ਸਰਕਾਰ ਵੱਲੋਂ ਸੂਬੇ ਵਿੱਚ ਛੋਟੀਆਂ ਰਜਿਸਟਰੀਆਂ ਤੇ ਬਿਜਲੀ ਦੇ ਕੁਨੈਕਸ਼ਨਾਂ ਤੇ ਰੋਕ ਕਾਰਨ ਹੋਈ ਆਮ ਆਦਮੀ ਪਾਰਟੀ ਦੀ ਹਾਰ : ਮੋਰਚਾ

ਐਸ. ਏ. ਐਸ. ਨਗਰ, 6 ਜੂਨ - ਆਮ ਆਦਮੀ ਘਰ ਬਚਾਓ ਮੋਰਚਾ ਪੰਜਾਬ ਦੇ ਆਗੂਆਂ ਨੇ ਕਿਹਾ ਹੈ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਛੋਟੀਆਂ ਰਜਿਸਟਰੀਆਂ ਤੇ ਬਿਜਲੀ ਦੇ ਕੁਨੈਕਸ਼ਨਾਂ ਤੇ ਲਗਾਈ ਰੋਕ ਕਾਰਨ ਆਮ ਆਦਮੀ ਪਾਰਟੀ ਦੀ ਹਾਰ ਹੋਈ ਹੈ।

ਐਸ. ਏ. ਐਸ. ਨਗਰ, 6 ਜੂਨ - ਆਮ ਆਦਮੀ ਘਰ ਬਚਾਓ ਮੋਰਚਾ ਪੰਜਾਬ ਦੇ ਆਗੂਆਂ ਨੇ ਕਿਹਾ ਹੈ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਛੋਟੀਆਂ ਰਜਿਸਟਰੀਆਂ ਤੇ ਬਿਜਲੀ ਦੇ ਕੁਨੈਕਸ਼ਨਾਂ ਤੇ ਲਗਾਈ ਰੋਕ ਕਾਰਨ ਆਮ ਆਦਮੀ ਪਾਰਟੀ ਦੀ ਹਾਰ ਹੋਈ ਹੈ।
ਮੋਰਚੇ ਦੀ ਮੀਟਿੰਗ ਦੌਰਾਨ ਕਨਵੀਨਰ ਸ਼੍ਰੀ ਹਰਮਿੰਦਰ ਸਿੰਘ ਮਾਵੀ ਨੇ ਕਿਹਾ ਕਿ ਚੋਣਾਂ ਦੌਰਾਨ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੀ ਹਾਰ ਹੋਈ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਸੂਬੇ ਵਿੱਚ ਜੋ ਛੋਟੇ ਪਲਾਟਾਂ ਦੀਆਂ ਰਜਿਸਟਰੀਆਂ ਤੇ ਰੋਕ ਲਗਾਉਣ ਅਤੇ ਲੋਕਾਂ ਦੇ ਮਕਾਨਾਂ ਲਈ ਬਿਜਲੀ ਦੇ ਕੁਨੈਕਸ਼ਨ ਬੰਦ ਕੀਤੇ ਜਾਣ ਦੀ ਨੀਤੀ ਨਾਲ ਸੂਬੇ ਦੇ ਕਰੋੜਾਂ ਲੋਕ ਪ੍ਰਭਾਵਿਤ ਹੋਏ ਹਨ।
