ਸੁਖਮਨ ਸਿੰਘ ਦੀ ਪੁਸਤਕ 'ਰੁਮਾਲ ਦੇ ਧਾਗੇ' ਤੇ ਵਿਚਾਰ ਚਰਚਾ

ਮਾਹਿਲਪੁਰ - ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ ਮਾਹਿਲਪੁਰ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਨੌਜਵਾਨ ਸਾਹਿਤਕਾਰ ਸੁਖਮਨ ਸਿੰਘ ਦੀ ਪੁਸਤਕ 'ਰੁਮਾਲ ਦੇ ਧਾਗੇ' ਤੇ ਵਿਚਾਰ ਚਰਚਾ ਕਰਵਾਉਣ ਦਾ ਪ੍ਰਬੰਧ ਸੁਰ ਸੰਗਮ ਵਿੱਦਿਅਕ ਟਰਸਟ ਵੱਲੋਂ ਕਰੁੰਬਲਾਂ ਭਵਨ ਮਾਹਿਲਪੁਰ ਵਿੱਚ ਕੀਤਾ ਗਿਆ। ਇਸ ਵਿਚਾਰ ਗੋਸ਼ਟੀ ਵਿੱਚ ਚੰਡੀਗੜ੍ਹ ਤੋਂ ਆਲ ਇੰਡੀਆ ਰੇਡੀਓ ਦੇ ਨਿਰਮਾਤਾ ਨਿਰਦੇਸ਼ਕ ਸੁਰਿੰਦਰ ਪਾਲ ਝੱਲ ਅਤੇ ਅਖਬਾਰ ਪੈਗਾਮੇ ਏ ਜਗਤ ਦੇ ਸੰਪਾਦਕ ਦਵਿੰਦਰ ਕੁਮਾਰ ਉਚੇਚੇ ਤੌਰ ਤੇ ਸ਼ਾਮਿਲ ਹੋਏ।

ਮਾਹਿਲਪੁਰ - ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ ਮਾਹਿਲਪੁਰ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਨੌਜਵਾਨ ਸਾਹਿਤਕਾਰ ਸੁਖਮਨ ਸਿੰਘ ਦੀ ਪੁਸਤਕ 'ਰੁਮਾਲ ਦੇ ਧਾਗੇ' ਤੇ ਵਿਚਾਰ ਚਰਚਾ ਕਰਵਾਉਣ ਦਾ ਪ੍ਰਬੰਧ ਸੁਰ ਸੰਗਮ ਵਿੱਦਿਅਕ ਟਰਸਟ ਵੱਲੋਂ ਕਰੁੰਬਲਾਂ ਭਵਨ ਮਾਹਿਲਪੁਰ ਵਿੱਚ ਕੀਤਾ ਗਿਆ। ਇਸ ਵਿਚਾਰ ਗੋਸ਼ਟੀ ਵਿੱਚ ਚੰਡੀਗੜ੍ਹ ਤੋਂ ਆਲ ਇੰਡੀਆ ਰੇਡੀਓ ਦੇ ਨਿਰਮਾਤਾ ਨਿਰਦੇਸ਼ਕ ਸੁਰਿੰਦਰ ਪਾਲ ਝੱਲ ਅਤੇ ਅਖਬਾਰ ਪੈਗਾਮੇ ਏ ਜਗਤ ਦੇ ਸੰਪਾਦਕ ਦਵਿੰਦਰ ਕੁਮਾਰ ਉਚੇਚੇ ਤੌਰ ਤੇ ਸ਼ਾਮਿਲ ਹੋਏ। ਉਹਨਾਂ ਪੁਸਤਕ ਬਾਰੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਇਹ ਪੁਸਤਕ ਨੌਜਵਾਨਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੀ ਹੈ। ਇੱਥੇ ਹੀ ਬੱਸ ਨਹੀਂ ਸਗੋਂ ਇਸ ਪੁਸਤਕ ਰਾਹੀਂ ਨੌਜਵਾਨਾਂ ਦੁਆਰਾ ਸਿਰਜੇ ਜਾ ਰਹੇ ਦੇਸ਼ ਵਿਦੇਸ਼ ਦੇ ਸੁਪਨਿਆਂ ਨੂੰ ਵੀ ਪੇਸ਼ ਕੀਤਾ ਗਿਆ ਹੈ। ਸੁਖਮਨ ਸਿੰਘ ਕੋਲ ਆਪਣੀ ਗੱਲ ਕਰਨ ਦੀ ਕਲਾ ਮੌਜੂਦ ਹੈ। ਇਸ ਮੌਕੇ ਪ੍ਰਵੀਨ ਕੁਮਾਰ ਅਤੇ ਬੱਗਾ ਸਿੰਘ ਆਰਟਿਸਟ ਨੇ ਕਿਹਾ ਕਿ ਇਹ ਨੌਜਵਾਨ ਸ਼ਾਇਰ ਕਲਾਤਮਕ ਖੇਤਰ ਵਿੱਚ ਵੀ ਸ਼ਾਨਦਾਰ ਮੱਲਾਂ ਮਾਰ ਰਿਹਾ ਹੈ l ਨਿੱਕੀਆਂ ਕਰੂੰਬਲਾਂ ਦੇ ਸੰਪਾਦਕ ਬਲਜਿੰਦਰ ਮਾਨ ਨੇ ਉਸ ਨੂੰ ਸ਼ਾਬਾਸ਼ ਦਿੰਦਿਆਂ ਕਿਹਾ ਕਿ ਜੇਕਰ ਉਹ ਇਸੇ ਤਰ੍ਹਾਂ ਮਿਹਨਤ ਕਰਦਾ ਰਿਹਾ ਤਾਂ ਇੱਕ ਦਿਨ ਉੱਚੀਆਂ ਮੰਜ਼ਿਲਾਂ ਨੂੰ ਜ਼ਰੂਰ ਪ੍ਰਾਪਤ ਕਰੇਗਾ। ਪ੍ਰਧਾਨਗੀ ਮੰਡਲ ਵੱਲੋਂ ਨਿੱਕੀਆਂ ਕਰੂੰਬਲਾਂ ਦਾ ਤਾਜ਼ਾ ਅੰਕ ਵੀ ਜਾਰੀ ਕੀਤਾ ਗਿਆ। ਸਰੋਤਿਆਂ ਨੂੰ ਨਿੱਕੀਆਂ ਕਰੂੰਬਲਾਂ ਦੀਆਂ ਕਾਪੀਆਂ ਤੋਹਫੇ ਵਜੋਂ ਭੇਟ ਕੀਤੀਆਂ ਗਈਆਂ l ਇਸ ਮੌਕੇ ਰਣਦੀਪ ਕੌਰ, ਹਰਜੋਤ ਸਿੰਘ, ਹਰਵੀਰ ਮਾਨ, ਹਰਮਨਪ੍ਰੀਤ ਕੌਰ, ਪ੍ਰਿੰਸੀਪਲ ਮਨਜੀਤ ਕੌਰ, ਨਿਧੀ ਅਮਨ ਸਹੋਤਾ,ਪਵਨ ਸਕਰੁਲੀ ਅਤੇ ਮਨਜਿੰਦਰ ਸਿੰਘ ਸਮੇਤ ਸਾਹਿਤ ਪ੍ਰੇਮੀ ਸ਼ਾਮਿਲ ਹੋਏ l ਸਭ ਦਾ ਧੰਨਵਾਦ ਕਰਦਿਆਂ ਕੁਲਦੀਪ ਕੌਰ ਬੈਂਸ ਨੇ ਕਿਹਾ ਕਿ ਸਾਨੂੰ ਆਪਣੀ ਨਵੀਂ ਪਨੀਰੀ ਨੂੰ ਸੁਚੇਤ ਹੋ ਕੇ ਤਿਆਰ ਕਰਨਾ ਚਾਹੀਦਾ ਹੈ।