
ਢਿੱਲ-ਮੱਠ ਲਈ ਐਲ.ਐਂਡ.ਟੀ. ਕੰਪਨੀ ਨੂੰ ਲਗਾਇਐ 8 ਕਰੋੜ ਦਾ ਜੁਰਮਾਨਾ : ਅਜੀਤਪਾਲ ਕੋਹਲੀ
ਪਟਿਆਲਾ, 4 ਜੁਲਾਈ - ਅੱਜ ਇੱਥੇ ਨਗਰ ਨਿਗਮ ਵਿਖੇ ਪਟਿਆਲਾ ਸ਼ਹਿਰ ਦੇ ਵਿਕਾਸ ਕਾਰਜਾਂ ਅਤੇ ਲੋਕਾਂ ਦੇ ਕੰਮਾਂ-ਕਾਰਾਂ ਨੂੰ ਲੈ ਕੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਨਗਰ ਨਿਗਮ, ਪਾਵਰਕਾਮ ਅਤੇ ਐਲ.ਐਂਡ.ਟੀ. ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮੌਕੇ ਵਿਧਾਇਕ ਨੇ ਕਈ ਅਧਿਕਾਰੀਆਂ ਨੂੰ ਝਾੜਾਂ ਪਾਈਆਂ ਅਤੇ ਸਖਤ ਨਿਰਦੇਸ਼ ਦਿੱਤੇ ਕਿ ਵਿਕਾਸ ਕਾਰਜਾਂ ਵਿੱਚ ਢਿੱਲ ਬਰਦਾਸ਼ਤ ਨਹੀਂ ਹੋਵੇਗੀ ਅਤੇ ਨਾਲ ਹੀ ਲੋਕਾਂ ਦੇ ਕੰਮ ਪਹਿਲ ਦੇ ਆਧਾਰ ’ਤੇ ਕਰਨ ਦੇ ਨਿਰਦੇਸ਼ ਦਿੱਤੇ।
ਪਟਿਆਲਾ, 4 ਜੁਲਾਈ - ਅੱਜ ਇੱਥੇ ਨਗਰ ਨਿਗਮ ਵਿਖੇ ਪਟਿਆਲਾ ਸ਼ਹਿਰ ਦੇ ਵਿਕਾਸ ਕਾਰਜਾਂ ਅਤੇ ਲੋਕਾਂ ਦੇ ਕੰਮਾਂ-ਕਾਰਾਂ ਨੂੰ ਲੈ ਕੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਨਗਰ ਨਿਗਮ, ਪਾਵਰਕਾਮ ਅਤੇ ਐਲ.ਐਂਡ.ਟੀ. ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮੌਕੇ ਵਿਧਾਇਕ ਨੇ ਕਈ ਅਧਿਕਾਰੀਆਂ ਨੂੰ ਝਾੜਾਂ ਪਾਈਆਂ ਅਤੇ ਸਖਤ ਨਿਰਦੇਸ਼ ਦਿੱਤੇ ਕਿ ਵਿਕਾਸ ਕਾਰਜਾਂ ਵਿੱਚ ਢਿੱਲ ਬਰਦਾਸ਼ਤ ਨਹੀਂ ਹੋਵੇਗੀ ਅਤੇ ਨਾਲ ਹੀ ਲੋਕਾਂ ਦੇ ਕੰਮ ਪਹਿਲ ਦੇ ਆਧਾਰ ’ਤੇ ਕਰਨ ਦੇ ਨਿਰਦੇਸ਼ ਦਿੱਤੇ।
ਵਿਧਾਇਕ ਨੇ ਇਹ ਵੀ ਕਿਹਾ ਕਿ ਜੇਕਰ ਕਿਸੇ ਦੀ ਸ਼ਿਕਾਇਤ ਆਈ ਤਾਂ ਸਬੰਧਤ ਵਿਭਾਗ ਦਾ ਮੁਖੀ ਜਾਂ ਇੰਚਾਰਜ ਜ਼ਿੰਮੇਵਾਰ ਹੋਵੇਗਾ, ਜਿਸ ਦੀ ਰਿਪੋਰਟ ਬਣਾ ਕੇ ਸਰਕਾਰ ਨੂੰ ਭੇਜੀ ਜਾਵੇਗੀ। ਵਿਧਾਇਕ ਕੋਹਲੀ ਨੇ ਦੱਸਿਆ ਕਿ ਸ਼ਹਿਰ ਵਿੱਚ ਐਲ.ਐਂਡ.ਟੀ. ਕੰਪਨੀ ਕੋਲ ਪਾਣੀ ਦੀਆਂ ਨਵੀਆਂ ਪਾਈਪ ਲਾਈਨਾਂ ਵਿਛਾਉਣ ਦਾ ਕੰਮ ਹੈ, ਜਿਸ ਦੀ ਢਿੱਲ-ਮੱਠ ਨੂੰ ਦੇਖਦਿਆਂ 8 ਕਰੋੜ ਦਾ ਜੁਰਮਾਨਾ ਲਗਾਇਆ ਹੈ। ਉਨ੍ਹਾਂ ਕਿਹਾ ਕਿ ਕੰਪਨੀ ਨੂੰ ਮੁੜ ਕਿਹਾ ਗਿਆ ਹੈ ਕਿ ਟੁੱਟੀਆਂ ਸੜਕਾਂ ਨੂੰ ਲੈ ਕੇ ਲੋਕਾਂ ਨੂੰ ਕੋਈ ਸਮੱਸਿਆ ਨਾ ਆਵੇ। ਇਸ ਕਰਕੇ ਸਾਰੇ ਕੰਮ ਸਮੇਂ ਸਿਰ ਮੁਕੰਮਲ ਕੀਤੇ ਜਾਣ।
ਇਸ ਮੌਕੇ ਨਗਰ ਨਿਗਮ ਦੇ ਕਮਿਸ਼ਨਰ ਅਦਿਤਿਆ ਡੇਚਵਾਲ ਵੀ ਮੌਜੂਦ ਸਨ। ਸਾਰੇ ਵਿਭਾਗਾਂ ਤੋਂ ਰਿਪੋਰਟ ਪ੍ਰਾਪਤ ਕਰਕੇ ਵਿਧਾਇਕ ਨੇ ਕਿਹਾ ਕਿ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਸਾਡੀ ਪਹਿਲੀ ਜ਼ਿੰਮੇਵਾਰੀ ਹੈ ਅਤੇ ਨਾਲ ਹੀ ਸਰਕਾਰ ਦਾ ਵਾਅਦਾ ਵੀ ਹੈ ਕਿ ਕਿਸੇ ਦੇ ਕੰਮ ਨੂੰ ਲਟਕਾਇਆ ਨਹੀਂ ਜਾਵੇਗਾ। ਇਸ ਕਰਕੇ ਜੇਕਰ ਫਿਰ ਵੀ ਕੋਈ ਅਧਿਕਾਰੀ ਆਮ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਕਰੇਗਾ ਜਾਂ ਉਨ੍ਹਾਂ ਦੇ ਕੰਮਾਂ ਨੂੰ ਬੇਵਜਾ ਲਟਕਾਉਣ ਦੀ ਕੋਸ਼ਿਸ਼ ਕਰੇਗਾ ਤਾਂ ਉਸ ਦੇ ਖ਼ਿਲਾਫ਼ ਸਖਤ ਐਕਸ਼ਨ ਲਿਆ ਜਾਵੇਗਾ। ਇਸ ਦੇ ਨਾਲ ਹੀ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਸਾਰੇ ਵਿਭਾਗਾਂ ਤੋਂ ਵਿਸਥਾਰਤ ਰਿਪੋਰਟ ਪ੍ਰਾਪਤ ਕੀਤੀ ਅਤੇ ਇਹ ਵੀ ਕਿਹਾ ਕਿ ਜੇਕਰ ਕਿਸੇ ਵਿਭਾਗ ਦਾ ਕੰਮ ਪੂਰਾ ਨਹੀਂ ਹੈ ਤਾਂ ਉਹ ਅਗਲੀ ਮੀਟਿੰਗ ਤਕ ਸਾਰੇ ਕਾਗਜ਼ਾਤ ਤਿਆਰ ਕਰਕੇ ਲਿਆਉਣ।
