
ਗੁਰੂ ਗੋਬਿੰਦ ਸਿੰਘ ਜੀ ਦੀ ਕੁਰਬਾਨੀ ਤੋਂ ਵੱਡੀ ਦੁਨੀਆਂ ਵਿੱਚ ਕੋਈ ਮਿਸਾਲ ਨਹੀਂ - ਵਿਜੇ ਸਾਂਪਲਾ
ਹੁਸ਼ਿਆਰਪੁਰ - ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਧਰਮ ਦੀ ਰੱਖਿਆ ਲਈ ਜੋ ਕੁਰਬਾਨੀਆਂ ਦਿੱਤੀਆਂ ਗਈਆਂ ਹਨ, ਉਨ੍ਹਾਂ ਤੋਂ ਵੱਡੀ ਕੋਈ ਮਿਸਾਲ ਦੁਨੀਆਂ ਵਿੱਚ ਨਹੀਂ ਹੈ ਅਤੇ ਜੇਕਰ ਪੰਜਾਬ ਦਾ ਸੁਨਹਿਰੀ ਇਤਿਹਾਸ ਹੈ ਤਾਂ ਇਸ ਪਿੱਛੇ ਇਹ ਕੁਰਬਾਨੀਆਂ ਬਹੁਤ ਕੁਝ ਬਿਆਨ ਕਰਦੀਆਂ ਹਨ। ਉਪਰੋਕਤ ਸ਼ਬਦ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਅੱਜ ਨਰਾਇਣ ਨਗਰ ਵਿੱਚ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਤਲਵਾੜ ਜੋੜੇ ਵੱਲੋਂ ਕਰਵਾਏ ਗਏ ਗੱਤਕਾ ਪ੍ਰਦਰਸ਼ਨ ਵਿੱਚ ਹਾਜ਼ਰੀ ਭਰਦਿਆਂ ਸੰਬੋਧਨ ਕਰਦਿਆਂ ਕਹੇ।
ਹੁਸ਼ਿਆਰਪੁਰ - ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਧਰਮ ਦੀ ਰੱਖਿਆ ਲਈ ਜੋ ਕੁਰਬਾਨੀਆਂ ਦਿੱਤੀਆਂ ਗਈਆਂ ਹਨ, ਉਨ੍ਹਾਂ ਤੋਂ ਵੱਡੀ ਕੋਈ ਮਿਸਾਲ ਦੁਨੀਆਂ ਵਿੱਚ ਨਹੀਂ ਹੈ ਅਤੇ ਜੇਕਰ ਪੰਜਾਬ ਦਾ ਸੁਨਹਿਰੀ ਇਤਿਹਾਸ ਹੈ ਤਾਂ ਇਸ ਪਿੱਛੇ ਇਹ ਕੁਰਬਾਨੀਆਂ ਬਹੁਤ ਕੁਝ ਬਿਆਨ ਕਰਦੀਆਂ ਹਨ। ਉਪਰੋਕਤ ਸ਼ਬਦ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਅੱਜ ਨਰਾਇਣ ਨਗਰ ਵਿੱਚ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਤਲਵਾੜ ਜੋੜੇ ਵੱਲੋਂ ਕਰਵਾਏ ਗਏ ਗੱਤਕਾ ਪ੍ਰਦਰਸ਼ਨ ਵਿੱਚ ਹਾਜ਼ਰੀ ਭਰਦਿਆਂ ਸੰਬੋਧਨ ਕਰਦਿਆਂ ਕਹੇ। ਸਾਂਪਲਾ ਨੇ ਕਿਹਾ ਕਿ ਸਮਾਜ ਤਲਵਾੜ ਪਰਿਵਾਰ ਦਾ ਧੰਨਵਾਦੀ ਹੈ ਕਿ ਉਹ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਬਕ ਸਿਖਾਉਣ ਵਾਲੇ ਹਰ ਪ੍ਰੋਗਰਾਮ ਦੇ ਆਯੋਜਨ ਵਿੱਚ ਪਹਿਲਕਦਮੀ ਕਰਦੇ ਹਨ। ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਸਾਬਕਾ ਕੈਬਨਿਟ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਨਿਲ ਜੋਸ਼ੀ ਨੇ ਕਿਹਾ ਕਿ ਪੰਜਾਬ ਯੋਧਿਆਂ ਦੀ ਧਰਤੀ ਹੈ, ਜਿਸ ਨੂੰ ਕਈ ਤਾਕਤਾਂ ਨੇ ਹਿੰਦੂ-ਸਿੱਖਾਂ ਦੇ ਨਾਂ 'ਤੇ ਵੰਡਣ ਦੀ ਕੋਸ਼ਿਸ਼ ਕੀਤੀ ਹੈ, ਪਰ ਹਿੰਦੂ-ਸਿੱਖਾਂ ਏਕਤਾ ਦੀ ਪਹਿਰੇਦਾਰੀ ਕਰਨ ਵਾਲਿਆਂ ਤੋਂ ਉਹਨਾਂ ਸਦਾ ਮੂੰਹ ਦੀ ਖਾਧੀ ਹੈ। ਇਸੇ ਕਰਕੇ ਅੱਜ ਤੱਕ ਇਸ ਧਰਤੀ 'ਤੇ ਹਿੰਦੂ, ਸਿੱਖ ਏਕਤਾ ਕਾਇਮ ਹੈ। ਲੋਕਾਂ ਨੇ ਉਨ੍ਹਾਂ ਤਾਕਤਾਂ ਦੀ ਇਸ ਅਸਫ਼ਲ ਕਾਰਵਾਈ ਨੂੰ ਕਾਮਯਾਬ ਨਹੀਂ ਹੋਣ ਦਿੱਤਾ। ਤਲਵਾੜ ਜੋੜਾ ਹਿੰਦੂ-ਸਿੱਖ ਏਕਤਾ ਦੀ ਮਿਸਾਲ ਕਾਇਮ ਕਰ ਰਿਹਾ ਹੈ। ਅਨਿਲ ਜੋਸ਼ੀ ਨੇ ਕਿਹਾ ਕਿ ਪੰਜਾਬ ਨੇ ਹਮੇਸ਼ਾ ਹੀ ਭਾਰਤ ਦੀ ਏਕਤਾ ਅਤੇ ਅਖੰਡਤਾ ਲਈ ਕੁਰਬਾਨੀਆਂ ਦਿੱਤੀਆਂ ਹਨ ਅਤੇ ਪੰਜਾਬ ਤੋਂ ਹੀ ਕਈ ਇਨਕਲਾਬਾਂ ਨੇ ਜਨਮ ਲਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਪੰਜਾਬ 'ਤੇ ਕਿਸੇ ਬਾਹਰੀ ਤਾਕਤਾਂ ਨੇ ਹਮਲਾ ਕੀਤਾ ਹੈ ਤਾਂ ਤਲਵਾੜ ਜੋੜੇ ਵਰਗੇ ਲੋਕਾਂ ਨੇ ਹਿੰਦੂ- ਸਿੱਖ ਏਕਤਾ ਦੀ ਮਿਸਾਲ ਪੇਸ਼ ਕੀਤੀ ਹੈ। ਇਸ ਮੌਕੇ ਸੰਤ ਰਣਜੀਤ ਸਿੰਘ ਜੀ ਅਤੇ ਬਾਬਾ ਗੁਰਦੇਵ ਸਿੰਘ ਜੀ ਨੇ ਆਸ਼ੀਰਵਾਦ ਦਿੰਦਿਆਂ ਕਿਹਾ ਕਿ ਜਦੋਂ ਤੱਕ ਪੰਜਾਬੀਆਂ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਿੱਖਿਆਵਾਂ 'ਤੇ ਚੱਲਣ ਦੀ ਹਿੰਮਤ ਹੈ, ਭਾਰਤ ਹਰ ਮੁਸ਼ਕਲ ਤੋਂ ਮੁਕਤ ਰਹੇਗਾ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸੰਜੀਵ ਤਲਵਾੜ ਨੇ ਦੱਸਿਆ ਕਿ ਤਲਵਾੜ ਜੋੜਾ ਪਿਛਲੇ ਸਮੇਂ ਤੋਂ ਲਗਾਤਾਰ ਉਪਰਾਲੇ ਕਰ ਰਿਹਾ ਹੈ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਗੁੰਮਰਾਹ ਨਾ ਹੋਣ ਅਤੇ ਆਪਣੇ ਇਤਿਹਾਸ ਤੋਂ ਜਾਣੂ ਹੋਣ। ਉਨ੍ਹਾਂ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਦੀ ਮਿਸਾਲ ਸਾਰੀ ਦੁਨੀਆਂ ਦੇ ਕਿਸੇ ਵੀ ਦੇਸ਼ ਵਿੱਚ ਨਹੀਂ ਮਿਲਦੀ। ਉਨ੍ਹਾਂ ਕਿਹਾ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅੱਜ ਤੱਕ ਸੱਤਾ ਪ੍ਰਾਪਤੀ ਲਈ ਕੋਈ ਜੰਗ ਨਹੀਂ ਲੜੀ ਸਗੋਂ ਧਰਮ ਦੀ ਰੱਖਿਆ ਲਈ ਆਪਣੇ ਪਿਤਾ ਤੋਂ ਲੈ ਕੇ ਆਪਣੇ ਬੱਚਿਆਂ ਤੱਕ ਸਾਰਾ ਪਰਿਵਾਰ ਕੁਰਬਾਨ ਕਰ ਦਿੱਤਾ। ਅੱਜ ਬੇਸ਼ੱਕ ਅਸੀਂ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਹਾਂ, ਪਰ ਵਿਦੇਸ਼ੀ ਤਾਕਤਾਂ ਧਰਮ ਪਰਿਵਰਤਨ ਦੇ ਨਾਂ 'ਤੇ ਸਾਡਾ ਜੋ ਨੁਕਸਾਨ ਕਰ ਰਹੀਆਂ ਹਨ, ਉਸ ਨੂੰ ਰੋਕਣ ਦਾ ਇੱਕੋ ਇੱਕ ਤਰੀਕਾ ਹੈ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਇਨ੍ਹਾਂ ਕੁਰਬਾਨੀਆਂ ਦੀਆਂ ਜੀਵਨ ਗਾਥਾਵਾਂ ਨੂੰ ਆਪਣੇ ਜੀਵਨ ਦਾ ਮੁੱਖ ਮੰਤਰ ਬਣਾਉਣ। ਇਸ ਲਈ ਅਸੀਂ ਵੀ ਹਮੇਸ਼ਾ ਯਤਨਸ਼ੀਲ ਰਹਾਂਗੇ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਜਥੇਦਾਰ ਲਖਵਿੰਦਰ ਸਿੰਘ ਲੱਖੀ, ਜਤਿੰਦਰ ਲਾਲੀ ਬਾਜਵਾ, ਮੋਹਿਤ ਗੁਪਤਾ ਵਲੋਂ ਵੀ ਸੰਬੋਧਨ ਕੀਤਾ ਗਿਆ। ਪ੍ਰੋਗਰਾਮ ਵਿੱਚ ਗੱਤਕਾ ਪਾਰਟੀਆਂ ਨੇ ਸਾਹਿਬਜਾਦਿਆਂ ਦੀ ਜੀਵਨੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਕੁਰਬਾਨੀਆਂ ਬਾਰੇ ਦੱਸਿਆ ਅਤੇ ਪ੍ਰੇਰਨਾ ਦਿੱਤੀ ਅਤੇ ਸੱਚ ਦੇ ਮਾਰਗ 'ਤੇ ਚੱਲਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਧਾਰਮਿਕ, ਰਾਜਨੀਤਿਕ ਅਤੇ ਸਮਾਜਿਕ ਸ਼ਖ਼ਸੀਅਤਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।
