ਗਣਤੰਤਰ ਦਿਵਸ ਦੇ ਜ਼ਿਲ੍ਹਾ ਪੱਧਰੀ ਸਮਾਗਮ ’ਚ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਲਹਿਰਾਇਆ ਰਾਸ਼ਟਰੀ ਝੰਡਾ

ਹੁਸ਼ਿਆਰਪੁਰ - ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ 75ਵੇਂ ਗਣਤੰਤਰ ਦਿਵਸ ਮੌਕੇ ਸਥਾਨਕ ਪੁਲਿਸ ਲਾਈਨ ਗਰਾਊਂਡ ਹੁਸ਼ਿਆਰਪੁਰ ਵਿਖੇ ਕਰਵਾਏ ਜ਼ਿਲ੍ਹਾ ਪੱਧਰੀ ਸਮਾਗਮ ਵਿਚ ਰਾਸ਼ਟਰੀ ਝੰਡਾ ਲਹਿਰਾਇਆ। ਡਿਪਟੀ ਕਮਿਸ਼ਨਰ ਨੇ ਐਸ.ਐਸ.ਪੀ ਸੁਰੇਂਦਰ ਲਾਂਬਾ, ਵਧੀਕ ਡਿਪਟੀ ਕਮਿਸ਼ਨਰ (ਜ) ਰਾਹੁਲ ਚਾਬਾ ਅਤੇ ਪਰੇਡ ਕਮਾਂਡਰ ਇੰਸਪੈਕਟਰ ਜਸਵੀਰ ਕੌਰ ਸਮੇਤ ਪਰੇਡ ਦਾ ਨਿਰੀਖਣ ਕਰਨ ਉਪਰੰਤ ਸ਼ਾਨਦਾਰ ਮਾਰਚ ਪਾਸਟ ਤੋਂ ਸਲਾਮੀ ਲਈ।

ਹੁਸ਼ਿਆਰਪੁਰ - ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ 75ਵੇਂ ਗਣਤੰਤਰ ਦਿਵਸ ਮੌਕੇ ਸਥਾਨਕ ਪੁਲਿਸ ਲਾਈਨ ਗਰਾਊਂਡ ਹੁਸ਼ਿਆਰਪੁਰ ਵਿਖੇ ਕਰਵਾਏ ਜ਼ਿਲ੍ਹਾ ਪੱਧਰੀ ਸਮਾਗਮ ਵਿਚ ਰਾਸ਼ਟਰੀ ਝੰਡਾ ਲਹਿਰਾਇਆ। ਡਿਪਟੀ ਕਮਿਸ਼ਨਰ ਨੇ ਐਸ.ਐਸ.ਪੀ ਸੁਰੇਂਦਰ ਲਾਂਬਾ, ਵਧੀਕ ਡਿਪਟੀ ਕਮਿਸ਼ਨਰ (ਜ) ਰਾਹੁਲ ਚਾਬਾ ਅਤੇ ਪਰੇਡ ਕਮਾਂਡਰ ਇੰਸਪੈਕਟਰ ਜਸਵੀਰ ਕੌਰ ਸਮੇਤ ਪਰੇਡ ਦਾ ਨਿਰੀਖਣ ਕਰਨ ਉਪਰੰਤ ਸ਼ਾਨਦਾਰ ਮਾਰਚ ਪਾਸਟ ਤੋਂ ਸਲਾਮੀ ਲਈ। ਇਸ ਮੌਕੇ ਸਕੂਲੀ ਬੱਚਿਆਂ ਵੱਲੋਂ ਸ਼ਾਨਦਾਰ ਮਾਸ ਪੀ.ਟੀ ਸ਼ੋਅ, ਸੱਭਿਆਚਾਰਕ ਪ੍ਰੋਗਰਾਮ ਦੀ ਪੇਸ਼ਕਾਰੀ ਕੀਤੀ ਗਈ ਅਤੇ ਗਿੱਧੇ ਤੇ ਭੰਗੜੇ ਦੀਆਂ ਧਮਾਲਾਂ ਪਈਆਂ। ਡਿਪਟੀ ਕਮਿਸ਼ਨਰ ਨੇ ਸਮਾਗਮ ਵਿਚ ਵਿਸ਼ੇਸ਼ ਤੌਰ ’ਤੇ ਆਏ ਆਜ਼ਾਦੀ ਘੁਲਾਟੀਆਂ ਅਤੇ ਸ਼ਹੀਦ ਸੈਨਿਕਾਂ ਦੇ ਪਰਿਵਾਰਾਂ ਦਾ ਵੀ ਸਨਮਾਨ ਕੀਤਾ ਗਿਆ। ਇਸੇ ਤਰ੍ਹਾਂ ਉਨ੍ਹਾਂ ਲੋੜਵੰਦਾਂ ਨੂੰ ਸਿਲਾਈ ਮਸ਼ੀਨਾਂ, ਮੋਟਰ ਟਰਾਈ ਸਾਈਕਲ ਤੇ ਟਰਾਈ ਸਾਈਕਲ ਵੀ ਸੌਂਪੇ। ਇਸ ਤੋਂ ਇਲਾਵਾ ਵੱਖ-ਵੱਖ ਖੇਤਰਾਂ ਵਿਚ ਨਾਮਣਾ ਖੱਟਣ ਵਾਲੀਆਂ ਸ਼ਖਸੀਅਤਾਂ ਤੇ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਜ਼ਿਲ੍ਹਾ ਪੁਲਿਸ, ਪੀ.ਆਰ.ਟੀ.ਸੀ ਜਹਾਨਖੇਲਾਂ, ਜ਼ਿਲ੍ਹਾ ਮਹਿਲਾ ਪੁਲਿਸ, ਪੰਜਾਬ ਹੋਮ ਗਾਰਡਜ਼, ਐਨ.