ਟੋਲ ਪਲਾਜ਼ਿਆਂ ’ਤੇ ਝਗੜੇ ਘਟਾਉਣ ਲਈ ਸਟਾਫ ਨੂੰ ਮਿਲੇਗੀ ਸਿਖਲਾਈ, ਵਾਹਨ ਸਵਾਰਾਂ ਦੀਆਂ ਮਨਮਾਨੀਆਂ ’ਤੇ ਲੱਗੇਗੀ ਰੋਕ

ਨਵੀਂ ਦਿੱਲੀ : ਕੌਮੀ ਸ਼ਾਹਰਾਹਾਂ ’ਤੇ ਟੋਲ ਪਲਾਜ਼ਾ ’ਤੇ ਹੋਣ ਵਾਲੇ ਝਗੜਿਆਂ ’ਤੇ ਰੋਕ ਲਾਉਣ ਤੇ ਇਨ੍ਹਾਂ ਥਾਵਾਂ ’ਤੇ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ ਲਈ ਐੱਨਐੱਚਏਆਈ ਨੇ ਐੱਸਓਪੀ ਜਾਰੀ ਕੀਤੀ ਹੈ। ਐੱਸਓਪੀ ਵਿਚ ਐੱਨਐੱਚਏਆਈ ਨੇ ਅਧਿਕਾਰੀਆਂ ਨੂੰ ਵਿਸਥਾਰਤ ਦਿਸ਼ਾ-ਨਿਰਦੇਸ਼ ਭੇਜੇ ਹਨ।

ਨਵੀਂ ਦਿੱਲੀ  : ਕੌਮੀ ਸ਼ਾਹਰਾਹਾਂ ’ਤੇ ਟੋਲ ਪਲਾਜ਼ਾ ’ਤੇ ਹੋਣ ਵਾਲੇ ਝਗੜਿਆਂ ’ਤੇ ਰੋਕ ਲਾਉਣ ਤੇ ਇਨ੍ਹਾਂ ਥਾਵਾਂ ’ਤੇ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ ਲਈ ਐੱਨਐੱਚਏਆਈ ਨੇ ਐੱਸਓਪੀ ਜਾਰੀ ਕੀਤੀ ਹੈ। ਐੱਸਓਪੀ ਵਿਚ ਐੱਨਐੱਚਏਆਈ ਨੇ ਅਧਿਕਾਰੀਆਂ ਨੂੰ ਵਿਸਥਾਰਤ ਦਿਸ਼ਾ-ਨਿਰਦੇਸ਼ ਭੇਜੇ ਹਨ। ਇਸ ਦੇ ਨਾਲ ਹੀ ਟੋਲ ਪਲਾਜ਼ਿਆਂ ’ਤੇ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਦੇ ਤਹਿਤ ਐੱਨਐੱਚਏਆਈ ਪੇਸ਼ੇਵਰ ਮਨੋਵਿਗਿਆਨੀਆਂ ਦੇ ਨਾਲ ਮਿਲ ਕੇ ਟੋਲ ਮੁਲਾਜ਼ਮਾਂ ਨੂੰ ਗੁੱਸੇ ’ਤੇ ਕਾਬੂ ਪਾਉਣ ਤੇ ਗਾਹਕਾਂ ਦੀ ਸਹੂਲਤ ਦਾ ਧਿਆਨ ਰੱਖਣ ਲਈ ਟਰੇਨਿੰਗ ਕਰਵਾ ਰਿਹਾ ਹੈ। ਇਸ ਕੜੀ ਦੇ ਤਹਿਤ ਪਹਿਲੀ ਟਰੇਨਿੰਗ ਮੁਰਥਲ ਟੋਲ ਪਲਾਜ਼ਾ (ਹਰਿਆਣਾ) ਵਿਚ ਦਿੱਤੀ ਗਈ ਹੈ। ਪੂਰੇ ਮੁਲਕ ਵਿਚ ਹੋਰਨਾਂ ਟੋਲ ਪਲਾਜ਼ਿਆਂ ਦੇ ਮੁਲਾਜ਼ਮਾਂ ਨੂੁੰ ਵੀ ਇਸੇ ਤਰ੍ਹਾਂ ਦੀ ਟਰੇਨਿੰਗ ਦਿੱਤੀ ਜਾਵੇਗੀ। ਐੱਸਓਪੀ ਅਨੁਸਾਰ ਐੱਨਐੱਚਏਆਈ ਦੇ ਫੀਲਡ ਅਫਸਰ ਇਹ ਯਕੀਨੀ ਬਣਾਉਣਗੇ ਕਿ ਟੋਲ ਇਕੱਠਾ ਕਰਨ ਵਾਲੀ ਏਜੰਸੀ ਆਪਣੀ ਡਿਊਟੀ ਸਹੀ ਤਰੀਕੇ ਨਿਭਾਵੇ। ਟੋਲ ਪਲਾਜ਼ਿਆਂ ਦੇ ਕਾਮੇ ਤੈਅਸ਼ੁਦਾ ਯੂਨੀਫਾਰਮ ਪਾ ਕੇ ਰੱਖਣਗੇ ਤੇ ਬੈਜ ਵੀ ਲਾਉਣਗੇ। ਜੇ ਟੋਲ ’ਤੇ ਵਿਵਾਦ ਦੀ ਨੌਬਤ ਆਉਂਦੀ ਹੈ ਤਾਂ ਟੋਲ ਪਲਾਜ਼ੇ ਦਾ ਮੈਨੇਜਰ ਤੇ ਲੇਨ ਸੁਪਰਵਾਈਜ਼ਰ ਹੱਲ ਕਰਨ ਲਈ ਕੋਸ਼ਿਸ਼ ਕਰਨਗੇ। ਲੇਨ ਸੁਪਰਵਾਈਜ਼ਰ ਬਾਡੀ ਕੈਮਰਾ ਪਾ ਕੇ ਰੱਖਣਗੇ, ਜਿਸ ਨਾਲ ਹਿੰਸਾ ਦੀ ਪੂਰੀ ਘਟਨਾ ਰਿਕਾਰਡ ਹੋ ਸਕੇਗੀ। ਜੇ ਕੋਈ ਵਾਹਨ ਸਵਾਰ ਮਨਮਾਨੀ ਕਰੇਗਾ ਤਾਂ ਉਹ ਰਿਕਾਰਡ ਹੋਵੇਗੀ। ਕਿਸੇ ਵੀ ਹਾਲਤ ਵਿਚ ਟੋਲ ਮੁਲਾਜ਼ਮ ਉਕਸਾਵੇ ਵਾਲੀ ਭਾਸ਼ਾ ਜਾਂ ਹਿੰਸਾ ਦਾ ਸਹਾਰਾ ਨਹੀਂ ਲੈਣਗੇ। ਟੋਲ ਪਲਾਜ਼ਿਆਂ ਦੇ ਕਾਮੇ ਪੁਲਿਸ ਤੋਂ ਮਦਦ ਲੈ ਸਕਣਗੇ ਤੇ ਜੇ ਮਾਮਲਾ ਸ਼ਾਂਤ ਨਾ ਹੋਇਆ ਤਾਂ ਉਹ ਐੱਫਆਈਆਰ ਕਰਵਾ ਸਕਣਗੇ। ਜੇ ਵਾਹਨ ਸਵਾਰ ਕੁੱਟਮਾਰ ਕਰੇਗਾ ਜਾਂ ਟੋਲ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਾਵੇਗਾ ਤਾਂ ਟੋਲ ਕਾਮੇ ਪੁਲਿਸ ਨੂੰ ਸੱਦ ਸਕਣਗੇ। ਉਥੇ ਐੱਨਐੱਚਏਆਈ ਦੇ ਫੀਲਡ ਅਫਸਰਾਂ ਦੀ ਜ਼ਿੰਮੇਵਾਰੀ ਹੋਵੇਗੀ ਕਿ ਉਹ ਟੋਲ ਦੇ ਸਾਰੇ ਮੁਲਾਜ਼ਮਾਂ ਦੀ ਤਸਦੀਕ ਪੁਲਿਸ ਕੋਲ ਕਰਵਾਉਣਗੇ। ਇਸ ਦੇ ਨਾਲ ਹੀ ਟੋਲ ਦਾ ਮਾਲੀਆ ਇਕੱਠਾ ਕਰਨ ਵਾਲੀ ਏਜੰਸੀ ਨੂੰ ਆਖਿਆ ਗਿਆ ਹੈ ਕਿ ਉਹ ਹਰ ਮਹੀਨੇ ਵਿਵਾਦ, ਟਕਰਾਅ, ਕੁੱਟਮਾਰ ਜਾਂ ਹਿੰਸਾ ਦੇ ਕਿਸੇ ਵੀ ਮਾਮਲੇ ਦੀ ਰਿਪੋਰਟ ਐੱਨਐੱਚਏਆਈ ਦੀ ਪ੍ਰਾਜੈਕਟ ਲਾਗੂ ਕਰਨ ਵਾਲੀ ਰਿਪੋਰਟ ਨੂੰ ਸੌਂਪਣਗੇ।