
ਵੈਟਨਰੀ ਯੂਨੀਵਰਸਿਟੀ 03 ਸਤੰਬਰ ਤੋਂ ਸ਼ੁਰੂ ਕਰੇਗੀ ਮੁਫ਼ਤ ਦੁੱਧ ਮਿਲਾਵਟ ਜਾਂਚ ਅਤੇ ਜਾਗਰੂਕਤਾ ਮੁਹਿੰਮ
ਲੁਧਿਆਣਾ 29 ਅਗਸਤ 2024 - ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦਾ ਕਾਲਜ ਆਫ ਡੇਅਰੀ ਅਤੇ ਫ਼ੂਡ ਸਾਇੰਸ ਤਕਨਾਲੋਜੀ ਤੇ ਸੈਂਟਰ ਫਾਰ ਵਨ ਹੈਲਥ ਸਾਂਝੇ ਤੌਰ ’ਤੇ 03 ਸਤੰਬਰ ਤੋਂ ਮੁਫ਼ਤ ਦੁੱਧ ਮਿਲਾਵਟ ਜਾਂਚ ਅਤੇ ਜਾਗਰੂਕਤਾ ਮੁਹਿੰਮ ਆਰੰਭ ਕਰ ਰਹੇ ਹਨ ਜੋ ਕਿ ਦਸੰਬਰ ਤਕ ਚੱਲੇਗੀ।
ਲੁਧਿਆਣਾ 29 ਅਗਸਤ 2024 - ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦਾ ਕਾਲਜ ਆਫ ਡੇਅਰੀ ਅਤੇ ਫ਼ੂਡ ਸਾਇੰਸ ਤਕਨਾਲੋਜੀ ਤੇ ਸੈਂਟਰ ਫਾਰ ਵਨ ਹੈਲਥ ਸਾਂਝੇ ਤੌਰ ’ਤੇ 03 ਸਤੰਬਰ ਤੋਂ ਮੁਫ਼ਤ ਦੁੱਧ ਮਿਲਾਵਟ ਜਾਂਚ ਅਤੇ ਜਾਗਰੂਕਤਾ ਮੁਹਿੰਮ ਆਰੰਭ ਕਰ ਰਹੇ ਹਨ ਜੋ ਕਿ ਦਸੰਬਰ ਤਕ ਚੱਲੇਗੀ। ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਦੱਸਿਆ ਕਿ ਇਹ ਉਪਰਾਲਾ ਦੁੱਧ ਖ਼ਪਤਕਾਰਾਂ ਅਤੇ ਪੂਰਤੀਕਾਰਾਂ ਨੂੰ ਦੁੱਧ ਦੀ ਸੁਰੱਖਿਆ ਪ੍ਰਤੀ ਜਾਗਰੂਕ ਕਰਨ ਲਈ ਆਰੰਭਿਆ ਗਿਆ ਹੈ। ਇਸ ਮੁਹਿੰਮ ਦੌਰਾਨ ਪੰਜਾਬ ’ਚੋਂ ਕਿਸੇ ਨੂੰ ਵੀ ਦੁੱਧ ਦੀ ਮਿਲਾਵਟ ਦੀ ਮੁਫ਼ਤ ਜਾਂਚ ਕਰਵਾਉਣ ਦੀ ਸਹੂਲਤ ਹੋਵੇਗੀ ਜਿਸ ਵਿਚ ਦੁੱਧ ਦੀ ਸੰਰਚਨਾ ਜਿਵੇਂ ਚਿਕਨਾਈ ਅਤੇ ਹੋਰ ਤੱਤਾਂ ਬਾਰੇ ਵੀ ਦੱਸਿਆ ਜਾਏਗਾ।
ਉਨ੍ਹਾਂ ਜਾਣਕਾਰੀ ਦਿੱਤੀ ਕਿ ਪੰਜਾਬ ਦੇ ਵਿਭਿੰਨ ਜ਼ਿਲ੍ਹਿਆਂ ਦੇ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਵੀ ਇਸ ਸੰਬੰਧੀ ਜਾਗਰੂਕ ਕੀਤਾ ਜਾਏਗਾ। ਇਨ੍ਹਾਂ ਜਾਗਰੂਕਤਾ ਸੈਸ਼ਨਾਂ ਦੌਰਾਨ ਦੁੱਧ ਉਤਪਾਦਨ ਸਮੇਂ ਸੁਰੱਖਿਆ, ਦੁੱਧ ਵਿਚ ਮਿਲਾਵਟੀ ਤੱਤ ਅਤੇ ਉਨ੍ਹਾਂ ਦੇ ਖ਼ਤਰੇ ਤੇ ਦੁੱਧ ਨੂੰ ਸੁਰੱਖਿਅਤ ਰੱਖਣ ਸੰਬੰਧੀ ਨੁਕਤੇ ਦੱਸੇ ਜਾਣਗੇ। ਨੌਜਵਾਨਾਂ ਨੂੰ ਸਿੱਖਿਅਤ ਕਰਕੇ ਅਸੀਂ ਭਵਿੱਖੀ ਪੀੜੀ ਨੂੰ ਸਿਹਤ ਲਾਭਾਂ ਅਤੇ ਨੁਕਸਾਨਾਂ ਪ੍ਰਤੀ ਚੇਤੰਨ ਕਰ ਸਕਾਂਗੇ।
ਡਾ. ਰਾਮ ਸਰਨ ਸੇਠੀ, ਡੀਨ, ਕਾਲਜ ਆਫ ਡੇਅਰੀ ਅਤੇ ਫ਼ੂਡ ਸਾਇੰਸ ਤਕਨਾਲੋਜੀ ਨੇ ਕਿਹਾ ਕਿ ਇਹ ਉਪਰਾਲਾ ਦੁੱਧ ਉਤਪਾਦਕਾਂ ਅਤੇ ਖ਼ਪਤਕਾਰਾਂ ਦੀ ਸਿਹਤ, ਭੋਜਨ ਸੁਰੱਖਿਆ ਅਤੇ ਸਮਾਜ ਨੂੰ ਸਿੱਖਿਆ ਦੇਣ ਸੰਬੰਧੀ ਹੈ। ਦੁੱਧ ਦੀ ਮੁਫ਼ਤ ਜਾਂਚ ਨਾਲ ਖ਼ਪਤਕਾਰ ਮਿਲਾਵਟ ਦੇ ਨੁਕਸਾਨ ਤੋਂ ਬਚ ਸਕਣਗੇ। ਉਨ੍ਹਾਂ ਨੇ ਇਸ ਸੰਬੰਧੀ ਸਾਰੀਆਂ ਭਾਈਵਾਲ ਧਿਰਾਂ ਨੂੰ ਇਸ ਵਿਚ ਸ਼ਾਮਿਲ ਹੋਣ ਲਈ ਕਿਹਾ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਦੁੱਧ ਦੀ ਜਾਂਚ ਤੋਂ ਪ੍ਰਾਪਤ ਹੋਏ ਨਤੀਜਿਆਂ ਨੂੰ ਜਨਤਕ ਵੀ ਕੀਤਾ ਜਾਵੇਗਾ।
