ਗਮਾਡਾ ਵਲੋਂ ਫੇਜ਼ 1 ਵਿੱਚ ਸਰਕਾਰੀ ਥਾਂ ਤੇ ਬਣੇ ਗਊ ਹਸਪਤਾਲ ਦੀ ਦੀਵਾਰ ਤੋੜਣ ਤੇ ਹੋਇਆ ਹੰਗਾਮਾ

ਐਸ ਏ ਐਸ ਨਗਰ, 27 ਦਸੰਬਰ - ਸਥਾਨਕ ਫੇਜ਼ 1 ਵਿੱਚ ਪੁਰਾਣੇ ਗਮਾਡਾ ਦਫਤਰ ਦੇ ਸਾਮ੍ਹਣੇ ਵਾਲੇ ਵੱਡੇ ਸ਼ੈਡ ਦੀ ਥਾਂ ਤੇ ਗਊ ਗ੍ਰਾਸ ਸੇਵਾ ਸਮਿਤੀ ਵਲੋਂ ਚਲਾਏ ਜਾ ਰਹੇ ਗਊ ਹਸਪਤਾਲ ਦੀ ਇੰਡਸ ਹਸਪਤਾਲ ਵਾਲੇ ਪਾਸੇ ਕੀਤੀ ਗਈ ਦੀਵਾਰ ਨੂੰ ਗਮਾਡਾ ਵਲੋਂ ਢਾਹੇ ਜਾਣ ਦੇ ਖਿਲਾਫ ਪਸ਼ੂ ਹਸਪਤਾਲ ਦੇ ਪ੍ਰਬੰਧਕਾਂ, ਫੇਜ਼ 1 ਮੰਦਰ ਦੇ ਅਹੁਦੇਦਾਰਾਂ ਅਤੇ ਹੋਰਨਾਂ ਵਿਅਕਤੀਆਂ ਵਲੋਂ ਮੁੱਖ ਸੜਕ ਤੇ ਜਾਮ ਲਗਾ ਕੇ ਪੰਜਾਬ ਸਰਕਾਰ ਅਤੇ ਗਮਾਡਾ ਦੇ ਖਿਲਾਫ ਨਾਹਰੇਬਾਜੀ ਕੀਤੀ ਗਈ ਅਤੇ ਗਊ ਹਸਪਤਾਲ ਦੀ ਦੀਵਾਰ ਢਾਹੁਣ ਵਾਲੇ ਗਮਾਡਾ ਦੇ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ। ਬਾਅਦ ਵਿੱਚ ਥਾਣਾ ਫੇਜ਼ 1 ਦੇ ਐਸ ਐਚ ਓ ਵਲੋਂ ਮੌਕੇ ਤੇ ਪਹੁੰਚ ਕੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕੀਤਾ ਗਿਆ ਅਤੇ ਸੜਕ ਜਾਮ ਖੁਲਵਾ ਕੇ ਆਵਾਜਾਈ ਨੂੰ ਬਹਾਲ ਕਰਵਾਇਆ ਗਿਆ।

ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਦੁਪਹਿਰ ਵੇਲੇ ਗਮਾਡਾ ਦੀ ਨਾਜਾਇਜ ਕਬਜੇ ਹਟਾਉਣ ਵਾਲੀ ਟੀਮ ਜੇ ਸੀ ਬੀ ਮਸ਼ੀਨ ਦੇ ਨਾਲ ਮੌਕੇ ਤੇ ਪਹੁੰਚੀ ਅਤੇ ਇੰਡਸ ਹਸਪਤਾਲ ਵਾਲੇ ਪਾਸੇ ਦਾਖਿਲ ਹੋ ਕੇ ਗਊ ਹਸਪਤਾਲ ਦੀ ਦੀਵਾਰ ਨੂੰ ਜੇ ਸੀ ਬੀ ਮਸ਼ੀਨ ਨਾਲ ਢਾਹ ਦਿੱਤਾ ਗਿਆ। ਇਸ ਮੌਕੇ ਹਸਪਤਾਲ ਵਿੱਚ ਕੰਮ ਕਰ ਰਹੇ ਵਰਕਰਾਂ ਵਲੋਂ ਗਮਾਡਾ ਦੀ ਇਸ ਕਾਰਵਾਈ ਦਾ ਵਿਰੋਧ ਕੀਤਾ ਗਿਆ ਅਤੇ ਕਾਰਵਾਈ ਰੋਕਣ ਲਈ ਕਿਹਾ ਗਿਆ ਅਤੇ ਨਾਲ ਹੀ ਉੱਥੇ ਹੋਰ ਭੀੜ ਇਕੱਠੀ ਹੋਣ ਲੱਗ ਗਈ ਜਿਸਤੇ ਗਮਾਡਾ ਦੀ ਟੀਮ ਉੱਥੋਂ ਚਲੀ ਗਈ। ਬਾਅਦ ਵਿੱਚ ਗਮਾਡਾ ਦੀ ਕਾਰਵਾਈ ਕਾਰਨ ਰੋਹ ਵਿੱਚ ਆਏ ਲੋਕਾਂ ਵਲੋਂ ਸੜਕ ਤੇ ਜਾਮ ਲਗਾ ਕੇ ਸਰਕਾਰ ਦੇ ਖਿਲਾਫ ਨਾਹਰੇਬਾਜੀ ਕੀਤੀ ਗਈ।

