
ਗੜ੍ਹਸ਼ੰਕਰ ਪੁਲਿਸ ਵੱਲੋਂ ਐਸ.ਐਚ.ਓ ਥਾਣਾ ਗੜ੍ਹਸ਼ੰਕਰ ਦੇ ਨਾਮ ਤੇ ਫਰਜੀ ਐਸ.ਐਚ.ਓ ਬਣ ਕੇ ਲੋਕਾਂ ਕੋਲੋ ਫੋਨ ਤੇ ਪੈਸੇ ਮੰਗਣ ਵਾਲੇ ਦੋ ਠੱਗ ਕਾਬੂ , ਮਾਮਲਾ ਦਰਜ
ਥਾਣਾ ਗੜ੍ਹਸ਼ੰਕਰ ਦੇ ਐਸ.ਐੱਚ.ਓ. ਦੇ ਨਾਮ 'ਤੇ ਲੋਕਾਂ ਤੋਂ ਫੋਨ 'ਤੇ ਪੈਸੇ ਮੰਗਣ ਵਾਲੇ ਫਰਜ਼ੀ ਐਸ.ਐਚ.ਓ. ਸਾਥੀ ਸਮੇਤ ਗ੍ਰਿਫਤਾਰ ਕਰਕੇ ਥਾਣਾ ਗੜ੍ਹਸ਼ੰਕਰ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਗਿਆ ਹੈ ।
ਗੜ੍ਹਸ਼ੰਕਰ 23 ਸਤੰਬਰ (ਬਲਵੀਰ ਚੌਪੜਾ ) ਥਾਣਾ ਗੜ੍ਹਸ਼ੰਕਰ ਦੇ ਐਸ.ਐੱਚ.ਓ. ਦੇ ਨਾਮ 'ਤੇ ਲੋਕਾਂ ਤੋਂ ਫੋਨ 'ਤੇ ਪੈਸੇ ਮੰਗਣ ਵਾਲੇ ਫਰਜ਼ੀ ਐਸ.ਐਚ.ਓ. ਸਾਥੀ ਸਮੇਤ ਗ੍ਰਿਫਤਾਰ ਕਰਕੇ ਥਾਣਾ ਗੜ੍ਹਸ਼ੰਕਰ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਗਿਆ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ. ਪੀ ਗੜ੍ਹਸ਼ੰਕਰ ਦਲਜੀਤ ਸਿੰਘ ਖੱਖ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਐਸ.ਐਸ.ਪੀ ਹੁਸ਼ਿਆਰਪੁਰ ਸਰਤਾਜ ਸਿੰਘ ਚਾਹਲ ਵੱਲੋਂ ਸਾਈਬਰ ਅਪਰਾਧੀਆਂ, ਸਾਈਬਰ ਠੱਗਾਂ ਅਤੇ ਫੋਨ 'ਤੇ ਪੈਸੇ ਮੰਗਣ ਵਾਲੇ ਲੋਕਾਂ ਨੂੰ ਕਾਬੂ ਕਰਨ ਲਈ ਚਲਾਈ ਗਈ ਮੁਹਿੰਮ ਤਹਿਤ ਥਾਣਾ ਗੜ੍ਹਸ਼ੰਕਰ ਦੇ ਇੰਸਪੈਕਟਰ ਜੈ ਪਾਲ ਦੇ ਨਾਮ ਤੇ ਲੋਕਾਂ ਤੋਂ ਫੋਨ 'ਤੇ ਪੈਸੇ ਮੰਗਣ ਵਾਲੇ ਗਿਰੋਹ ਨੂੰ ਫੜਨ 'ਚ ਵੱਡੀ ਸਫਲਤਾ ਹਾਸਲ ਕੀਤੀ ਹੈ । ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਫਰਜ਼ੀ ਐਸ.ਐਚ.ਓ. ਬਣ ਕੇ 14 ਸਤੰਬਰ 2023 ਨੂੰ ਰਾਕੇਸ਼ ਕੁਮਾਰ ਪੁੱਤਰ ਚਰਨ ਦਾਸ ਵਾਸੀ ਪੱਦੀ ਮੱਠਵਾਲੀ ਥਾਣਾ ਸਦਰ ਬੰਗਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਜਿਸ ਦੇ ਰਿਸ਼ਤੇਦਾਰ ਖ਼ਿਲਾਫ਼ 8 ਸਤੰਬਰ 2023 ਨੂੰ ਗੜ੍ਹਸ਼ੰਕਰ ਥਾਣੇ ਵਿੱਚ ਅਪਰਾਧ ਧਾਰਾ 326,324,148,149 ਆਈ.ਪੀ.ਸੀ ਤਹਿਤ ਮੁਕੱਦਮਾ ਨੰਬਰ 156 ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਸੀ । ਜਿਸ ਦੇ ਸਬੰਧ ਵਿੱਚ ਫਰਜੀ ਬਣੇ ਐਸ.ਐਚ.ਓ ਬਣੇ ਠੱਗ ਨੇ ਫੋਨ ਤੇ ਰਕੇਸ਼ ਕੁਮਾਰ ਪੁੱਤਰ ਚਰਨ ਦਾਸ ਨੂੰ ਕਿਹਾ ਕਿ ਮੈਂ ਐਸ.