆ ਕਿ ਮੋਹਾਲੀ ਦੇ ਸਾਰੇ ਸ਼ਰਾਬ ਦੇ ਐਲ-1 ਠੇਕੇ ਕੁਲਵੰਤ ਸਿੰਘ ਦੇ ਹਨ ਤੇ ਇਸੇ ਤਰ੍ਹਾਂ ਪੰਜਾਬ ਵਿੱਚ ਇਹ ਠੇਕੇ "ਚਹੇਤੇ ਤੇ ਚੋਣਵੇਂ" ਲੋਕਾਂ ਨੂੰ ਦਿੱਤੇ ਗਏ ਹਨ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਰਾਜ ਅੰਦਰ ਲੈਂਡ, ਸੈਂਡ (ਰੇਤਾ), ਟਰਾਂਸਪੋਰਟ, ਕੇਬਲ ਤੇ ਸ਼ਰਾਬ ਮਾਫ਼ੀਆ ਨੂੰ ਸਰਕਾਰੀ ਸਰਪ੍ਰਸਤੀ ਮਿਲ ਰਹੀ ਹੈ।