ਇਸ ਸੰਬੰਧੀ ਗਊ ਗ੍ਰਾਸ ਸੇਵਾ ਸਮਿਤੀ ਦੇ ਪ੍ਰਧਾਨ ਸ੍ਰੀ ਸ਼ੀਸ਼ਪਾਲ ਗਰਗ ਨੇ ਕਿਹਾ ਕਿ ਗਮਾਡਾ ਵਲੋਂ ਜਾਣ ਬੁੱਝ ਕੇ ਇਹ ਭੜਕਾਊ ਕਾਰਵਾਈ ਕੀਤੀ ਗਈ ਹੈ। ਉਹਨਾਂ ਕਿਹਾ ਕਿ ਸਮਿਤੀ ਵਲੋਂ ਇੱਥੇ ਆਰਜੀ ਤੌਰ ਤੇ ਗਊ ਹਸਪਤਾਲ ਚਲਾਇਆ ਜਾ ਰਿਹਾ ਹੈ ਜਿੱਥੇ ਬਿਮਾਰ ਅਤੇ ਜਖਮੀ ਮੱਝਾਂ ਦੀ ਸੇਵਾ ਕੀਤੀ ਜਾਂਦੀ ਹੈ ਪਰੰਤੂ ਗਮਾਡਾ ਵਲੋਂ ਅਚਾਨਕ ਕਾਰਵਾਈ ਕਰਦਿਆਂ ਹਸਪਤਾਲ ਦੀ ਦੀਵਾਰ ਤੋੜ ਦਿੱਤੀ ਗਈ ਹੈ ਉਹਨਾਂ ਕਿਹਾ ਕਿ ਇਸ ਕਾਰਵਾਈ ਵੇਲੇ ਬਿਮਾਰ ਗਊਆਂ ਨੂੰ ਕਿਤੇ ਹੋਰ ਤਬਦੀਲ ਕਰਨ ਦਾ ਵੀ ਸਮਾਂ ਨਹੀਂ ਦਿੱਤਾ ਗਿਆ ਜਿਸ ਕਾਰਨ ਆਮ ਲੋਕਾਂ ਵਿੱਚ ਭਾਰੀ ਰੋਸ ਹੈ। ਉਹਨਾਂ ਕਿਹਾ ਕਿ ਸ਼ਹਿਰ ਵਿੱਚ ਥਾਂ ਥਾਂ ਤੇ ਧਾਰਮਿਕ ਸਥਾਨਾਂ ਦੇ ਨਾਮ ਤੇ ਕਬਜੇ ਹੋਏ ਹੋਏ ਹਨ ਪਰੰਤੂ ਗਮਾਡਾ ਵਲੋਂ ਉੱਥੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਅਤੇ ਪਸ਼ੂਆਂ ਦੀ ਸੇਵਾ ਕਰ ਰਹੇ ਇਸ ਹਸਪਤਾਲ ਦੀ ਦੀਵਾਰ ਨੂੰ ਤੋੜਿਆ ਗਿਆ ਹੈ।

ਸਾਬਕਾ ਕੌਂਸਲਰ ਸ੍ਰੀ ਅਸ਼ੋਕ ਝਾਅ ਨੇ ਕਿਹਾ ਕਿ ਪ੍ਰਸ਼ਾਸ਼ਨ ਨੂੰ ਚਾਹੀਦਾ ਹੈ ਕਿ ਉਹ ਪਹਿਲਾਂ ਸੜਕਾਂ ਤੇ ਫਿਰਦੀਆਂ ਬਿਮਾਰ ਗਊਆਂ ਦੇ ਇਲਾਜ ਦਾ ਪ੍ਰਬੰਧ ਕਰੇ। ਉਹਨਾਂ ਕਿਹਾ ਕਿ ਇਸ ਤਰੀਕੇ ਨਾਲ ਗਊਆਂ ਦੀ ਸੇਵਾ ਕਰ ਰਹੇ ਵਿਅਕਤੀਆਂ ਨੂੰ ਬਿਨਾ ਵਜ੍ਹਾ ਤੰਗ ਨਹੀਂ ਕੀਤਾ ਜਾਣਾ ਚਾਹੀਦਾ ਅਤੇ ਪ੍ਰਸ਼ਾਸ਼ਨ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ।

