ਜਿੰਮੀਦਾਰ ਨੇ ਕਿਰਤੀ ਚਮਨ ਲਾਲ ਨੂੰ ਢੋਲ ਢਮੱਕੇ ਨਾਲ ਵਿਦਾ ਕੀਤਾ

ਨਵਾਂਸ਼ਹਿਰ - ਕਿਸਾਨ ਤੇ ਕਿਰਤੀ ਦੀ ਸਾਂਝ ਅੱਜ ਪਿੰਡ ਗਹਿਲ ਮਜਾਰੀ ਵਿਖੇ ਭਾਈਚਾਰੇ ਦੀ ਵਿਲੱਖਣ ਉਦਾਹਰਣ ਬਣਕੇ ਉੱਭਰੀ। ਕਿਸਾਨ ਚਰਨਜੀਤ ਸਿੰਘ ਝੱਜ ਦੇ ਵਿਹੜੇ ਚੋਂ ਕਿਰਤੀ ਚਮਨ ਲਾਲ ਨੂੰ ਢੋਲ ਢਮੱਕੇ ਨਾਲ ਵਿਦਾ ਕੀਤਾ ਗਿਆ। ਜੁਆਨੀ ਵਰੇਸੇ ਸ਼ੁਰੂ ਹੋਇਆ ਇਹ ਨਾਤਾ ਅੱਜ ਬਿਰਧ ਵਰੇਸ ਤੱਕ ਇਮਾਨਦਾਰੀ, ਵਫਾਦਾਰੀ ਅਤੇ ਅਪਣੱਤ ਦਾ ਪ੍ਰਤੀਕ ਬਣਕੇ ਨਿਭਿਆ।

ਇਸ ਸੇਵਾ ਮੁਕਤੀ ਸੰਬੰਧੀ ਕਰਵਾਏ ਗਏ ਸਮਾਗਮ ਦੌਰਾਨ ਚਮਨ ਲਾਲ ਦੀ ਵਿਦਾਇਗੀ ਸਮੇਂ ਫੁੱਲ ਵਰਸਾਏ ਗਏ ਅਤੇ ਸਨਮਾਨ ਵਜੋਂ ਹਾਰ ਪਾ ਕੇ ਯਾਦਗਾਰੀ ਤੋਹਫੇ ਦਿੱਤੇ ਗਏ। ਇਸ ਰਸਮ ਮੌਕੇ ਦੋਵਾਂ ਪਾਸਿਓ ਸਾਕ ਸੰਬੰਧੀ ਅਤੇ ਪਿੰਡ ਵਾਸੀ ਵੀ ਮੌਜੂਦ ਸਨ। ਇਕ ਵੱਡੇ ਕਾਫਲੇ ਦੇ ਰੂਪ ਵਿੱਚ ਉਸਨੂੰ ਘਰ ਤੱਕ ਢੋਲ ਢਮੱਕਿਆ ਨਾਲ ਰਵਾਨਾ ਕੀਤਾ ਗਿਆ। ਵਿਦਾਇਗੀ ਸਮੇਂ ਦੋਵਾਂ ਦੀ ਗਲਵਕੜੀ ਸਮੇਂ ਨਮ ਹੋਈਆਂ ਅੱਖਾਂ ਸਾਰਿਆਂ ਨੂੰ ਭਾਵੁਕ ਕਰ ਗਈਆਂ। ਦੱਸਣਯੋਗ ਹੈ ਕਿ ਚਮਨ ਲਾਲ ਨੇ 35 ਸਾਲ 6 ਮਹੀਨੇ ਲਗਾਤਾਰ ਚਰਨਜੀਤ ਸਿੰਘ ਝੱਜ ਨਾਲ ਸਹਾਇਕ ਵਜੋਂ ਖੇਤੀਬਾੜੀ ਦਾ ਕੰਮ ਕੀਤਾ। ਇਹ ਨੌਕਰੀ ਦਾ ਸਿਲਸਿਲਾ ਚੱਲਦਿਆਂ ਦੋਵਾਂ ਵਿਚ ਭਰਾਵਾਂ ਵਰਗਾ ਰਿਸ਼ਤਾ ਜੁੜ ਗਿਆ ਅਤੇ ਦੋਵੇਂ ਇਕ ਦੂਜੇ ਦੇ ਸਾਂਝੀਦਾਰ ਬਣ ਗਏ। ਚਮਨ ਲਾਲ ਨੇ ਦੱਸਿਆ ਕਿ ਉਸਨੂੰ ਕੰਮ ਕਰਦਿਆਂ ਕਦੀ ਕਿਸੇ ਕਿਸਮ ਦਾ ਫਰਕ ਮਹਿਸੂਸ ਨਹੀਂ ਹੋਇਆ ਸਗੋਂ ਸਦਾ ਆਪਣਿਆ ਵਰਗਾ ਹੀ ਪਿਆਰ ਮਿਲਿਆ। ਇਸ ਮੌਕੇ ਚਰਨਜੀਤ ਸਿੰਘ ਝੱਜ ਦੀ ਪਤਨੀ ਸਾਬਕਾ ਸਰਪੰਚ ਦਵਿੰਦਰ ਕੌਰ ਅਤੇ ਚਮਨ ਲਾਲ ਦੀ ਪਤਨੀ ਕ੍ਰਿਸ਼ਨਾ ਦੇਵੀ ਵੀ ਮੌਜੂਦ ਸਨ।