ਮੋਰਚੇ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਦਰਸ਼ਨ ਸਿੰਘ ਧਾਲੀਵਾਲ ਨੇ ਦੱਸਿਆ ਕਿ ਪੰਜਾਬ ਵਿੱਚ ਪਿਛਲੇ 25/30 ਸਾਲਾਂ ਤੋਂ ਸ਼ਹਿਰਾਂ, ਪਿੰਡਾਂ ਅਤੇ ਮਿਉਂਸੀਪਲ ਕਮੇਟੀਆਂ/ ਕਾਰਪੋਰੇਸ਼ਨਾਂ ਦੇ ਅੰਦਰ ਅਤੇ ਬਾਹਰ ਮਜਦੂਰਾਂ ਅਤੇ ਘੱਟ ਆਮਦਨੀ ਵਾਲੇ ਕਰੋੜਾਂ ਵਸਨੀਕ ਆਪਣੇ ਘਰ ਬਣਾ ਕੇ ਰਹਿ ਰਹੇ ਹਨ ਅਤੇ ਇਹਨਾਂ ਥਾਵਾਂ ਤੇ ਕੁਝ ਪਲਾਟ ਅਜੇ ਵੀ ਖਾਲੀ ਪਏ ਹਨ ਪਰ ਸਰਕਾਰ ਵੱਲੋਂ ਇਹਨਾਂ ਉਸਾਰੀਆਂ ਨੂੰ ਗੈਰ ਕਾਨੂੰਨੀ ਦੱਸ ਕੇ ਇਹਨਾਂ ਦੀਆਂ ਰਜਿਸਟਰੀਆਂ ਤੇ ਰੋਕ ਲਗਾ ਦਿੱਤੀ ਹੈ ਅਤੇ ਨਵੀਆਂ ਉਸਾਰੀਆਂ ਨੂੰ ਬਿਜਲੀ ਦੇ ਕੁਨੈਕਸ਼ਨ ਵੀ ਜਾਰੀ ਕਰਨੇ ਬੰਦ ਕਰ ਦਿੱਤੇ ਗਏ ਹਨ ਜੋ ਕਿ ਲੋਕਾਂ ਨਾਲ ਸ਼ਰੇਆਮ ਧੱਕਾ ਹੈ। ਉਹਨਾਂ ਕਿਹਾ ਕਿ ਇਹਨਾਂ ਕਲੋਨੀਆਂ ਦੀ ਗਿਣਤੀ ਪੰਜਾਬ ਵਿੱਚ ਲੱਗਭਗ 20000 ਦੇ ਕਰੀਬ ਹੈ ਅਤੇ ਇਹਨਾਂ ਵਿੱਚ ਡੇਢ ਕਰੋੜ ਦੇ ਕਰੀਬ ਲੋਕ ਰਹਿ ਰਹੇ ਹਨ ਜੋ ਸੂਬੇ ਦੀ ਕੁੱਲ ਆਬਾਦੀ ਦਾ 50 ਫੀਸਦੀ ਦੇ ਕਰੀਬ ਬਣਦਾ ਹੈ। ਉਹਨਾਂ ਕਿਹਾ ਕਿ ਉਕਤ ਰੋਕਾਂ ਲਗਾ ਕੇ ਲੋਕਾਂ ਦੇ ਸੰਵਿਧਾਨਕ ਅਧਿਕਾਰਾਂ ਦੀ ਉਲੰਘਣਾ ਕੀਤੀ ਗਈ ਹੈ, ਜਿਸਦਾ ਖਮਿਆਜਾ ਆਮ ਆਦਮੀ ਪਾਰਟੀ ਨੂੰ ਇਹਨਾਂ ਚੋਣਾਂ ਵਿੱਚ ਭੁਗਤਣਾ ਪਿਆ ਹੈ।
ਮੋਰਚੇ ਵੱਲੋਂ ਮੁੱਖ ਮੰਤਰੀ ਤੋਂ ਮੰਗ ਕੀਤੀ ਗਈ ਹੈ ਕਿ ਸਰਕਾਰ ਵੱਲੋਂ ਉਕਤ ਰੋਕਾਂ ਤੁਰੰਤ ਖਤਮ ਕਰਕੇ ਪੰਜਾਬ ਦੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਜਸਪਾਲ ਸਿੰਘ ਦੱਪਰ, ਓਮ ਪ੍ਰਕਾਸ਼, ਨਾਰੇਸ਼ ਖੰਨਾ, ਹਰਸਿਮਰਨ ਸਿੰਘ, ਰੋਹਿਤ ਕੁਮਾਰ, ਮਹੇਸ਼ ਰਾਣਾ, ਅਮਨਦੀਪ ਸਿੰਘ ਬਡਹੇੜੀ ਅਤੇ ਯਸ਼ਜੋਤ ਸਿੰਘ ਧਾਲੀਵਾਲ ਵੀ ਹਾਜ਼ਰ ਸਨ।