ਬਾਬਾ ਸੋਹਣ ਸਿੰਘ ਭਕਨਾ ਦੇ 154ਵੇਂ ਜਨਮ ਦਿਨ 'ਤੇ ਦੇਸ਼ ਭਗਤ ਯਾਦਗਾਰ ਹਾਲ 'ਚ ਵਿਚਾਰ-ਚਰਚਾ

ਜਲੰਧਰ - ਗ਼ਦਰ ਪਾਰਟੀ ਦੇ ਬਾਨੀ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਦੇ 154ਵੇਂ ਜਨਮ ਦਿਹਾੜੇ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਉਹਨਾਂ ਦੇ ਜ਼ਿੰਦਗੀ ਭਰ ਦੇ ਲਾਸਾਨੀ, ਪ੍ਰੇਰਨਾਦਾਇਕ ਇਨਕਲਾਬੀ ਜੀਵਨ ਸਫ਼ਰ ਅਤੇ ਸਾਡੇ ਫ਼ਰਜ਼ਾਂ ਬਾਰੇ ਗੰਭੀਰ ਵਿਚਾਰ-ਚਰਚਾ ਕੀਤੀ ਗਈ।

ਜਲੰਧਰ - ਗ਼ਦਰ ਪਾਰਟੀ ਦੇ ਬਾਨੀ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਦੇ 154ਵੇਂ ਜਨਮ ਦਿਹਾੜੇ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਉਹਨਾਂ ਦੇ ਜ਼ਿੰਦਗੀ ਭਰ ਦੇ ਲਾਸਾਨੀ, ਪ੍ਰੇਰਨਾਦਾਇਕ ਇਨਕਲਾਬੀ ਜੀਵਨ ਸਫ਼ਰ ਅਤੇ ਸਾਡੇ ਫ਼ਰਜ਼ਾਂ ਬਾਰੇ ਗੰਭੀਰ ਵਿਚਾਰ-ਚਰਚਾ ਕੀਤੀ ਗਈ।
ਇਸ ਵਿਚਾਰ-ਚਰਚਾ ਨੂੰ ਸੰਬੋਧਨ ਕਰਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ ਨੇ ਇਤਿਹਾਸਕ ਤੱਥਾਂ ਦੀ ਰੌਸ਼ਨੀ 'ਚ ਅਮੁੱਲੀਆਂ ਗੱਲਾਂ ਸਾਂਝੀਆਂ ਕੀਤੀਆਂ। ਉਹਨਾਂ ਗ਼ਦਰ ਪਾਰਟੀ ਦੀ ਆਧਾਰਸ਼ਿਲਾ ਰੱਖਣ, ਮਿਸਾਲੀ ਇਤਿਹਾਸ ਦੀ ਰਚਨਾ ਕਰਨ, ਆਜ਼ਾਦੀ ਦੀ ਬਸੰਤ ਰੁੱਤ ਲਿਆਉਣ ਲਈ ਸਦਾ ਸੰਗਰਾਮ ਜਾਰੀ ਰੱਖਣ ਦੇ ਦਿੱਤੇ ਸੁਨੇਹੇ ਨੂੰ ਲੜ ਬੰਨ੍ਹਣ ਲਈ ਕਿਹਾ।
ਕਮੇਟੀ ਦੇ ਸਾਬਕਾ ਜਨਰਲ ਸਕੱਤਰ ਗੁਰਮੀਤ ਸਿੰਘ ਨੇ ਕਿਹਾ ਕਿ ਦੁਨੀਆਂ ਦੀ ਸ਼ਾਇਦ ਹੀ ਕੋਈ ਯੂਨੀਵਰਸਿਟੀ ਹੋਵੇ, ਜਿਥੇ ਗ਼ਦਰੀ ਦੇਸ਼ ਭਗਤਾਂ ਅਤੇ ਬਾਬਾ ਸੋਹਣ ਸਿੰਘ ਭਕਨਾ ਦੇ ਇਤਿਹਾਸ ਤੇ ਖੋਜ਼-ਪੜਤਾਲ ਨਾ ਹੋ ਰਹੀ ਹੋਵੇ। ਉਹਨਾਂ ਨੇ ਅਜੋਕੇ ਸਮੇਂ ਦੀਆਂ ਲੋੜਾਂ ਅਤੇ ਚੁਣੌਤੀਆਂ ਨੂੰ ਮੱਦੇ ਨਜ਼ਰ ਰੱਖਦਿਆਂ ਆਪਣੇ ਫ਼ਰਜ਼ਾਂ ਦੀ ਪੂਰਤੀ ਲਈ ਜ਼ੋਰ ਦਿੱਤਾ।
