ਭਾਜਪਾ ਨੇਤਾ ਸੀਮਾ ਸ਼ਰਮਾ ਦੇ ਘਰ 'ਤੇ ਹਮਲਾ, ਪ੍ਰਨੀਤ ਕੌਰ ਵੱਲੋਂ ਨਿਖੇਧੀ
ਪਟਿਆਲਾ, 12 ਜਨਵਰੀ - ਪਿਛਲੀ ਰਾਤ ਦੇਰ ਗਏ ਕੁਝ ਅਣਪਛਾਤੇ ਹਮਲਾਵਰਾਂ ਨੇ ਭਾਰਤੀ ਜਨਤਾ ਪਾਰਟੀ ਨੇਤਾ ਅਤੇ ਸਾਬਕਾ ਕੌਂਸਲਰ ਸੀਮਾ ਸ਼ਰਮਾ ਦੇ ਘਰ 'ਤੇ ਇੱਟਾਂ-ਪੱਥਰਾਂ ਨਾਲ ਹਮਲਾ ਕੀਤਾ ਜਿਸ ਨਾਲ ਘਰ ਵਿੱਚ ਖੜੀਆਂ ਗੱਡੀਆਂ ਤੇ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਪਰ ਕਿਸੇ ਦੇ ਜ਼ਖਮੀਂ ਹੋਣ ਦੀ ਕੋਈ ਖ਼ਬਰ ਨਹੀਂ।

ਇਸ ਹਮਲੇ ਦੀ ਸਖ਼ਤ ਨਿੰਦਾ ਅਤੇ ਉੱਚ ਪੱਧਰੀ ਜਾਂਚ ਦੀ ਮੰਗ ਕਰਦਿਆਂ ਸੀਮਾ ਸ਼ਰਮਾ ਨੇ ਦੱਸਿਆ ਕਿ ਰਾਤੀਂ ਕੁਝ ਅਣਪਛਾਤੇ ਹਮਲਾਵਰ ਗਲੀ ਵਿੱਚ ਕਿਸੇ ਦੀ ਦੁਕਾਨ ਬੰਦ ਕਰਵਾ ਰਹੇ ਸਨ, ਜਦੋਂ ਉਨ੍ਹਾਂ ਸੀਸੀਟੀਵੀ ਕੈਮਰੇ ਰਾਹੀਂ ਹੱਲਾ-ਗੁੱਲਾ ਹੁੰਦੇ ਵੇਖਿਆ ਤਾਂ ਆਪਣੇ ਪਰਿਵਾਰ ਨੂੰ ਇੱਕ ਕਮਰੇ ਵਿੱਚ ਬੰਦ ਕਰ ਲਿਆ ਪਰ ਕੁਝ ਦੇਰ ਮਗਰੋਂ ਹੀ ਉਨ੍ਹਾਂ ਦੇ ਘਰ 'ਤੇ ਇੱਟਾਂ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ ਗਏ। ਘਟਨਾ ਦੀ ਸੂਚਨਾ ਮਿਲਣ ਮਗਰੋਂ ਪਟਿਆਲਾ ਤੋਂ ਸਾਂਸਦ ਪ੍ਰਨੀਤ ਕੌਰ ਉਥੇ ਪਹੁੰਚੇ ਅਤੇ ਇਸ ਘਟਨਾ ਦੀ ਸਖ਼ਤ ਨਿਖੇਧੀ ਕਰਦਿਆਂ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ।
ਭਾਜਪਾ ਨੇਤਾ ਅਤੇ ਪਟਿਆਲਾ ਦੇ ਸਾਬਕਾ ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਵੀ ਇਸ ਘਟਨਾ ਦੀ ਪੁਰਜ਼ੋਰ ਨਿੰਦਾ ਕੀਤੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਪੁਲਿਸ ਨੇ ਹਮਲਾਵਰਾਂ ਵਿਰੁੱਧ ਕੋਈ ਠੋਸ ਕਾਰਵਾਈ ਨਹੀਂ ਕੀਤੀ। ਸੀਮਾ ਸ਼ਰਮਾ ਨੇ ਕਿਹਾ ਕਿ ਨਿੱਜੀ ਜਾਂ ਸਿਆਸੀ ਤੌਰ 'ਤੇ ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਪਰ ਜਾਪਦਾ ਹੈ ਕਿ ਅਜਿਹੇ ਹਮਲੇ ਆਮ ਚੋਣਾਂ ਤੋਂ ਪਹਿਲਾਂ ਦਹਿਸ਼ਤ ਦਾ ਮਾਹੌਲ ਸਿਰਜਣ ਦਾ ਹਿੱਸਾ ਹੋ ਸਕਦੇ ਹਨ।