ਸਾਹੋਵਾਲੀਆ ਦਾ ਕਾਵਿ-ਸੰਗ੍ਰਹਿ ‘ਉਸਾਰੂ ਹਲੂਣੇ’ ਲੋਕ ਅਰਪਣ ਤੇ ਚਰਚਾ

ਪੂਰੀ ਲਗਨ ਤੇ ਦ੍ਰਿੜ੍ਹ ਇਰਾਦੇ ਨਾਲ ਮਾਂ ਬੋਲੀ ਪੰਜਾਬੀ ਦੀ ਸੇਵਾ ਵਿੱਚ ਜੁਟੇ ਕਵੀ ਮੰਚ (ਰਜਿ:) ਮੋਹਾਲੀ ਨੇ ਇੱਕ ਸਾਰਥਿਕ ਪੁਲਾਂਘ ਹੋਰ ਪੁੱਟਦਿਆਂ ਆਰੀਆ ਸਮਾਜ ਮੰਦਿਰ ਫੇਜ਼-6, ਮੋਹਾਲੀ ਵਿਖੇ ਮਿਤੀ 15.12.2023 ਨੂੰ ਸ਼ਾਇਰ ਤੇ ਲੇਖਕ ਰਾਜ ਕੁਮਾਰ ਸਾਹੋਵਾਲੀਆ ਦੀ ਕਾਵਿ-ਪੁਸਤਕ ‘ਉਸਾਰੂ ਹਲੂਣੇ’ ਦਾ ਲੋਕ ਅਰਪਣ ਸਮਾਗਮ, ਚਰਚਾ ਤੇ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਕਵੀ ਮੰਚ ਦੇ ਪ੍ਰਧਾਨ ਭਗਤ ਰਾਮ ਰੰਗਾੜਾ, ਗੀਤਕਾਰ ਰਣਜੋਧ ਸਿੰਘ ਰਾਣਾ ਤੇ ਅਜਮੇਰ ਸਾਗਰ ਵੱਲੋਂ ਸਾਂਝੇ ਤੌਰ ਤੇ ਕੀਤੀ ਗਈ

ਪੂਰੀ ਲਗਨ ਤੇ ਦ੍ਰਿੜ੍ਹ ਇਰਾਦੇ ਨਾਲ ਮਾਂ ਬੋਲੀ ਪੰਜਾਬੀ ਦੀ ਸੇਵਾ ਵਿੱਚ ਜੁਟੇ ਕਵੀ ਮੰਚ (ਰਜਿ:) ਮੋਹਾਲੀ ਨੇ ਇੱਕ ਸਾਰਥਿਕ ਪੁਲਾਂਘ ਹੋਰ ਪੁੱਟਦਿਆਂ ਆਰੀਆ ਸਮਾਜ ਮੰਦਿਰ ਫੇਜ਼-6, ਮੋਹਾਲੀ ਵਿਖੇ ਮਿਤੀ 15.12.2023 ਨੂੰ ਸ਼ਾਇਰ ਤੇ ਲੇਖਕ ਰਾਜ ਕੁਮਾਰ ਸਾਹੋਵਾਲੀਆ ਦੀ ਕਾਵਿ-ਪੁਸਤਕ ‘ਉਸਾਰੂ ਹਲੂਣੇ’ ਦਾ ਲੋਕ ਅਰਪਣ ਸਮਾਗਮ, ਚਰਚਾ ਤੇ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਕਵੀ ਮੰਚ ਦੇ ਪ੍ਰਧਾਨ ਭਗਤ ਰਾਮ ਰੰਗਾੜਾ, ਗੀਤਕਾਰ ਰਣਜੋਧ ਸਿੰਘ ਰਾਣਾ ਤੇ ਅਜਮੇਰ ਸਾਗਰ ਵੱਲੋਂ ਸਾਂਝੇ ਤੌਰ ਤੇ ਕੀਤੀ ਗਈ ਜਦਕਿ ਉਸਤਾਦ ਗ਼ਜ਼ਲਗੋ ਸਿਰੀ ਰਾਮ ਅਰਸ਼ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਮੰਚ ਵੱਲੋਂ ਮੁੱਖ ਮਹਿਮਾਨ, ਪੁਸਤਕ ਦੇ ਲੇਖਕ ਸਾਹੋਵਾਲੀਆ ਅਤੇ ਰੰਗਾੜਾ ਨੂੰ ਮੰਚ ਦੇ ਅਹੁਦੇਦਾਰਾਂ ਵੱਲੋਂ ਬੁੱਕੇ ਦੇ ਕੇ ਸਵਾਗਤ ਕੀਤਾ ਗਿਆ। ਸਾਹਿਤਕ ਮੰਚ ਮੋਹਾਲੀ ਦੇ ਮਰਹੂਮ ਪ੍ਰਧਾਨ ਵਰਿਆਮ ਬਟਾਲਵੀ ਨੂੰ ਉਨ੍ਹਾਂ ਦੀਆਂ ਸਾਹਿਤਕ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਬੜੀ ਸ਼ਿੱਦਤ ਨਾਲ ਯਾਦ ਕੀਤਾ ਗਿਆ। ਰਣਜੋਧ ਸਿੰਘ ਰਾਣਾ ਸੀਨੀਅਰ ਮੀਤ ਪ੍ਰਧਾਨ ਵੱਲੋਂ ਸਭਾ ਦੀਆਂ ਗਤੀਵਿਧੀਆਂ ਦੀ ਜਾਣਕਾਰੀ ਦਿੰਦਿਆਂ ਸਰੋਤਿਆਂ ਨੂੰ ਜੀ ਆਇਆਂ ਆਖਿਆ। ਪ੍ਰੋਗਰਾਮ ਦੀ ਅਰੰਭਤਾ ਕਰਦਿਆਂ ਲੋਕ ਗਾਇਕ ਅਮਰ ਵਿਰਦੀ ਨੇ ਭੁਪਿੰਦਰ ਮਟੌਰੀਆ ਦੇ ਇੱਕ ਗੀਤ ਨਾਲ ਕੀਤੀ। ਇਸ ਉਪਰੰਤ ਕਾਵਿ-ਪੁਸਤਕ ਉਸਾਰੂ ਹਲੂਣੇ ਦੀ ਘੁੰਢ ਚੁਕਾਈ ਪ੍ਰਧਾਨਗੀ ਮੰਡਲ ਵੱਲੋਂ ਕੀਤੀ ਗਈ ਅਤੇ ਇਸ ਤੇ ਭਾਵ-ਪੂਰਤ ਪਰਚਾ ਡਾ. ਪੰਨਾ ਲਾਲ ਮੁਸਤਫ਼ਾਬਾਦੀ ਵੱਲੋਂ ਪੜ੍ਹਨ ਉਪਰੰਤ ਗੀਤਕਾਰ ਰਣਜੋਧ ਸਿੰਘ ਰਾਣਾ, ਕਵੀ ਧਿਆਨ ਸਿੰਘ ਕਾਹਲੋਂ, ਭਗਤ ਰਾਮ ਰੰਗਾੜਾ ਅਤੇ ਮੁੱਖ ਮਹਿਮਾਨ ਸਿਰੀ ਰਾਮ ਅਰਸ਼ ਵੱਲੋਂ ਪੁਸਤਕ ਤੇ ਨਿੱਠ ਕੇ ਚਰਚਾ ਕਰਦਿਆਂ ਪੁਸਤਕ ਵਿੱਚ ਪ੍ਰਗਟਾਏ ਗਏ ਵਿਚਾਰਾਂ ਦੀ ਪੁਖ਼ਤਗੀ ਬਾਰੇ ਭਰਪੂਰ ਸ਼ਲਾਘਾ ਕੀਤੀ ਗਈ ਅਤੇ ਇਸ ਨੂੰ ਲਾਇਬ੍ਰੇਰੀਆਂ ਦਾ ਸ਼ਿੰਗਾਰ ਬਣਨ ਦਾ ਮਾਦਾ ਰੱਖਣ ਵਾਲੀ ਮਿਆਰੀ ਪੁਸਤਕ ਦੱਸਿਆ। ਪੁਸਤਕ ਦੇ ਰਚੇਤਾ ਵੱਲੋਂ ਲੋਕ ਅਰਪਣ ਹੋਈ ਪੁਸਤਕ ਵਿਚੋਂ ਕੁੱਝ ਚੁਣੀਦੀਆਂ ਰਚਨਾਵਾਂ ਪੇਸ਼ ਕੀਤੀਆਂ। ਇਸ ਮੌਕੇ ਤੇ ਮੁੱਖ ਮਹਿਮਾਨ ਸਿਰੀ ਰਾਮ ਅਰਸ਼ ਦੇ 90ਵੇਂ ਸਾਲ ਵਿੱਚ ਪ੍ਰਵੇਸ਼ ਕਰਨ ਤੇ ਸਮੂਹ ਸ਼ਾਇਰਾਂ ਵੱਲੋਂ ਜਿੱਥੇ ਉਨ੍ਹਾਂ ਨੂੰ ਵਧਾਈ ਦਿੱਤੀ ਗਈ ਉੱਥੇ ਖੁਸ਼ੀ ਵਿੱਚ ਕੇਕ ਵੀ ਕੱਟਿਆ। ਸਮਾਗਮ ਦੇ ਤੀਜੇ ਪੜ੍ਹਾਅ ਵਿੱਚ ਅਮਰਜੀਤ ਪਟਿਆਲਵੀ, ਧਿਆਨ ਸਿੰਘ ਕਾਹਲੋਂ, ਬੀ.ਆਰ. ਰੰਗਾੜਾ, ਦਰਸ਼ਨ ਤਿਊਣਾ, ਭੁਪਿੰਦਰ ਭਾਗੋਮਾਜਰੀਆ, ਕਸ਼ਮੀਰ ਘੇਸਲ, ਨਰਿੰਦਰ ਕੌਰ ਲੌਂਗੀਆ, ਅਜਮੇਰ ਸਾਗਰ, ਰਣਜੋਧ ਸਿੰਘ ਰਾਣਾ ਹੁਰਾਂ ਨੇ ਆਪੋ ਆਪਣੇ ਅੰਦਾਜ਼ ਵਿੱਚ ਆਪਣੇ ਫ਼ਨ ਦਾ ਮੁਜਾਹਰਾ ਕਰਦਿਆਂ ਸਰੋਤਿਆਂ ਦੀ ਭਰਵੀਂ ਦਾਦ ਖੱਟੀ। ਇਸ ਮੌਕੇ ਤੇ ਜਗਪਾਲ ਸਿੰਘ ਆਈ.ਏ.ਐਫ. (ਰਿਟਾ.), ਪ੍ਰਾਪਰਟੀ-ਡੀਲਰ ਈਸ਼ਵਰ ਚੰਦਰ ਮੀਰਪੁਰੀ, ਸੁਰਿੰਦਰ ਕੁਮਾਰ ਵਰਮਾ, ਸਿਕੰਦਰ ਸਿੰਘ ਪੱਲ੍ਹਾ, ਅਮਰੀਕ ਸਿੰਘ ਸੇਠੀ ਆਦਿ ਨੇ ਲੰਮਾ ਸਮਾਂ ਹਾਜ਼ਰੀ ਭਰ ਕੇ ਚੰਗੇ ਸਰੋਤੇ ਹੋਣ ਦਾ ਸਬੂਤ ਦਿੱਤਾ। ਇਸ ਸਮੁੱਚੇ ਪ੍ਰੋਗਰਾਮ ਦਾ ਮੰਚ ਸੰਚਾਲਨ ਸਾਹੋਵਾਲੀਆ ਵੱਲੋਂ ਕੀਤਾ ਗਿਆ। ਇਸ ਮੌਕੇ ਤੇ ਚਾਹ ਪਾਣੀ ਤੇ ਖਾਣ-ਪੀਣ ਦਾ ਵਧੀਆ ਪ੍ਰਬੰਧ ਸੀ। ਅੰਤ ਵਿੱਚ ਲੋਕ ਗਾਇਕ ਅਮਰ ਵਿਰਦੀ ਵੱਲੋਂ ਆਪਣੇ ਚਰਚਿਤ ਗੀਤ ਚੰਗਿਆਈਆਂ ਬੁਰਿਆਈਆਂ ਨਾਲ ਚੰਗਾ ਰੰਗ ਬੰਨ੍ਹਿਆ। ਇਸ ਤਰ੍ਹਾਂ ਸਮੁੱਚੇ ਤੌਰ ਤੇ ਇਹ ਸਮਾਗਮ ਆਪਣੀਆਂ ਅਮਿੱਟ ਪੈੜ੍ਹਾਂ ਛੱਡਦਾ ਹੋਇਆ ਸੰਪੰਨ ਹੋਇਆ।