ਭਾਸ਼ਾ ਵਿਭਾਗ ਨੂੰ ਸਾਹਿਤਕ ਤੌਰ 'ਤੇ ਮਜ਼ਬੂਤ ਕਰਨਾ ਮੇਰਾ ਪਹਿਲਾ ਕੰਮ : ਜਸਵੰਤ ਸਿੰਘ ਜ਼ਫ਼ਰ

ਪਟਿਆਲਾ, 29 ਜੂਨ - ਨਾਮਵਰ ਸ਼ਾਇਰ, ਕਲਾ ਨਾਲ ਪ੍ਰਣਾਏ ਤੇ ਵਾਤਾਵਰਨ ਪ੍ਰੇਮੀ ਭਾਸ਼ਾ ਵਿਭਾਗ ਪੰਜਾਬ ਦੇ ਨਵ ਨਿਯੁਕਤ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਨੇ ਕਿਹਾ ਹੈ ਕਿ ਭਾਸ਼ਾ ਵਿਭਾਗ ਦੇ ਮੁਖੀ ਵਜੋਂ ਉਨ੍ਹਾਂ ਦਾ ਪਹਿਲਾ ਕੰਮ ਵਿਭਾਗ ਨੂੰ ਪਹਿਲਾਂ ਦੀ ਤਰ੍ਹਾਂ ਸਾਹਿਤਕ ਤੌਰ 'ਤੇ ਮਜ਼ਬੂਤ ਕੀਤਾ ਜਾਵੇ ਅਤੇ ਪੰਜਾਬੀ ਸਮੇਤ ਹਿੰਦੀ ਤੇ ਉਰਦੂ ਭਾਸ਼ਾਵਾਂ ਨੂੰ ਪ੍ਰਫੁੱਲਿਤ ਕਰਨ ਲਈ ਸੁਹਿਰਦ ਕੋਸ਼ਿਸ਼ਾਂ ਕੀਤੀਆਂ ਜਾਣ।

ਇਹ ਵਿਚਾਰ ਉਨ੍ਹਾਂ ਆਪਣਾ ਅਹੁਦਾ ਸੰਭਾਲਣ ਮੌਕੇ ਕਲਾ ਤੇ ਸਾਹਿਤ ਨਾਲ ਜੁੜੀਆਂ ਸ਼ਖ਼ਸੀਅਤਾਂ ਦੀ ਹਾਜ਼ਰੀ ਵਿੱਚ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ  'ਸਾਡੀ ਪ੍ਰਤਿਭਾ ਨੂੰ ਨਿਖਾਰਨ ਵਿੱਚ ਭਾਸ਼ਾ  ਵਿਭਾਗ ਦਾ ਯੋਗਦਾਨ ਜ਼ਰੂਰ ਰਿਹਾ ਹੈ, ਇਸ ਲਈ ਸਾਡਾ ਇਹ ਫਰਜ਼ ਬਣਦਾ ਹੈ ਇਸ ਦੀ ਹੋਰ ਬਿਹਤਰੀ ਲਈ ਰਲ ਕੇ ਕੰਮ ਕਰੀਏ'। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸ ਵਿਭਾਗ ਨੂੰ ਪ੍ਰਫੁੱਲਿਤ ਕਰਨ ਤੇ ਪੈਂਡਿੰਗ ਕੰਮਾਂ ਲਈ ਰਾਜ ਸਰਕਾਰ ਤੋਂ ਵਧੇਰੇ ਵੰਡਾਂ ਦੀ ਲੋੜ ਪਵੇਗੀ। ਉਨ੍ਹਾਂ ਆਪਣੇ ਅਧਿਕਾਰੀਆਂ ਨੂੰ ਮਿਲਜੁਲ ਕੇ ਕੰਮ ਕਰਨ ਅਤੇ ਧੜੇਬੰਦੀ ਤੋਂ ਨਿਰਲੇਪ ਰਹਿਣ ਦੀ ਤਾਕੀਦ ਕੀਤੀ। 
ਪੀ ਐਸ ਪੀ ਸੀ ਐੱਲ ਦੇ ਚੇਅਰਮੈਨ ਬਲਦੇਵ ਸਿੰਘ ਸਰਾਂ ਨੇ ਕਿਹਾ ਕਿ ਤਾਸ਼ਾ ਵਿਭਾਗ ਨੂੰ ਹੁਣ ਇਕ ਲੇਖਕ, ਕਵੀ, ਕਾਰਟੂਨਿਸਟ ਦੇ ਨਾਲ ਬਿਜਲੀ ਬੋਰਡ ਦਾ ਸਾਬਕਾ ਇੰਜੀਨੀਅਰ ਵੀ ਮਿਲਿਆ ਹੈ। ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਸਵਰਨਜੀਤ ਸਵੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਿਭਾਗਾਂ ਦੀ ਅਹਿਮੀਅਤ ਨੂੰ ਦੇਖਦਿਆਂ ਜੋ ਨਿਯੁਕਤੀਆਂ ਕੀਤੀਆਂ ਗਈਆਂ ਹਨ, ਉਸਦਾ ਅਸਰ ਲੰਬੇ ਸਮੇਂ ਤਕ ਨਜ਼ਰ ਆਵੇਗਾ। ਇਸ ਮੌਕੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਤੋਂ ਇਲਾਵਾ ਪ੍ਰੋ. ਅਮਰਜੀਤ ਸਿੰਘ ਗਰੇਵਾਲ ਨੇ ਵੀ ਸੰਬੋਧਨ ਕੀਤਾ। ਸਮਾਗਮ 'ਚ ਪ੍ਰੋ. ਕ੍ਰਿਪਾਲ ਸਿੰਘ ਕਜ਼ਾਕ ਸਮੇਤ ਹੋਰ ਵੀ ਕਈ ਸਾਹਿਤਕਾਰ ਅਤੇ ਵਿਦਵਾਨ ਹਾਜ਼ਰ ਸਨ।