
ਹਾਦਸੇ 'ਚ ਮੌਤ ਦੀ ਸੂਰਤ ਵਿੱਚ ਪੀ ਆਰ ਟੀ ਸੀ ਮੁਲਾਜ਼ਮ ਦੇ ਪਰਿਵਾਰ ਨੂੰ ਮਿਲਣਗੇ 40 ਲੱਖ ਰੁਪਏ
ਪਟਿਆਲਾ, 3 ਜੁਲਾਈ - ਪੀਆਰਟੀਸੀ ਨੇ ਪੰਜਾਬ ਐਂਡ ਸਿੰਧ ਬੈਂਕ ਨਾਲ ਇੱਕ ਸਮਝੌਤਾ ਕੀਤਾ ਹੈ ਜਿਸ ਵਿੱਚ ਮੁਲਾਜ਼ਮਾਂ ਨੂੰ ਫਾਇਦਾ ਹੋਵੇਗਾ। ਪੀ ਆਰ ਟੀ ਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਦੱਸਿਆ ਕਿ ਮੁਲਾਜ਼ਮਾਂ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਦਾ ਸੰਭਵ ਹੱਲ ਕੱਢਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ।
ਪਟਿਆਲਾ, 3 ਜੁਲਾਈ - ਪੀਆਰਟੀਸੀ ਨੇ ਪੰਜਾਬ ਐਂਡ ਸਿੰਧ ਬੈਂਕ ਨਾਲ ਇੱਕ ਸਮਝੌਤਾ ਕੀਤਾ ਹੈ ਜਿਸ ਵਿੱਚ ਮੁਲਾਜ਼ਮਾਂ ਨੂੰ ਫਾਇਦਾ ਹੋਵੇਗਾ। ਪੀ ਆਰ ਟੀ ਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਦੱਸਿਆ ਕਿ ਮੁਲਾਜ਼ਮਾਂ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਦਾ ਸੰਭਵ ਹੱਲ ਕੱਢਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ।
ਉਨਾਂ ਕਿਹਾ ਕਿ ਅਕਸਰ ਦੇਖਣ ਵਿੱਚ ਆ ਰਿਹਾ ਸੀ ਕਿ ਮੁਲਾਜ਼ਮ ਦੇ ਕਿਸੇ ਵੀ ਤਰ੍ਹਾਂ ਨਾਲ ਹੋਣ ਵਾਲੇ ਹਾਦਸੇ 'ਚ ਮੌਤ ਹੋ ਜਾਣ ਜਾਂ ਸਰੀਰ ਪੱਖੋਂ ਹਾਲਤ ਖਰਾਬ ਹੋ ਜਾਣ ਨਾਲ ਮੁਲਾਜ਼ਮਾਂ ਨੂੰ ਚਿੰਤਾ ਹੋ ਜਾਂਦੀ ਸੀ। ਉਨ੍ਹਾਂ ਦੱਸਿਆ ਕਿ ਪੰਜਾਬ ਐਂਡ ਸਿੰਧ ਬੈਂਕ ਨਾਲ ਜੋ ਸੰਧੀ ਕੀਤੀ ਗਈ ਹੈ ਉਸ ਨਾਲ 4200 