ਇਸ ਥਾਂ ਤੇ ਨਾਜਾਇਜ਼ ਕਬਜਾ ਕਰਕੇ ਗਊ ਹਸਪਤਾਲ ਚਲਾਏ ਜਾਣ ਦੇ ਖਿਲਾਫ ਸ਼ਿਕਾਇਤ ਦੇਣ ਵਾਲੇ ਪੰਜਾਬ ਅਗੇਂਸਟ ਕੁਰਪਸ਼ਨ ਦੇ ਪ੍ਰਧਾਨ ਸz. ਸਤਨਾਮ ਸਿੰਘ ਦਾਊਂ ਨੇ ਦੱਸਿਆ ਕਿ ਰਿਹਾਇਂਸ਼ੀ ਖੇਤਰ ਵਿੱਚ ਚਲ ਰਹੇ ਹਸਪਤਾਲ ਦੇ ਖਿਲਾਫ ਗਮਾਡਾ ਦੇ ਮੁੱਖ ਪ੍ਰਸ਼ਾਸ਼ਕ ਨੂੰ ਕਾਨੂੰਨੀ ਨੋਟਿਸ ਦਿੱਤਾ ਗਿਆ ਹੈ ਜਿਸਤੇ ਕਾਰਵਾਈ ਕਰਦਿਆਂ ਮੁੱਖ ਪ੍ਰਸ਼ਾਸ਼ਕ ਵਲੋਂ ਈ ਓ ਹਾਊਸਿੰਗ ਨੂੰ ਬਣਦੀ ਕਾਰਵਾਈ ਦੇ ਹੁਕਮ ਦਿੱਤੇ ਗਏ ਸਨ ਅਤੇ ਈ ਓ ਹਾਊਸਿੰਗ ਵਲੋਂ ਇਹ ਨਾਜਇਜ ਕਬਜਾ ਖਾਲੀ ਕਰਵਾਉਣ ਸੰਬੰਧੀ ਦਫਤਰੀ ਹੁਕਮ ਜਾਰੀ ਕੀਤੇ ਗਏ ਪਰੰਤੂ ਗਮਾਡਾ ਦੀ ਟੀਮ ਵਿਖਾਵਾ ਕਰਕੇ ਮੁੜ ਗਈ ਹੈ ਅਤੇ ਉਲਟਾ ਮਾਮਲੇ ਨੂੰ ਭੜਕਾ ਦਿੱਤਾ ਗਿਆ ਹੈ।

ਉਹਨਾਂ ਕਿਹਾ ਕਿ ਜਿੱਥੋਂ ਤਕ ਗਊ ਰਖਿਆ ਦੀ ਗੱਲ ਹੈ ਉਹ ਵੀ ਇਸਦੇ ਸਮਰਥਕ ਹਨ ਪਰੰਤੂ ਗਊ ਰੱਖਿਆ ਦੇ ਨਾਮ ਤੇ ਨਾਜਾਇਜ ਕਬਜੇ ਦੀ ਇਜਾਜਤ ਨਹੀਂ ਮਿਲਣੀ ਚਾਹੀਦੀ ਅਤੇ ਗਮਾਡਾ ਨੂੰ ਇਹ ਕਬਜਾ ਤੁਰੰਤ ਖਾਲੀ ਕਰਵਾਉਣਾ ਚਾਹੀਦਾ ਹੈ। ਗਊਆਂ ਵਾਸਤੇ ਗਊਸ਼ਾਲਾ ਵਿੱਚ ਹਸਪਤਾਲ ਦੀ ਥਾਂ ਦਿੱਤੀ ਜਾ ਸਕਦੀ ਹੈ। ਉਹਨਾਂ ਕਿਹਾ ਕਿ ਪ੍ਰਸ਼ਾਸ਼ਨ ਅਤੇ ਸਰਕਾਰ ਨੂੰ ਕਿਸੇ ਦੇ ਦਬਾਓ ਵਿੱਚ ਨਹੀਂ ਆਉਣਾ ਚਾਹੀਦਾ ਅਤੇ ਇਸ ਥਾਂ ਨੂੰ ਤੁਰੰਤ ਖਾਲੀ ਕਰਵਾਇਆ ਜਾਣਾ ਚਾਹੀਦਾ ਹੈ।