
ਰਾਸ਼ਟਰੀ ਪਲਸ ਪੋਲੀਓ ਮੁਹਿੰਮ ਦੇ ਪਹਿਲੇ ਦਿਨ 33836 ਨਿਕੜਿਆਂ ਨੇ ਪੀਤੀਆਂ ‘ਜ਼ਿੰਦਗੀ ਦੀਆਂ ਦੋ ਬੂੰਦਾਂ’ - ਡਾ. ਮਨਦੀਪ ਕਮਲ
ਨਵਾਂਸ਼ਹਿਰ - ਸਿਵਲ ਸਰਜਨ ਡਾ. ਜਸਪ੍ਰੀਤ ਕੌਰ ਦੀ ਯੋਗ ਰਹਿਨੁਮਾਈ ਹੇਠ ਜ਼ਿਲ੍ਹਾ ਸਿਹਤ ਵਿਭਾਗ, ਸ਼ਹੀਦ ਭਗਤ ਸਿੰਘ ਨਗਰ ਨੇ ਜ਼ਿਲ੍ਹੇ ਵਿੱਚ ਰਾਸ਼ਟਰੀ ਪਲਸ ਪੋਲੀਓ ਮੁਹਿੰਮ ਦੇ ਪਹਿਲੇ ਦਿਨ 33836 ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾ ਕੇ ਤਕਰੀਬਨ 60.56 ਫੀਸਦੀ ਟੀਚਾ ਪੂਰਾ ਕਰ ਲਿਆ ਹੈ।
ਨਵਾਂਸ਼ਹਿਰ - ਸਿਵਲ ਸਰਜਨ ਡਾ. ਜਸਪ੍ਰੀਤ ਕੌਰ ਦੀ ਯੋਗ ਰਹਿਨੁਮਾਈ ਹੇਠ ਜ਼ਿਲ੍ਹਾ ਸਿਹਤ ਵਿਭਾਗ, ਸ਼ਹੀਦ ਭਗਤ ਸਿੰਘ ਨਗਰ ਨੇ ਜ਼ਿਲ੍ਹੇ ਵਿੱਚ ਰਾਸ਼ਟਰੀ ਪਲਸ ਪੋਲੀਓ ਮੁਹਿੰਮ ਦੇ ਪਹਿਲੇ ਦਿਨ 33836 ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾ ਕੇ ਤਕਰੀਬਨ 60.56 ਫੀਸਦੀ ਟੀਚਾ ਪੂਰਾ ਕਰ ਲਿਆ ਹੈ।
ਡਿਪਟੀ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਡਾ. ਪਵਨ ਕੁਮਾਰ ਨੇ ਅੱਜ ਜ਼ਿਲ੍ਹਾ ਹਸਪਤਾਲ, ਨਵਾਂਸ਼ਹਿਰ ਵਿਖੇ ਜ਼ੀਰੋ ਤੋੰ ਪੰਜ ਸਾਲ ਤੱਕ ਦੇ ਬੱਚਿਆਂ ਨੂੰ 'ਓਰਲ ਪੋਲੀਓ ਵੈਕਸੀਨ’ (ਓ.ਪੀ.ਵੀ.) ਦੀਆਂ ਬੂੰਦਾਂ ਪਿਲਾਊਣ ਲਈ ਤਿੰਨ ਦਿਨਾਂ ਰਾਸ਼ਟਰੀ ਪਲਸ ਪੋਲੀਓ ਮੁਹਿੰਮ ਦਾ ਰਿਬਨ ਕੱਟ ਕੇ ਆਗਾਜ਼ ਕੀਤਾ। ਇਸ ਮੌਕੇ ਉਨ੍ਹਾਂ ਬੱਚਿਆਂ ਨੂੰ ਪੋਲਿਓ ਰੋਕੂ ਬੂੰਦਾਂ ਵੀ ਪਿਲਾਈਆਂ।
ਇਸੇ ਦੌਰਾਨ ਡਿਪਟੀ ਡਾਇਰੈਕਟਰ ਡਾ. ਪਵਨ ਕੁਮਾਰ ਨੇ ਸਿਵਲ ਸਰਜਨ ਡਾ. ਜਸਪ੍ਰੀਤ ਕੌਰ ਤੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਮਨਦੀਪ ਕਮਲ ਸਮੇਤ ਹੋਰਨਾਂ ਉੱਚ ਅਧਿਕਾਰੀਆਂ ਨਾਲ ਪਲਸ ਪੋਲੀਓ ਰੀਵਿਊ ਮੀਟਿੰਗ ਕੀਤੀ ਤੇ ਜ਼ਿਲ੍ਹੇ ਵਿੱਚ ਚੱਲ ਰਹੀ ਇਸ ਮੁਹਿੰਮ ਦੇ ਕੰਮਕਾਜ ਦਾ ਜਾਇਜ਼ਾ ਲਿਆ। ਉਨ੍ਹਾਂ ਉੱਚ ਸਿਹਤ ਅਧਿਕਾਰੀਆਂ ਕੋਲੋਂ ਰਾਸ਼ਟਰੀ ਪਲਸ ਪੋਲੀਓ ਮੁਹਿੰਮ ਦੇ ਪਹਿਲੇ ਦਿਨ ਦੀ ਕਾਰਗੁਜ਼ਾਰੀ ਦੀ ਜਾਣਕਾਰੀ ਲਈ ਅਤੇ ਬਾਕੀ ਦਿਨਾਂ ਵਿੱਚ ਜ਼ੀਰੋ ਤੋੰ ਪੰਜ ਸਾਲ ਤੱਕ ਦੇ 100 ਫੀਸਦੀ ਬੱਚਿਆਂ ਨੂੰ ਪੋਲਿਓ ਰੋਕੂ ਬੂੰਦਾਂ ਪਿਲਾਉਣ ਨੂੰ ਯਕੀਨੀ ਬਣਾਉਣ ਲਈ ਕਿਹਾ। ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਮਨਦੀਪ ਕਮਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਰਾਸ਼ਟਰੀ ਪਲਸ ਪੋਲੀਓ ਮੁਹਿੰਮ ਦੌਰਾਨ 0 ਤੋਂ 5 ਸਾਲ ਤੱਕ ਦੇ 55864 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਉਣ ਦਾ ਟੀਚਾ ਮਿਥਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਅੱਜ ਨਵਾਂਸ਼ਹਿਰ ਵਿਖੇ 2382, ਬੰਗਾ ਵਿਖੇ 1134, ਰਾਹੋਂ ਵਿਖੇ 1264, ਬਲਾਚੌਰ ਅਰਬਨ 1555, ਮੁਜੱੱਫਰਪੁਰ ਵਿਖੇ 8351, ਮੁਕੰਦਪੁਰ ਵਿਖੇ 4621, ਸੁੱਜੋਂ ਵਿਖੇ 5944, ਸੜੋਆ ਵਿਖੇ 3539, ਬਲਾਚੌਰ ਰੂਰਲ ਵਿਖੇ 5046 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਗਈਆਂ। ਇਸ ਤਰ੍ਹਾਂ ਪਹਿਲੇ ਦਿਨ 33836 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾ ਕੇ ਨਿਰਧਾਰਤ ਟੀਚੇ ਦਾ 60.56 ਫੀਸਦੀ ਹਾਸਿਲ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਜ ਜਿਹੜੇ ਬੱਚੇ ਪੋਲੀਓ ਬੂੰਦਾਂ ਤੋਂ ਵਾਂਝੇ ਰਹਿ ਗਏ, ਉਨ੍ਹਾਂ ਨੂੰ 447 ਸਿਹਤ ਟੀਮਾਂ 4 ਮਾਰਚ ਅਤੇ 5 ਮਾਰਚ ਨੂੰ ਘਰਾਂ ਵਿੱਚ ਉਨ੍ਹਾਂ ਦੇ ਦਰਾਂ 'ਤੇ ਜਾ ਕੇ ਪੋਲੀਓ ਰੋਕੂ ਬੂੰਦਾਂ ਪਿਲਾਉਣਗੀਆਂ। ਉਨ੍ਹਾਂ ਦੱਸਿਆ ਕਿ ਪਲਸ ਪੋਲੀਓ ਮੁਹਿੰਮ ਨੂੰ ਸਫਲਤਾ ਨਾਲ ਨੇਪਰੇ ਚਾੜ੍ਹਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਹੈ। ਜ਼ਿਲ੍ਹਾ ਟੀਕਾਕਰਨ ਅਫ਼ਸਰ ਨੇ ਜ਼ਿਲ੍ਹੇ ਦੇ ਸਾਰੇ ਮਾਪਿਆਂ ਨੂੰ ਇਸ ਮੁਹਿੰਮ ਦੌਰਾਨ ਆਪਣੇ ਜ਼ੀਰੋ ਤੋਂ ਪੰਜ ਸਾਲ ਤੱਕ ਦੇ ਸਾਰੇ ਬੱਚਿਆਂ ਨੂੰ ਪੋਲਿਓ ਰੋਕੂ ਬੂੰਦਾਂ ਪਿਲਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਅਗਲੇ ਦੋ ਦਿਨ ਘਰ-ਘਰ ਜਾ ਕੇ ਮਜ਼ਬੂਤ ਮਾਈਕ੍ਰੋ-ਪਲਾਨਿੰਗ ਰਾਹੀਂ ਪਲਸ ਪੋਲੀਓ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੋਈ ਵੀ ਬੱਚਾ ਜ਼ਿੰਦਗੀ ਦੀਆਂ ਦੋ ਬੂੰਦਾਂ ਤੋਂ ਖੂੰਝ ਨਾ ਜਾਵੇ।
