
ਸੈਲਾ ਖੁਰਦ ਲਾਗੇ ਅੰਬੂਜਾ ਸੀਮੈਂਟ ਫੈਕਟਰੀ ਰੋਕਣ ਲਈ ਐਸ.ਡੀ.ਐਮ. ਦਫਤਰ ਗੜਸ਼ੰਕਰ ਅੱਗੇ ਧਰਨਾ
ਹੁਸ਼ਿਆਰਪੁਰ 08 ਫਰਵਰੀ 2024- ਗੜ੍ਹਸ਼ੰਕਰ ਤਹਿਸੀਲ ’ਚ ਸੈਲਾ ਖੁਰਦ ਲਾਗੇ ਰਣਿਆਲਾ, ਸਰਦੁੱਲਾਪੁਰ ਅਤੇ ਬੱਢੋਆਣ ਪਿੰਡਾਂ ਦੀ ਜ਼ਮੀਨ ਵਿੱਚ ਲੱਗਣ ਲਈ ਪ੍ਰਸਤਾਵਤ ਅਡਾਨੀ ਗਰੁੱਪ ਦੀ ਅੰਬੂਜਾ ਸੀਮੈਂਟ ਫੈਕਟਰੀ ਦਾ ਲੋਕਾਂ ਵਲੋਂ ਵਿਰੋਧ ਸ਼ੁਰੂ ਹੋ ਗਿਆ ਹੈ। ਪਿਛਲੇ ਮਹੀਨੇ ਇਹ ਫੈਕਟਰੀ ਲਗਾਉਣ ਲਈ ਹੋਈ ਜਨਤਕ ਸੁਣਵਾਈ ’ਚ ਕਥਿਤ ਤੌਰ ’ਤੇ ਲੋਕਾਂ ਦੇ ਅੱਖੀਂ ਘੱਟਾ ਪਾਉਣ ਨੂੰ ਲੈ ਕੇ ਇਲਾਕੇ ਦੇ ਲੋਕਾਂ ਵਲੋਂ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਅਤੇ ਕੁਝ ਹੋਰ ਮਹਿਕਮਿਆਂ ਨੂੰ ਸ਼ਿਕਾਇਤਾਂ ਕੀਤੀਆਂ ਗਈਆਂ ਸਨ|
ਹੁਸ਼ਿਆਰਪੁਰ 08 ਫਰਵਰੀ 2024- ਗੜ੍ਹਸ਼ੰਕਰ ਤਹਿਸੀਲ ’ਚ ਸੈਲਾ ਖੁਰਦ ਲਾਗੇ ਰਣਿਆਲਾ, ਸਰਦੁੱਲਾਪੁਰ ਅਤੇ ਬੱਢੋਆਣ ਪਿੰਡਾਂ ਦੀ ਜ਼ਮੀਨ ਵਿੱਚ ਲੱਗਣ ਲਈ ਪ੍ਰਸਤਾਵਤ ਅਡਾਨੀ ਗਰੁੱਪ ਦੀ ਅੰਬੂਜਾ ਸੀਮੈਂਟ ਫੈਕਟਰੀ ਦਾ ਲੋਕਾਂ ਵਲੋਂ ਵਿਰੋਧ ਸ਼ੁਰੂ ਹੋ ਗਿਆ ਹੈ। ਪਿਛਲੇ ਮਹੀਨੇ ਇਹ ਫੈਕਟਰੀ ਲਗਾਉਣ ਲਈ ਹੋਈ ਜਨਤਕ ਸੁਣਵਾਈ ’ਚ ਕਥਿਤ ਤੌਰ ’ਤੇ ਲੋਕਾਂ ਦੇ ਅੱਖੀਂ ਘੱਟਾ ਪਾਉਣ ਨੂੰ ਲੈ ਕੇ ਇਲਾਕੇ ਦੇ ਲੋਕਾਂ ਵਲੋਂ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਅਤੇ ਕੁਝ ਹੋਰ ਮਹਿਕਮਿਆਂ ਨੂੰ ਸ਼ਿਕਾਇਤਾਂ ਕੀਤੀਆਂ ਗਈਆਂ ਸਨ|
ਜਿਸ ਉਪਰੰਤ ਅੱਜ ਐਸ.ਡੀ.ਐਮ. ਗੜਸ਼ੰਕਰ ਨੇ ਸਬੰਧਤ ਲੋਕਾਂ ਨਾਲ ਮੀਟਿੰਗ ਕੀਤੀ।ਅੱਜ ਦੀ ਮੀਟਿੰਗ ਵਿੱਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਕਸੀਅਨ, ਅੰਬੂਜਾ ਸੀਮੈਂਟ ਕੰਪਨੀ ਨੁਮਾਇੰਦਿਆਂ ਤੋਂ ਇਲਾਵਾ ‘ਵਾਤਾਵਰਨ ਬਚਾਓ ਸੰਘਰਸ਼ ਕਮੇਟੀ’ ਵਲੋਂ ਤਰਸੇਮ ਸਿੰਘ ਜੱਸੋਵਾਲ, ਜੇ.ਪੀ. ਹਾਂਡਾ, ਇੰਦਰਪਾਲ ਸਿੰਘ, ਗੁਰਮੁੱਖ ਸਿੰਘ ਸੋਢੀ, ਸੋਨਾ ਸਿੰਘ, ਬਾਬਾ ਨਾਗਰ ਸਿੰਘ, ਇਕਬਾਲ ਸਿੰਘ, ਹਰਜੀਤ ਸਿੰਘ ਭਾਤਪੁਰ ਦਵਿੰਦਰ ਫੌਜੀ ਸਮੇਤ ਇਲਾਕੇ ਦੇ ਹੋਰ ਕਈ ਮੁਹਤਬਰ ਲੋਕ ਸ਼ਾਮਲ ਹੋਏ।ਇਹਨਾਂ ਤੋਂ ਇਲਾਵਾ ਵੱਖ-ਵੱਖ ਰਾਜਸੀ ਪਾਰਟੀਆਂ ਅਤੇ ਹੋਰ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਵੀ ਵੱਡੀ ਗਿਣਤੀ ਵਿੱਚ ਐਸ.ਡੀ.ਐਮ. ਦਫਤਰ ਵਿਖੇ ਧਰਨਾ ਦੇ ਕੇ ਅੰਬੂਜਾ ਸੀਮੈਂਟ ਫੈਕਟਰੀ ਨੂੰ ਮਨਜ਼ੂਰੀ ਨਾ ਦੇਣ ਦੀ ਮੰਗ ਕੀਤੀ।
ਮੀਟਿੰਗ ਵਿੱਚ ਜਿਥੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਪਿਛਲੇ ਦਿਨੀਂ ਹੋਈ ਜਨਤਕ ਸੁਣਵਾਈ ਨਿਯਮਾਂ ਮੁਤਾਬਕ ਸੀ ਅਤੇ ਅੰਬੂਜਾ ਕੰਪਨੀ ਦੇ ਨੁਮਾਇੰਦਿਆਂ ਨੇ ਫੈਕਟਰੀ ਦੇ ਲਾਭ ਗਿਣਾਏ ਉਥੇ ‘ਵਾਤਾਵਰਨ ਬਚਾਓ ਸੰਘਰਸ਼ ਕਮੇਟੀ’ ਦੇ ਨੁਮਾਇੰਦਿਆਂ ਨੇ ਉਹਨਾਂ ਨੂੰ ਨਾਲ ਦੀ ਨਾਲ ਸਵਾਲ ਜਵਾਬ ਕਰਕੇ ਲਾ-ਜਵਾਬ ਕਰ ਦਿੱਤਾ।
ਸੰਘਰਸ਼ ਕਮੇਟੀ ਦੇ ਮੈਂਬਰਾਂ ਨੇ ਸਵਾਲ ਉਠਾਇਆ ਕਿ ਸਰਕਾਰੀ ਮਹਿਕਮਿਆਂ ਵਲੋਂ ਹਰ ਗੱਲ ਦਾ ਜ਼ੋਰ-ਸ਼ੋਰ ਨਾਲ ਪ੍ਰਚਾਰ ਕੀਤਾ ਜਾਂਦਾ ਹੈ ਪਰ ਜਨਤਕ ਸੁਣਵਾਈ ਲਈ ਇਲਾਕੇ ਦੇ ਦਰਜਨਾਂ ਪਿੰਡਾਂ ’ਚੋ ਸਿਰਫ ਇੱਕ ਨੰਬਰਦਾਰ ਅਤੇ ਹਜ਼ਾਰਾਂ ਲੋਕਾਂ ’ਚੋਂ ਸਿਰਫ 40-50 ਵਿਅਕਤੀਆਂ ਨੂੰ ਹੀ ਕਿਉਂ ਬੁਲਾਇਆ ਗਿਆ।