
ਵੈਟਨਰੀ ਯੂਨੀਵਰਸਿਟੀ ਮਾਹਿਰਾਂ ਨੇ ਚਾਰਿਆਂ ਦੇ ਅਚਾਰ ਦੀ ਮਾੜੀ ਕਵਾਲਿਟੀ ਬਾਰੇ ਕੀਤਾ ਸੁਚੇਤ
ਲੁਧਿਆਣਾ 22 ਅਪ੍ਰੈਲ 2024:- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਪਸਾਰ ਸਿੱਖਿਆ ਨਿਰਦੇਸ਼ਾਲੇ ਵੱਲੋਂ ਹਰੇ ਚਾਰਿਆਂ ਦੇ ਅਚਾਰ (ਸਾਈਲੇਜ) ਸੰਬੰਧੀ ਪਾਏ ਜਾਂਦੇ ਕੁਝ ਭਰਮਾਂ ਬਾਰੇ ਡੇਅਰੀ ਕਿਸਾਨਾਂ ਨੂੰ ਸੁਚੇਤ ਕਰਨ ਲਈ ਇਕ ਵਿਚਾਰ ਵਟਾਂਦਰਾ ਸੈਸ਼ਨ ਦਾ ਆਯੋਜਨ ਕੀਤਾ ਗਿਆ।
ਲੁਧਿਆਣਾ 22 ਅਪ੍ਰੈਲ 2024:- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਪਸਾਰ ਸਿੱਖਿਆ ਨਿਰਦੇਸ਼ਾਲੇ ਵੱਲੋਂ ਹਰੇ ਚਾਰਿਆਂ ਦੇ ਅਚਾਰ (ਸਾਈਲੇਜ) ਸੰਬੰਧੀ ਪਾਏ ਜਾਂਦੇ ਕੁਝ ਭਰਮਾਂ ਬਾਰੇ ਡੇਅਰੀ ਕਿਸਾਨਾਂ ਨੂੰ ਸੁਚੇਤ ਕਰਨ ਲਈ ਇਕ ਵਿਚਾਰ ਵਟਾਂਦਰਾ ਸੈਸ਼ਨ ਦਾ ਆਯੋਜਨ ਕੀਤਾ ਗਿਆ। ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਨੇ ਦੱਸਿਆ ਕਿ ਪੰਜਾਬ ਦੇ ਡੇਅਰੀ ਉਦਯੋਗ ਨੇ ਬਹੁਤ ਤਰੱਕੀ ਕੀਤੀ ਹੈ ਅਤੇ ਹਰੇ ਚਾਰਿਆਂ ਦਾ ਅਚਾਰ ਵੀ ਇਸ ਸਮੇਂ ਦੌਰਾਨ ਪਸ਼ੂ ਖੁਰਾਕ ਵਜੋਂ ਬਹੁਤ ਮਕਬੂਲ ਹੋਇਆ ਹੈ। ਪਰ ਚਾਰਿਆਂ ਦੇ ਅਚਾਰ ਦੀ ਮਾੜੀ ਕਵਾਲਿਟੀ ਕਾਰਣ ਕਈ ਥਾਂਵਾਂ ’ਤੇ ਪਸ਼ੂਆਂ ਦੀ ਸਿਹਤ ਨੂੰ ਬਹੁਤ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਪਸ਼ੂ ਪਾਲਕ ਭਾਈਚਾਰੇ ਨੂੰ ਸੁਚੇਤ ਅਤੇ ਸਿੱਖਿਅਤ ਕਰਨ ਲਈ ਇਸ ਵਿਚਾਰ ਵਟਾਂਦਰਾ ਸੈਸ਼ਨ ਦਾ ਆਯੋਜਨ ਕੀਤਾ ਗਿਆ। ਡਾ. ਰਵਿੰਦਰ ਸਿੰਘ ਗਰੇਵਾਲ, ਨਿਰਦੇਸ਼ਕ, ਲਾਈਸਟਾਕ ਫਾਰਮਜ਼ ਨੇ ਸਾਈਲੇਜ ਬਨਾਉਣ ਲਈ ਵਰਤੀ ਜਾਂਦੀ ਪੂਰਣ ਪ੍ਰਕਿਰਿਆ ਜੋ ਕਿ ਚਾਰਿਆਂ ਦੀ ਕਟਾਈ ਤੋਂ ਸ਼ੁਰੂ ਹੋ ਕੇ ਉਸ ਨੂੰ ਦਬਾਅ ਕੇ ਸੰਭਾਲਣ ਤਕ ਚਲਦੀ ਹੈ ਦੇ ਹਰੇਕ ਪਹਿਲੂ ਨੂੰ ਸਪੱਸ਼ਟ ਕੀਤਾ। ਉਨ੍ਹਾਂ ਕਿਹਾ ਕਿ ਕਿਸੇ ਬਿੰਦੂ ’ਤੇ ਵੀ ਘਾਟ ਰਹਿ ਜਾਣ ਕਾਰਨ ਸਾਈਲੇਜ ਖਰਾਬ ਹੋ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਾਈਲੇਜ ਵਿਚ ਉੱਲੀ ਜਾਂ ਕੋਈ ਹੋਰ ਵਿਕਾਰ ਆਉਣ ’ਤੇ ਸਾਨੂੰ ਇਹ ਪਸ਼ੂਆਂ ਲਈ ਨਹੀਂ ਵਰਤਣਾ ਚਾਹੀਦਾ। ਉਨ੍ਹਾਂ ਜਾਣਕਾਰੀ ਦਿੱਤੀ ਕਿ ਅਸੀਂ ਸਾਈਲੇਜ ਨੂੰ ਜੁਗਾਲੀ ਕਰਨ ਵਾਲੇ ਕਿਸੇ ਵੀ ਪਸ਼ੂ ਨੂੰ ਦੇ ਸਕਦੇ ਹਾਂ।
ਡਾ. ਰਾਕੇਸ਼ ਸ਼ਰਮਾ, ਮੁਖੀ ਪਸਾਰ ਸਿੱਖਿਆ ਵਿਭਾਗ ਨੇ ਮਾੜੀ ਕਵਾਲਿਟੀ ਦੇ ਸਾਈਲੇਜ ਕਾਰਣ ਪਸ਼ੂਆਂ ਨੂੰ ਆਉਂਦੀਆਂ ਦਿੱਕਤਾਂ ਸੰਬੰਧੀ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਸਾਈਲੇਜ ਵਰਤਣ ਤੋਂ ਪਹਿਲਾਂ ਯੂਨੀਵਰਸਿਟੀ ਦੀ ਪ੍ਰਯੋਗਸ਼ਾਲਾ ਤੋਂ ਜਾਂਚ ਕਰਵਾ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਾਂਚ ਵਿਚ-ਵਿਚ ਕਰਵਾਉਂਦੇ ਰਹਿਣਾ ਚਾਹੀਦਾ ਹੈ। ਡਾ. ਏ ਐਸ ਪੰਨੂ ਨੇ ਕਿਹਾ ਕਿ ਸਾਈਲੇਜ ਦੀ ਕਵਾਲਿਟੀ ਦੀ ਸਮੱਸਿਆ ਵਧੇਰੇ ਕਰਕੇ ਦਰਮਿਆਨੇ ਅਤੇ ਛੋਟੇ ਕਿਸਾਨਾਂ ਨੂੰ ਆਉਂਦੀ ਹੈ ਕਿਉਂਕਿ ਘੱਟ ਪਸ਼ੂ ਹੋਣ ਕਾਰਣ ਉਨ੍ਹਾਂ ਨੂੰ ਲੰਮਾਂ ਸਮਾਂ ਸਾਈਲੇਜ ਖੁੱਲ੍ਹੇ ਥਾਂ ’ਤੇ ਰੱਖਣਾ ਪੈਂਦਾ ਹੈ। ਇਸ ਵਿਚਾਰ ਵਟਾਂਦਰੇ ਵਿਚ 100 ਦੇ ਕਰੀਬ ਵੈਟਨਰੀ ਡਾਕਟਰਾਂ, ਖੇਤਰ ਵਿਚ ਕੰਮ ਕਰਦੇ ਪੇਸ਼ੇਵਰਾਂ, ਮਾਹਿਰਾਂ ਅਤੇ ਕਿਸਾਨਾਂ ਨੇ ਹਿੱਸਾ ਲਿਆ।
