ਮੋਰਾਂਵਾਲੀ ਦੇ ‘ਮਾਤਾ ਵਿਦਿਆਵਤੀ ਸਮਾਰਕ’ ਦੀ ਅਣਦੇਖੀ ਬਾਰੇ ਪ੍ਰਧਾਨ ਮੰਤਰੀ ਨਾਲ ਗੱਲ ਕਰਾਂਗਾ : ਮਨੀਸ਼ ਤਿਵਾੜੀ
ਹੁਸ਼ਿਆਰਪੁਰ 08 ਜਨਵਰੀ 2024- ਕਾਂਗਰਸ ਦੇ ਆਗੂ ਅਤੇ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਸ਼੍ਰੀ ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇਸ਼ ਲਈ ਅਤਿ ਅਹਿਮ ਹਨ ਕਿਉਂ ਕਿ ਦੇਸ਼ ਭਗਤਾਂ ਨੇ ਕੁਰਬਾਨੀਆਂ ਦੇ ਕੇ ਜਿਹੜੀ ਅਜ਼ਾਦੀ ਸਾਨੂੰ ਲੈ ਕੇ ਦਿੱਤੀ ਸੀ ਉਹ ਅੱਜ ਖਤਰੇ ਵਿੱਚ ਹੈ।ਜਿਹੜਾ ਸੰਵਿਧਾਨ ਸਾਨੂੰ ਹੱਕਾਂ ਦੀ ਅਜ਼ਾਦੀ ਦਿੰਦਾ ਹੈ ਉਸ ਨੂੰ ਖਤਮ ਕਰਕੇ ਹੋਰ ਸੰਵਿਧਾਨ ਲਾਗੂ ਕਰਨ ਦੀ ਗੱਲ ਹੋ ਰਹੀ ਹੈ।ਇਸ ਲਈ 2024 ਦੀਆਂ ਚੋਣਾਂ ਵਿੱਚ ਆਪਣੇ ਸੰਵਿਧਾਨਕ ਅਧਿਕਾਰਾਂ ਨੂੰ ਕਾਇਮ ਰੱਖਣ ਵਾਸਤੇ ਸੋਚ-ਸਮਝ ਕੇ ਵੋਟਾਂ ਪਾਉਣ ਦੀ ਲੋੜ ਹੋਵੇਗੀ।

ਜਿਸ ਤਰ੍ਹਾਂ ਸਰਕਾਰ ਨੇ ਆਪਣੇ ਰੰਗ ਦਿਖਾਏ ਹਨ ਉਸ ਤੋਂ ਪਤਾ ਲਗਦਾ ਹੈ ਕਿ ਉਸਦੇ ਦੇ ਮਨਸੂਬੇ ਠੀਕ ਨਹੀਂ ਹਨ। ਹੁਣ ਆਪਣੀ ਅਜ਼ਾਦੀ ਨੂੰ ਬਰਕਰਾਰ ਰੱਖਣ ਵਾਸਤੇ ਸਾਨੂੰ ਅਜ਼ਾਦੀ ਘੁਲਾਟੀਆਂ ਦੇ ਸੰਘਰਸ਼ ਨੂੰ ਅੱਗੇ ਵਧਾਉਣ ਦੀ ਲੋੜ ਹੈ।ਉਹਨਾਂ ਕਿਹਾ ਕਿ ਵਿਕਾਸ ਦੀ ਗੱਲ ਹੋਣੀ ਚਾਹੀਦੀ ਹੈ ਪਰ ਵਿਕਾਸ ਵੀ ਤਾਂ ਹੀ ਚੰਗਾ ਲੱਗੇਗਾ ਜੇਕਰ ਸਾਡੇ ਹੱਕ ਸੁਰੱਖਿਅਤ ਰਹਿਣ ਅਤੇ ਸਾਡੇ ਦੇਸ਼ ਦਾ ਲੋਕਰਾਜ ਕਾਇਮ ਰਹੇ।ਇਸ ਲੋਕ ਰਾਜ ਨੂੰ ਬਚਾਉਣ ਵਾਸਤੇ ਹੀ ਸਾਰੀਆਂ ਵਿਰੋਧੀ ਪਾਰਟੀਆਂ ਇਕੱਠੀਆਂ ਹੋਈਆਂ ਹਨ।ਉਹਨਾਂ ਕਿਹਾ ਕਿ ਸਾਡੀ ਸਰਕਾਰ ਆਉਣ 'ਤੇ ਮਨਰੇਗਾ ਸਕੀਮ ਤਹਿਤ 365 ਦਿਨ ਦਾ ਰੁਜ਼ਗਾਰ ਦਿੱਤਾ ਜਾਵੇਗਾ।
ਉਹਨਾਂ ਕਿਹਾ ਕਿ ਮੋਰਾਂਵਾਲੀ ਵਿਖੇ ‘ਮਾਤਾ ਵਿਦਿਆਵਤੀ ਸਮਾਰਕ’ ਜੋ ਕਿ ਕੇਂਦਰ ਦੀ ਕਾਂਗਰਸ ਸਰਕਾਰ ਵਲੋਂ ਬਣਾਇਆ ਗਿਆ ਸੀ, ਦੀ ਸਾਂਭ-ਸੰਭਾਲ ਨਾ ਹੋਣ ਦਾ ਮੁੱਦਾ ਪ੍ਰਧਾਨ ਮੰਤਰੀ ਅਤੇ ਸਬੰਧਤ ਮਹਿਕਮੇ ਦੇ ਮੰਤਰੀ ਕੋਲ ਉਠਾਇਆ ਜਾਵੇਗਾ।ਉਹਨਾਂ ਇਸ ਸਮਾਰਕ ਲਈ 5 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ।ਉਹਨਾਂ ਮੌਕੇ ’ਤੇ ਹੀ ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਨੂੰ ਫੋਨ ਲਗਾ ਕੇ ਪੁੱਛਿਆ ਕਿ ਜੇਕਰ ਪਿੰਡ ਮੋਰਾਂਵਾਲੀ ਦੀ ਪੰਚਾਇਤ ਦਾ ਕੋਰਮ ਪੂਰਾ ਹੈ ਤਾਂ ਇਥੇ ਪ੍ਰਬੰਧਕ ਕਿਉਂ ਲਗਾਇਆ ਗਿਆ ਹੈ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਹ ਸਾਰਾ ਮਾਮਲਾ ਦੇਖ ਕੇ ਸਬੰਧਤ ਅਫਸਰਾਂ ਨੂੰ ਉਚਿੱਤ ਨਿਰਦੇਸ਼ ਦੇਣਗੇ। ਇੱਥੇ ਦੱਸਣ ਯੋਗ ਹੈ ਕਿ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ 'ਤੇ 28 ਸਤੰਬਰ 2023 ਨੂੰ ਗੜਸ਼ੰਕਰ ਦੇ ਸੱਤਾਧਾਰੀ ਵਿਧਾਇਕ ਨਾਲ ਗਿਲੇ ਸ਼ਿਕਵੇ ਕਰਨ ਕਰਕੇ ਕਥਿਤ ਤੌਰ 'ਤੇ ਰਾਜਸੀ ਬਦਲਾਖੋਰੀ ਕਾਰਨ ਪਿੰਡ ਮੋਰਾਂਵਾਲੀ ਦੀ ਪੰਚਾਇਤ ਦੀ ਥਾਂ 'ਤੇ ਵਿਕਾਸ ਦੇ ਕੰਮ ਕਰਨ ਲਈ ਪ੍ਰਬੰਧਕ ਲਗਾ ਦਿੱਤਾ ਗਿਆ ਸੀ।ਹੁਣ ਪੰਚਾਇਤ ਦਾ ਕੋਰਮ ਪੂਰਾ ਹੋਣ ਦੇ ਬਾਵਜੂਦ ਉਸ ਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ।
ਇਸ ਮੌਕੇ ’ਤੇ ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ ਨੇ ਕਿਹਾ ਕਿ ਉਹਨਾਂ ਨੇ ਗੜ੍ਹਸ਼ੰਕਰ ਇਲਾਕੇ ਵਿੱਚ ਦੋ ਅਹਿਮ ਪ੍ਰੋਜੈਕਟ ਲਿਆਂਦੇ ਹਨ ਜਿਹਨਾਂ ਵਿੱਚ ਸ਼੍ਰੀ ਖੁਰਾਲਗੜ੍ਹ ਸਾਹਿਬ ਅਤੇ ਮੋਰਾਂਵਾਲੀ ਦੇ ਪ੍ਰੋਜੈਕਟ ਸ਼ਾਮਲ ਹਨ ਪਰ ਇਹਨਾਂ ਦੋਨਾਂ ਵੱਲ ਹੀ ਧਿਆਨ ਦਿੱਤੇ ਜਾਣ ਦੀ ਲੋੜ ਹੈ।
ਪਿੰਡ ਵਾਸੀਆਂ ਵਲੋਂ ਸਰਪੰਚ ਮਨਜੀਤ ਰਾਮ ਅਤੇ ਬੈਸਟ ਕੌਜ਼ ਸੋਸਾਇਟੀ ਦੇ ਚੇਅਰਪਰਸਨ ਬੀਬੀ ਮਨਜੀਤ ਕੌਰ ਮੋਰਾਂਵਾਲੀ ਨੇ ਪਿੰਡ ਦੀਆਂ ਮੰਗਾਂ ਤੋਂ ਸ਼੍ਰੀ ਤਿਵਾੜੀ ਨੂੰ ਜਾਣੂ ਕਰਵਾਇਆ ਅਤੇ ਉਹਨਾਂ ਦਾ ਸਨਮਾਨ ਵੀ ਕੀਤਾ ਗਿਆ।ਇਸ ਮੌਕੇ ’ਤੇ ਸ਼੍ਰੀ ਪਵਨ ਦੀਵਾਨ, ਸ਼੍ਰੀ ਜਸਵੀਰ ਸਿੰਘ ਰਾਣਾ, ਬੀਬੀ ਕਿਰਨ ਬਾਲਾ, ਸ਼੍ਰੀ ਸ਼ਿੰਗਾਰਾ ਸਿੰਘ, ਸ਼੍ਰੀ ਦਰਸ਼ਣ ਰਾਮ, ਬੀਬੀ ਨਰਿੰਦਰ ਕੌਰ, ਬੀਬੀ ਰਣਜੀਤ ਕੌਰ, ਸ਼੍ਰੀ ਅਰਵਿੰਦਰ ਕੌਰ ਆਦਿ ਹਾਜ਼ਰ ਸਨ।