ਇਸ ’ਤੇ ਐਸ.ਡੀ.ਐਮ. ਨੇ ਐਕਸੀਅਨ ਨੂੰ ਜਨਤਕ ਸੁਣਵਾਈ ’ਚ ਸ਼ਾਮਲ ਹੋਏ ਲੋਕਾਂ ਦੀ ਲਿਸਟ ਅਤੇ ਵੀਡੀਓਗ੍ਰਾਫੀ ਸੰਘਰਸ਼ ਕਮੇਟੀ ਦੇ ਅਹੁਦੇਦਾਰਾਂ ਨੂੰ ਉਪਲੱਬਧ ਕਰਵਾਉਣ ਲਈ ਕਿਹਾ।ਸੰਘਰਸ਼ ਕਮੇਟੀ ਦੇ ਮੈਂਬਰਾਂ ਨੇ ਅੰਬੂਜਾ ਸੀਮੈਂਟ ਕੰਪਨੀ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਜੇਕਰ ਤੁਹਾਨੂੰ ਰੁਜ਼ਗਾਰ ਦਾ ਐਨਾ ਹੀ ਫਿਕਰ ਹੈ ਤਾਂ ਅਜਿਹੀ ਇੰਡਸਟਰੀ ਲਗਾਓ ਜੋ ਪ੍ਰਦੂਸ਼ਣ ਨਾ ਫੈਲਾਉਂਦੀ ਹੋਵੇ, ਅਸੀਂ ਤੁਹਾਡਾ ਸਾਥ ਦੇਵਾਂਗੇ।ਕਮੇਟੀ ਮੈਂਬਰਾਂ ਨੇ ਕਿਹਾ ਕਿ ਵਾਤਾਵਰਨ ਨੂੰ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਦੇ ਆਸਰੇ ਨਹੀਂ ਛੱਡਿਆ ਜਾ ਸਕਦਾ।
ਬਾਅਦ ਵਿੱਚ ਧਰਨੇ ਨੂੰ ਸੰਬੋਧਨ ਕਰਦਿਆਂ ਕਮੇਟੀ ਦੇ ਬੁਲਾਰੇ ਜੇ.ਪੀ. ਹਾਂਡਾ ਨੇ ਕਿਹਾ ਕਿ ਜੇਕਰ ਫੈਕਟਰੀ ਲੱਗ ਜਾਂਦੀ ਹੈ ਤਾਂ ਆਉਣ ਵਾਲੇ ਸਾਲਾਂ ਵਿੱਚ ਪ੍ਰਦੂਸ਼ਣ ਕਰਕੇ ਲੋਕਾਂ ਦਾ ਉਜਾੜਾ ਤੈਅ ਹੈ ਅਤੇ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਗੁਨਾਹਗਾਰ ਸਾਬਤ ਹੋਵਾਂਗੇ। ਸੂਤਰਾਂ ਦੀ ਮੰਨੀਏ ਤਾਂ ਆਉਣ ਵਾਲੇ ਦਿਨਾਂ ਵਿੱਚ ਅੰਬੂਜਾ ਸੀਮੈਂਟ ਫੈਕਟਰੀ ਦਾ ਮੁੱਦਾ ਵੱਡੇ ਪੱਧਰ ਤੇ ਉਭਰ ਸਕਦਾ ਹੈ ਅਤੇ ਇਸ ਲਈ ਸੰਘਰਸ਼ ਕਮੇਟੀ ਵੱਲੋਂ ਵੱਖ-ਵੱਖ ਪੱਧਰ 'ਤੇ ਸੰਘਰਸ਼ ਦੇ ਪ੍ਰੋਗਰਾਮ ਉਲੀਕੇ ਜਾ ਰਹੇ ਹਨ।