ਐਚ.ਓ ਜੈ ਪਾਲ ਬੋਲਦਾ ਹਾਂ, ਤੇ ਕਿਹਾ ਕਿ ਜੇਕਰ ਤੁਸੀਂ ਆਪਣੇ ਬੰਦੇ ਛੁਡਾਉਣੇ ਹਨ ਤਾ ਤੁਸੀਂ ਮੇਰੇ ਅਕਾਊਂਟ ਵਿਚ 50,000/- ਹੁਣੇ ਪਾ ਦਿਓ । ਡੀ.ਐਸ.ਪੀ ਗੜ੍ਹਸ਼ੰਕਰ ਨੇ ਦੱਸਿਆ ਕਿ ਇਸ ਕਾਲ ਤੋਂ ਬਾਅਦ ਰਾਕੇਸ਼ ਕੁਮਾਰ ਨੇ ਫਰਜ਼ੀ ਐਸ.ਐਚ.ਓ ਦੇ ਫੋਨ ’ਤੇ 35,000/- ਹਜ਼ਾਰ ਰੁਪਏ ਜਮ੍ਹਾਂ ਕਰਵਾ ਦਿੱਤੇ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਰਾਕੇਸ਼ ਕੁਮਾਰ ਥਾਣਾ ਗੜ੍ਹਸ਼ੰਕਰ ਪਹੁੰਚਿਆ ਅਤੇ ਇੰਸਪੈਕਟਰ ਜੈ ਪਾਲ ਨੂੰ ਫੜੇ ਗਏ ਮੁਲਜ਼ਮਾਂ ਨੂੰ ਰਿਹਾਅ ਕਰਨ ਲਈ ਕਿਹਾ ਤਾਂ ਇੰਸਪੈਕਟਰ ਜੈ ਪਾਲ ਨੇ ਉਨ੍ਹਾਂ ਨੂੰ ਕਿਹਾ ਕਿ ਤੁਹਾਡੇ ਰਿਸ਼ਤੇਦਾਰ ਨੂੰ ਧਾਰਾ 326 ਤਹਿਤ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਸ ਨੂੰ ਰਿਹਾਅ ਨਹੀਂ ਕੀਤਾ ਜਾ ਸਕਦਾ। ਇਸ 'ਤੇ ਰਾਕੇਸ਼ ਕੁਮਾਰ ਨੇ ਕਿਹਾ ਕਿ ਮੈਂ ਤੁਹਾਡੇ ਖਾਤੇ 'ਚ 35,000/- ਹਜ਼ਾਰ ਰੁਪਏ ਜਮ੍ਹਾ ਕਰਵਾ ਦਿੱਤੇ ਹਨ। ਡੀ.ਐਸ.ਪੀ ਨੇ ਦੱਸਿਆ ਕਿ ਜਦੋਂ ਰਾਕੇਸ਼ ਵੱਲੋਂ ਦਿੱਤੇ ਫ਼ੋਨ ਨੰਬਰ ਦੀ ਜਾਂਚ ਕੀਤੀ ਗਈ ਤਾਂ ਉਹ ਥਾਣੇ ਦੇ ਕਿਸੇ ਵੀ ਮੁਲਾਜ਼ਮ ਦਾ ਫੋਨ ਨੰਬਰ ਨਹੀਂ ਸੀ । ਉਨ੍ਹਾਂ ਦੱਸਿਆ ਕਿ 20 ਸਤੰਬਰ 2023 ਨੂੰ ਰਾਕੇਸ਼ ਕੁਮਾਰ ਦੇ ਬਿਆਨਾਂ 'ਤੇ ਧਾਰਾ 420,170, 387,120 ਆਈ.ਪੀ.ਸੀ ਤਹਿਤ ਮੁਕੱਦਮਾ ਨੰਬਰ 165 ਦਰਜ ਕਰਕੇ ਮੁਲਜ਼ਮਾਂ ਸੁਖਮਨਜੀਤ ਸਿੰਘ ਉਰਫ਼ ਮਨੀ ਪੁੱਤਰ ਬਲਵਿੰਦਰ ਸਿੰਘ ਵਾਸੀ ਸਲੇਮ ਟਾਪਰੀ ਪੁਲਿਸ ਕਮਿਸ਼ਨਰਏਟ, ਲੁਧਿਆਣਾ ਅਤੇ ਸੁਰਿੰਦਰ ਕੁਮਾਰ ਉਰਫ ਲੱਡੂ ਪੁੱਤਰ ਸੋਭਾ ਰਾਮ ਵਾਸੀ ਅਮਰ ਨਗਰ ਸ਼ੇਰਪੁਰ ਲੁਧਿਆਣਾ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਕੋਲੋਂ ਮੋਬਾਈਲ ਫੋਨ ਅਤੇ 35,000/- ਹਜ਼ਾਰ ਰੁਪਏ ਵੀ ਬਰਾਮਦ ਕੀਤੇ ਗਏ ਹਨ । ਡੀ.ਐਸ.ਪੀ ਗੜ੍ਹਸ਼ੰਕਰ ਦਲਜੀਤ ਸਿੰਘ ਖੱਖ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਤੋਂ ਰਿਮਾਂਡ ’ਤੇ ਲਿਆ ਕੇ ਜਿਨਾਂ ਪਾਸੋ ਹੋਰ ਕੀਤੀਆਂ ਗਈਆਂ ਵਾਰਦਾਤਾਂ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ।