ਮੁਲਾਜ਼ਮਾਂ ਨੂੰ ਲਾਭ ਮਿਲੇਗਾ। ਮੁਲਾਜ਼ਮ ਨੂੰ ਆਪਣਾ ਖਾਤਾ ਪੰਜਾਬ ਐਂਡ ਸਿੰਧ ਬੈਂਕ ਵਿੱਚ ਸ਼ਿਫਟ ਕਰਨਾ ਹੋਵੇਗਾ, ਜਿਸ ਮਗਰੋਂ ਉਸ ਮੁਲਾਜ਼ਮ ਨੂੰ ਬਿਨਾਂ ਕਿਸੇ ਖਰਚੇ ਤੋਂ ਮੁਫਤ ਬੀਮੇ ਦੀ ਸਹੂਲਤ ਦਿੱਤੀ ਜਾਵੇਗੀ। ਇਸ ਤਹਿਤ ਜੇਕਰ ਮਹਿਕਮੇ ਦੇ ਕਿਸੇ ਮੁਲਾਜ਼ਮ ਦੀ ਕਿਤੇ ਵੀ ਡਿਊਟੀ ਦੌਰਾਨ ਹਾਦਸੇ ਵਿਚ ਮੌਤ ਹੋ ਜਾਂਦੀ ਹੈ ਤਾਂ ਉਸਦੇ ਪਰਿਵਾਰ ਨੂੰ ਤੁਰੰਤ ਪ੍ਰਭਾਵ ਨਾਲ 40 ਲੱਖ ਰੁਪਏ ਪੰਜਾਬ ਐਂਡ ਸਿੰਧ ਬੈਂਕ ਵੱਲੋਂ ਦਿੱਤੇ ਜਾਣਗੇ। ਖਾਸ ਗੱਲ ਹੈ ਕਿ ਇਹ ਨਿਯਮ ਆਫ ਡਿਊਟੀ ਵੀ ਲਾਗੂ ਹੋਵੇਗਾ।
ਇਸ ਤੋਂ ਇਲਾਵਾ ਜੇਕਰ ਘਰ ਵਿੱਚ ਧੀ ਪੜਾਈ ਕਰ ਰਹੀ ਹੋਵੇਗੀ ਤਾਂ ਉਸਨੂੰ ਪੜਾਈ ਲਈ 12 ਲੱਖ ਰੁਪਏ ਵੱਖਰੇ ਤੌਰ 'ਤੇ ਦਿੱਤੇ ਜਾਣਗੇ ਅਤੇ ਜੇਕਰ ਘਰ ਵਿੱਚ ਪੁੱਤਰ ਪੜ ਰਿਹਾ ਹੋਵੇਗਾ ਤਾਂ ਉਸਨੂੰ ਪੜਾਈ ਲਈ 6 ਲੱਖ ਰੁਪਏ ਦਿੱਤੇ ਜਾਣਗੇ। ਇਸ ਤੋਂ ਇਲਾਵਾ ਜੇਕਰ ਕਿਸੇ ਮੁਲਾਜ਼ਮ ਦੇ ਐਕਸੀਡੈਂਟ ਦੌਰਾਨ ਕਿਸੇ ਸ਼ਰੀਰ ਦਾ ਕੋਈ ਅੰਗ ਖਰਾਬ ਹੋ ਜਾਂਦਾ ਹੈ ਤਾਂ ਉਸ ਵਿੱਚ ਵੀ ਬਣਦਾ ਕਲੇਮ ਮੁਲਾਜ਼ਮ ਨੂੰ ਦਿੱਤਾ ਜਾਵੇਗਾ। ਸਮਝੌਤੇ ਮੌਕੇ ਪੀਆਰਟੀ ਸੀ ਦੇ ਐਮ ਡੀ ਰਵਿੰਦਰ ਸਿੰਘ, ਮੁੱਖ ਲੇਖਾ ਅਫਸਰ ਕਮ ਵਿੱਤੀ ਸਲਾਹਕਾਰ ਰਾਜੀਵ ਕੁਮਾਰ ਗੋਇਲ, ਜੀ ਐਮ ਪ੍ਰਸ਼ਾਸਨ ਮਨਿੰਦਰ ਸਿੰਘ ਸਿੱਧੂ, ਪੰਜਾਬ ਐਂਡ ਸਿੰਧ ਬੈਂਕ ਤੋਂ ਚਮਨ ਲਾਲ ਫੀਲਡ ਜਨਰਲ ਮੈਨੇਜਰ, ਕਰਮਜੀਤ ਸਿੰਘ ਡਿਪਟੀ ਜਨਰਲ ਮੈਨੇਜਰ ਤੇ ਉਪਾਸਨਾ ਧਰ ਜ਼ੋਨਲ ਮੈਨੇਜਰ ਵੀ ਮੌਜੂਦ ਸਨ।