ਡਾ. ਜਸਵਿੰਦਰ ਸਿੰਘ ਬਿਲਗਾ ਨੇ ਕਿਹਾ ਕਿ ਅਜੇਹੀਆਂ ਵਿਚਾਰ-ਚਰਚਾਵਾਂ ਦੀ ਨਿਰੰਤਰਤਾ ਅਤੇ ਵਧੇਰੇ ਹਾਜ਼ਰੀ ਦੀ ਲੋੜ ਹੈ।
ਕਮੇਟੀ ਦੇ ਵਿੱਤ ਸਕੱਤਰ ਸੀਤਲ ਸਿੰਘ ਸੰਘਾ ਨੇ ਨੌਜਵਾਨ ਪੀੜ੍ਹੀ ਨੂੰ ਬਾਬਾ ਸੋਹਣ ਸਿੰਘ ਭਕਨਾ ਦੇ ਜੀਵਨ ਸੰਗ ਜੋੜਨ ਦੀ ਲੋੜ ਉਭਾਰੀ।
ਕਮੇਟੀ ਮੈਂਬਰ ਸੁਰਿੰਦਰ ਕੁਮਾਰੀ ਕੋਛੜ ਨੇ ਆਪਣੇ ਪਿਤਾ ਸਾਬਕਾ ਜਨਰਲ ਸਕੱਤਰ ਗੰਧਰਵ ਸੇਨ ਕੋਛੜ ਦੇ ਹਵਾਲੇ ਨਾਲ ਬਾਬਾ ਭਕਨਾ ਜੀ ਦੀਆਂ ਯਾਦਾਂ ਸਾਂਝੀਆਂ ਕੀਤੀਆਂ।
ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕਿਹਾ ਕਿ ਬਾਬਾ ਸੋਹਣ ਸਿੰਘ ਭਕਨਾ ਦਾ ਜਨਮ ਦਿਹਾੜਾ ਅਸਲ 'ਚ ਆਜ਼ਾਦੀ, ਧਰਮ-ਨਿਰਪੱਖਤਾ, ਸਾਂਝੀਵਾਲਤਾ ਅਤੇ ਬਰਾਬਰੀ 'ਤੇ ਟਿਕੇ ਸਮਾਜ ਦੇ ਜਨਮ ਦਿਹਾੜੇ ਦਾ ਪ੍ਰਤੀਕ ਹੈ। ਇਸ ਲਈ ਦੇਸ਼ ਭਗਤ ਯਾਦਗਾਰ ਕਮੇਟੀ ਅਤੇ ਲੋਕਾਂ ਦੀ ਆਪਸੀ ਸਾਂਝ ਦੀ ਗਲਵੱਕੜੀ ਮਜ਼ਬੂਤ ਕਰਨ ਦੀ ਲੋੜ ਹੈ। ਉਹਨਾਂ ਕਿਹਾ ਕਿ ਇਸ ਸਬੰਧੀ 6 ਜਨਵਰੀ ਨੂੰ ਦੇਸ਼ ਭਗਤ ਯਾਦਗਾਰ ਹਾਲ ਹੋ ਰਹੀ ਮੀਟਿੰਗ 'ਚ ਸਭ ਨੂੰ ਸ਼ਾਮਲ ਹੋਣ ਦੀ ਅਪੀਲ ਹੈ।
ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਨੇ ਕਿਹਾ ਕਿ 1947 ਤੋਂ ਬਾਅਦ ਵੀ ਬਾਬਾ ਸੋਹਣ ਸਿੰਘ ਭਕਨਾ ਸਮੇਤ ਕਿੰਨੇ ਹੀ ਗ਼ਦਰੀਆਂ ਨੂੰ ਕਾਲ ਕੋਠੜੀਆਂ ਵਿੱਚ ਲੰਮੀਆਂ ਕੈਦਾਂ ਹੋਣ ਉਪਰੰਤ ਉਹਨਾਂ ਨੇ ਕਿਹਾ ਸੀ ਕਿ,''ਐ ਮਾਤ-ਭੂਮੀਏਂ! ਅਸੀਂ ਤੇਰੀਆਂ ਗ਼ੁਲਾਮੀ ਦੀਆਂ ਜੰਜ਼ੀਰਾਂ ਤਾਂ ਨਹੀਂ ਤੋੜ ਸਕੇ ਪਰ ਸਾਡਾ ਹਰ ਸਾਥੀ ਆਖ਼ਰੀ ਦਮ ਤੱਕ ਸੰਘਰਸ਼ ਦਾ ਪਰਚਮ ਬੁਲੰਦ ਰੱਖੇਗਾ''।
ਉਹਨਾਂ ਕਿਹਾ ਕਿ ਦੇਸ਼ ਭਗਤ ਯਾਦਗਾਰ ਹਾਲ ਕਿਸੇ ਇਮਾਰਤ ਦਾ ਨਾਮ ਨਹੀਂ ਇਹ ਗ਼ਦਰ ਇਤਿਹਾਸ ਦੀ ਮਸ਼ਾਲ ਜਗਦੀ ਰੱਖਣ ਦਾ ਚਾਨਣ-ਮੁਨਾਰਾ ਹੈ, ਸਾਨੂੰ ਇਸ ਵਿੱਚ ਯੋਗਦਾਨ ਪਾਉਣ ਦੀ ਲੋੜ ਹੈ।