ਵਿਧਾਇਕ ਨੇ ਦੱਸਿਆ ਕਿ ਅਗਾਮੀ ਬਾਰਿਸ਼ ਦੇ ਸੀਜ਼ਨ ਵਿਚ ਮੱਛਰਾਂ ਦੀ ਭਰਮਾਰ ਹੋ ਜਾਂਦੀ ਹੈ, ਜਿਸ ਕਰਕੇ ਫੌਗਿੰਗ ਜ਼ਰੂਰੀ ਹੁੰਦੀ ਹੈ। ਇਸ ਵਾਰ ਫ਼ੈਸਲਾ ਲਿਆ ਹੈ ਕਿ ਹਰ ਵਾਰਡ ਨੂੰ ਇੱਕ ਫੌਗਿੰਗ ਮਸ਼ੀਨ ਦਿੱਤੀ ਜਾਵੇ ਤਾਂ ਕਿ ਸਮੇਂ ਸਿਰ ਹਰ ਗਲੀ, ਮੁਹੱਲੇ ਅੰਦਰ ਫੌਗਿੰਗ ਕੀਤੀ ਜਾ ਸਕੇ। ਇਹ ਮਸ਼ੀਨਾਂ ਛੋਟੀਆਂ ਗਲੀਆਂ ਅੰਦਰ ਜਾ ਸਕਣਗੀਆਂ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਸਾਫ ਸੁਥਰਾ ਪੀਣ ਵਾਲਾ ਪਾਣੀ ਮੁਹੱਈਆ ਕਰਾਉਣ ਦੇ ਇਰਾਦੇ ਨਾਲ ਸ਼ਹਿਰ ਦੇ ਵੱਖ-ਵੱਖ ਥਾਵਾਂ ’ਤੇ 7 ਆਰ.ਓ. ਲਗਾਏ ਜਾ ਰਹੇ ਹਨ। ਧਾਮੋਮਾਜਰਾ ਵਿਖੇ ਗਲੀਆਂ ਅਤੇ ਸੀਵਰੇਜ ਸਮੇਤ ਪੀਣ ਵਾਲੇ ਪਾਣੀ ਦੀ ਪਾਈਪ ਲਾਈਨ ਦਾ ਕੰਮ ਲਗਾਤਾਰ ਜਾਰੀ ਹੈ, ਹੁਣ ਜਿਹੜੇ ਕੰਮ ਰਹਿ ਗਏ ਹਨ, ਉਹ 67 ਲੱਖ ਦੇ ਬਜਟ ਨਾਲ ਜਲਦੀ ਪੂਰੇ ਕਰ ਦਿੱਤੇ ਜਾਣਗੇ।
ਅਜੀਤਪਾਲ ਸਿੰਘ ਕੋਹਲੀ ਨੇ ਮੀਟਿੰਗ ਵਿਚ ਮੌਜੂਦ ਨਗਰ ਨਿਗਮ ਅਤੇ ਐਲ.ਐਂਡ.ਟੀ. ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਕੇਨਾਲ ਵੇਸਟ ਪ੍ਰੋਜੈਕਟ ਜਲਦੀ ਸ਼ੁਰੂ ਕਰਨ ਦੇ ਮਕਸਦ ਨਾਲ ਸ਼ਹਿਰ ਵਿੱਚ ਕਈ ਪਾਣੀ ਦੀਆਂ ਟੈਂਕੀਆਂ ਨਵੀਆਂ ਬਣਾਈਆਂ ਜਾ ਰਹੀਆਂ ਹਨ, ਜਦਕਿ ਕਈ ਥਾਵਾਂ 'ਤੇ ਪੁਰਾਣੀਆਂ ਤੇ ਅਨਸੇਫ ਟੈਂਕੀਆਂ ਨੂੰ ਜਲਦੀ ਡੇਗ ਕੇ ਉਨ੍ਹਾਂ ਦੀ ਥਾਂ ਨਵੀਆਂ ਟੈਂਕੀਆਂ ਬਨਾਉਣ ਦੇ ਆਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਪ੍ਰੇਸ਼ਾਨੀਆਂ ਨਾ ਆਉਣ ਇਸ ਕਰਕੇ ਇਹ ਕੰਮ ਜਲਦੀ ਸ਼ੁਰੂ ਕੀਤਾ ਜਾਵੇ।