ਸੀ.ਸੀ, ਗਰਲਜ਼ ਗਾਈਡਜ਼, ਬੁਆਏਜ਼ ਸਕਾਊਟਸ ਤੇ ਪੀ.ਆਰ.ਟੀ.ਸੀ ਜਹਾਨਖੇਲਾਂ ਦੇ ਬੈਂਡ ਵੱਲੋਂ ਸ਼ਾਨਦਾਰ ਮਾਰਚ ਪਾਸਟ ਕੀਤਾ ਗਿਆ ਅਤੇ ਸਲਾਮੀ ਦਿੱਤੀ ਗਈ। ਵੱਖ-ਵੱਖ ਵਿਭਾਗਾਂ ਵੱਲੋਂ ਵਿਕਾਸ ਨੂੰ ਦਰਸਾਉਂਦੀਆਂ ਝਾਕੀਆਂ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀਆਂ ਇਸ ਦੌਰਾਨ ਵਿਧਾਇਕ ਡਾ. ਰਵਜੋਤ ਸਿੰਘ, ਡੀ. ਆਈ. ਜੀ ਜਲੰਧਰ ਰੇਂਜ ਐਸ. ਭੂਪਤੀ ਅਤੇ ਜ਼ਿਲ੍ਹਾ ਤੇ ਸੈਸ਼ਨ ਜੱਜ ਦਿਲਬਾਗ ਸਿੰਘ ਜੌਹਲ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।
  ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਜ਼ਿਲ੍ਹਾ ਵਾਸੀਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੰਦਿਆਂ ਦੇਸ਼ ਦੀ ਆਜ਼ਾਦੀ ਲਈ ਲੜੇ ਲੰਬੇ ਸੰਘਰਸ਼ ਵਿਚ ਆਪਣੀਆਂ ਜਾਨਾਂ ਵਾਰਨ ਵਾਲੇ ਹਜ਼ਾਰਾਂ ਦੇਸ਼ ਭਗਤ ਸੂਰਬੀਰਾਂ ਨੂੰ ਆਪਣਾ ਦਿਲੋਂ ਸਨਮਾਨ ਭੇਟ ਕੀਤਾ। ਉਨ੍ਹਾਂ ਕਿਹਾ ਕਿ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜੀ ਨੇ ਵੱਖ-ਵੱਖ ਧਰਮਾਂ, ਜਾਤਾਂ ਤੇ ਸਭਿਆਚਾਰ ਵਾਲੇ ਦੇਸ਼ ਨੂੰ ਇਕ ਮਾਲਾ ਵਿਚ ਪਰੋਇਆ ਹੈ, ਜਿਸ ਦੇ ਸਿੱਟੇ ਵਜੋਂ ਅੱਜ ਸਾਡੇ ਦੇਸ਼ ਨੂੰ ਅਨੇਕਤਾ ਵਿਚ ਏਕਤਾ ਦੀ ਖੁਬਸੂਰਤ ਮਿਸਾਲ ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਆਜ਼ਾਦੀ ਦੇ ਸੰਘਰਸ਼ ਦੌਰਾਨ ਸਭ ਤੋਂ ਵੱਧ ਪੰਜਾਬੀਆਂ ਦਾ ਯੋਗਦਾਨ ਰਿਹਾ ਹੈ। ਉਨ੍ਹਾਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸਾਥੀ ਰਹੇ ਹੁਸ਼ਿਆਰਪੁਰ ਦੇ ਆਜ਼ਾਦੀ ਘੁਲਾਟੀਏ ਪੰਡਿਤ ਕਿਸ਼ੋਰੀ ਲਾਲ ਤੇ ਗਦਰ ਲਹਿਰ ਦੇ ਬਾਬੂ ਮੰਗੂ ਰਾਮ ਮੁਗੋਵਾਲਿਆ ਨੂੰ ਵਿਸ਼ੇਸ਼ ਤੌਰ ’ਤੇ ਯਾਦ ਕੀਤਾ। ਹੁਸ਼ਿਆਰਪੁਰ ਜ਼ਿਲ੍ਹੇ ਦੀਆਂ ਮਾਣਮੱਤੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ 46 ਆਮ ਆਦਮੀ ਕਲੀਨਿਕ ਸਫ਼ਲਤਾਪੂਰਵਕ ਚੱਲ ਰਹੇ ਹਨ ਅਤੇ ਇਸ ਸਾਲ 28 ਹੋਰ ਜਲਦ ਹੀ ਖੋਲ੍ਹੇ ਜਾਣਗੇ। ਇਸੇ ਤਰ੍ਹਾਂ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ 5 ਕਰੋੜ 75 ਲੱਖ ਦੀ ਲਾਗਤ ਨਾਲ 30 ਬੈੱਡਾਂ ਦਾ ਹੋਰ ਵਾਧਾ ਕੀਤਾ ਗਿਆ ਹੈ ਅਤੇ 6 ਕਰੋੜ 77 ਲੱਖ ਰੁਪਏ ਸਿਵਲ ਹਸਪਤਾਲ ਦੇ ਕਾਇਆ ਕਲਪ ’ਤੇ ਖ਼ਰਚ ਕੀਤੇ ਗਏ ਹਨ। ਇਸੇ ਤਰ੍ਹਾਂ ਜ਼ਿਲ੍ਹੇ ਵਿਚ 550 ਕਰੋੜ ਰੁਪਏ ਦੀ ਲਾਗਤ ਨਾਲ ਸ਼ਹੀਦ ਊਧਮ ਸਿੰਘ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ ਦੀ ਸਥਾਪਨਾ ਕੀਤੀ ਜਾ ਰਹੀ ਹੈ ਅਤੇ ਪਿੰਡ ਬਜਵਾੜਾ ਵਿਚ 27 ਕਰੋੜ ਰੁਪਏ ਦੀ ਲਾਗਤ ਨਾਲ ਸਰਦਾਰ ਬਹਾਦਰ ਅਮੀਂ ਚੰਦ ਸੋਨੀ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਸਥਾਪਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਦੇ ਇਤਿਹਾਸਕ ਪਿੰਡ ਸ਼੍ਰੀ ਖੁਰਾਲਗੜ੍ਹ ਸਾਹਿਬ ਵਿਖੇ 148 ਕਰੋੜ ਰੁਪਏ ਦੀ ਲਾਗਤ ਨਾਲ ਸ੍ਰੀ ਗੁਰੂ ਰਵਿਦਾਸ ਜੀ ਮੈਮੋਰੀਅਲ ਦੀ ਉਸਾਰੀ ਕੀਤੀ ਜਾ ਰਹੀ ਹੈ।
ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਹੁਸ਼ਿਆਰਪੁਰ ਵੱਲੋਂ ਚਲਾਏ ਜਾ ਰਹੇ ਵੱਖ-ਵੱਖ ਵਿਲੱਖਣ ਪ੍ਰੋਜੈਕਟਾਂ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਸੁਸਾਇਟੀ ਵੱਲੋਂ ‘ਵਿੰਗਜ਼’ ਪ੍ਰੋਜੈਕਟ ਤਹਿਤ ਸਪੈਸ਼ਲ ਅਤੇ ਬੌਧਿਕ ਤੌਰ ’ਤੇ ਕਮਜ਼ੋਰ ਬੱਚਿਆਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ 3 ਮਹੀਨੇ ਦੀ ਵਿਸ਼ੇਸ਼ ਟ੍ਰੇਨਿੰਗ ਉਪਰੰਤ ਉਨ੍ਹਾਂ ਨੂੰ ਸਰਕਾਰੀ ਕਾਲਜ, ਆਈ. ਟੀ. ਆਈ, ਰਿਜਨਲ ਸੈਂਟਰ ਪੰਜਾਬ ਯੂਨੀਵਰਸਿਟੀ ਅਤੇ ਰੈੱਡ ਕਰਾਸ ਦਫ਼ਤਰ ਵਿਖੇ ਟੱਕ ਸ਼ਾਪਜ਼ ਖੋਲ੍ਹ ਕੇ ਦਿੱਤੀਆਂ ਗਈਆਂ ਹਨ। ਇਸੇ ਤਰ੍ਹਾਂ ਉਨ੍ਹਾਂ ਸੁਸਾਇਟੀ ਵੱਲੋਂ ਚਲਾਈ ਜਾ ਰਹੀ ਸਾਂਝੀ ਰਸੋਈ, ਜਨ ਔਸ਼ਧੀ ਜੈਨੇਰਿਕ ਡਰੱਗ ਸਟੋਰ, ਜ਼ਿਲ੍ਹਾ ਨਸ਼ਾ ਮੁਕਤੀ ਅਤੇ ਮੁੜ ਵਸੇਬਾ ਕੇਂਦਰ ਵਿਖੇ ਦਾਖ਼ਲ ਲੋਕਾਂ ਲਈ ਨਵੇਂ ਸਕਿੱਲ ਪ੍ਰੋਗਰਾਮਾਂ, ਹੜ੍ਹਾਂ ਦੌਰਾਨ ਲੋਕਾਂ ਦੀ ਕੀਤੀ ਗਈ ਸਹਾਇਤਾ ਦਾ ਵੀ ਵਿਸ਼ੇਸ਼ ਜ਼ਿਕਰ ਕੀਤਾ।