ਤਰਕ ਤੇ ਪਖੰਡ ਆਹਮੋ-ਸਾਹਮਣੇ - ਜਦੋਂ ਜੋਤਸ਼ੀਆਂ ਨੇ ਮਾਫ਼ੀ ਮੰਗ ਕੇ ਜਾਨ ਛੁਡਾਈ - ਕੁੱਲੇਵਾਲ

ਨਵਾਂਸ਼ਹਿਰ - ਗੜੵਸ਼ੰਕਰ ਚੰਡੀਗੜ੍ਹ ਮੁੱਖ ਮਾਰਗ ਤੇ ਪਿੰਡ ਬਗਵਾਈਂ - ਇਬਰਾਹੀਮਪੁਰ 'ਚ ਮੈਂ ਲੰਬਾ ਸਮਾਂ ਬਤੌਰ ਮੈਡੀਕਲ ਪ੍ਰੈਕਟੀਸ਼ਨਰ ਕੰਮ ਕੀਤਾ ਜਿੱਥੇ ਅਨੇਕਾਂ ਤਰਕਸ਼ੀਲ ਨਾਟਕ ਮੇਲੇ ਤੇ ਹੋਰ ਸਰਗਰਮੀਆਂ ਅਸੀਂ ਕਰਵਾਉਂਦੇ ਰਹੇ। ਲੋਕਾਂ ਨੂੰ ਤਰਕਸ਼ੀਲ ਸੁਸਾਇਟੀ ਬਾਰੇ ਜਾਣਕਾਰੀ ਸੀ। ਇੱਕ ਵਾਰੀ ਕੀ ਹੋਇਆ ਕਿ ਗੜੵਸ਼ੰਕਰ-ਚੰਡੀਗੜੵ ਮੁੱਖ ਮਾਰਗ ਤੇ ਇੱਕ ਮਿੱਤਰ ਨੇ ਐੱਸ.ਟੀ.ਡੀ. ਉਦੋਂ ਲਾਈ ਹੋਈ ਸੀ ਤੇ ਉੱਥੇ ਭੀੜ ਪਈ ਰਹਿੰਦੀ ਸੀ।

ਨਵਾਂਸ਼ਹਿਰ - ਗੜੵਸ਼ੰਕਰ ਚੰਡੀਗੜ੍ਹ ਮੁੱਖ ਮਾਰਗ ਤੇ ਪਿੰਡ ਬਗਵਾਈਂ - ਇਬਰਾਹੀਮਪੁਰ 'ਚ ਮੈਂ ਲੰਬਾ ਸਮਾਂ ਬਤੌਰ ਮੈਡੀਕਲ ਪ੍ਰੈਕਟੀਸ਼ਨਰ ਕੰਮ ਕੀਤਾ ਜਿੱਥੇ ਅਨੇਕਾਂ ਤਰਕਸ਼ੀਲ ਨਾਟਕ ਮੇਲੇ ਤੇ ਹੋਰ ਸਰਗਰਮੀਆਂ ਅਸੀਂ ਕਰਵਾਉਂਦੇ ਰਹੇ। ਲੋਕਾਂ ਨੂੰ ਤਰਕਸ਼ੀਲ ਸੁਸਾਇਟੀ ਬਾਰੇ ਜਾਣਕਾਰੀ ਸੀ। ਇੱਕ ਵਾਰੀ ਕੀ ਹੋਇਆ ਕਿ ਗੜੵਸ਼ੰਕਰ-ਚੰਡੀਗੜੵ ਮੁੱਖ ਮਾਰਗ ਤੇ ਇੱਕ ਮਿੱਤਰ ਨੇ ਐੱਸ.ਟੀ.ਡੀ. ਉਦੋਂ ਲਾਈ ਹੋਈ ਸੀ ਤੇ ਉੱਥੇ ਭੀੜ ਪਈ ਰਹਿੰਦੀ ਸੀ। ਮੈਂ ਉੱਥੋਂ ਲੰਘਿਆ ਤਾਂ ਦੋ ਅਖੌਤੀ ਜੋਤਸ਼ੀ ਉੱਥੇ ਲੋਕਾਂ ਦੇ ਭਵਿੱਖ ਦੱਸਣ ਚ ਮਸ਼ਰੂਫ ਸਨ। ਲੋਕਾਂ ਨੂੰ ਝੂਠੀਆਂ-ਸੱਚੀਆਂ ਗੱਲਾਂ ਦਸ ਚੱਕਰਾਂ ਵਿੱਚ ਫ਼ਸਾ ਰਹੇ ਸਨ। ਮੈਂ ਸਕੂਟਰ ਰੋਕ ਕੁੱਝ ਸਮਾਂ ਸਾਰਾ ਡਰਾਮਾ ਅੱਖੀਂ ਦੇਖਦਾ ਰਿਹਾ। ਬਾਅਦ ਵਿੱਚ ਮੈਂ ਹੌਲੀ ਦੇਣੀ ਜਾ ਕੇ ਭੀੜ ਵਿੱਚ ਜਾ ਖੜਾ ਹੋਇਆ ਤੇ ਜੋਤਸ਼ੀਆਂ ਦੇ ਚੱਲਦੇ ਕੰਮ ਚ ਮੈਂ ਮਲਕ ਦੇਣੀ ਦੀ ਉਹਨਾਂ ਦੇ ਕੋਲ ਪਿਆ ਉਨ੍ਹਾਂ ਦਾ ਇੱਕ ਵੱਡਾ ਝੋਲਾ ਜਿਹਾ ਖਿਸਕਾ ਲਿਆ ਤੇ ਐੱਸ.ਟੀ.ਡੀ. ਵਾਲੇ ਨੂੰ ਫੜਾ ਦਿੱਤਾ ਜਿਸ ਵਿੱਚ ਚੌਲ ਤੇ ਥੋੜਾ ਜਿਹਾ ਆਟਾ ਸੀ। ਉਨ੍ਹਾਂ ਦੇ ਕੋਲ਼ ਖੜ੍ਹੇ ਲੋਕਾਂ ਦਾ ਜਦੋਂ ਕੰਮ ਮੁੱਕਾ ਤਾਂ ਅਖੌਤੀ ਜੋਤਸ਼ੀ ਬਿਨਾਂ ਕੁੱਝ ਦੱਸੇ ਆਲਾ ਦੁਆਲਾ ਦੇਖਦੇ ਰਹੇ।
    ਬਾਅਦ ਵਿੱਚ ਇੱਕ ਜਣਾ ਕਹਿੰਦਾ ਕਿ 'ਮੇਰੇ ਚਾਵਲ ਕਹਾਂ ਗਏ, ਮੇਰਾ ਆਟਾ ਕਹਾਂ ਗਿਆ। ਅਸੀਂ ਕੋਲ ਖੜਿਆਂ ਉਨ੍ਹਾਂ ਨੂੰ ਕੰਨੋਂ ਫ਼ੜ ਲਿਆ ਤੇ ਪੁੱਛਿਆ ਕਿ ਇਹਨਾਂ ਲੋਕਾਂ ਦੇ ਤੁਹਾਨੂੰ ਘਰ ਦੇ ਮੈਂਬਰਾਂ ਬਾਰੇ, ਰਿਸ਼ਤੇਦਾਰਾਂ ਬਾਰੇ ਤੇ ਉਨ੍ਹਾਂ ਦੇ ਭਵਿੱਖ ਬਾਰੇ ਜੇ ਪਤਾ ਹੈ ਤਾਂ ਆਪਣੀ ਵਿੱਦਿਆ ਨਾਲ ਜ਼ਰਾ ਚੌਲਾਂ ਦੇ ਝੋਲੇ ਦੀ ਭਾਲ ਕਰੋ ਤਾਂ, ਜੇ ਤੁਸੀਂ ਲੱਭ ਲਿਆ ਤਾਂ ਇਨਾਮ ਦੇਵਾਂਗਾ। ਜਦੋਂ ਉਨ੍ਹਾਂ ਨੂੰ ਕੋਈ ਗੱਲ ਨਾ ਅਹੁੜੀ ਤਾਂ ਝੱਟ ਪੈਰ ਫ਼ੜਨ ਲੱਗੇ, ਕਹਿੰਦੇ ਸਰਦਾਰ ਜੀ ਇਹ ਤਾਂ ਤੀਰ-ਤੁੱਕਾ ਹੈ ਸਾਡੇ ਪਾਸ ਕੋਈ ਸ਼ਕਤੀ ਨਹੀਂ। ਉੱਥੇ ਪਹਿਲਾਂ ਵਾਲੇ ਠਗੇ ਗਏ ਲੋਕਾਂ ਨੇ ਉਨ੍ਹਾਂ ਨੂੰ ਘੇਰਾ ਪਾ ਲਿਆ ਤੇ ਆਪਣੇ ਪੈਸੇ ਮੁੜਵਾਏ।ਲੋਕਾਂ ਨੂੰ ਪਤਾ ਲੱਗ ਗਿਆ ਕਿ ਇਹ ਸਾਰਾ ਕੁਝ ਝੂਠ ਤੇ ਧੋਖਾ ਹੈ। ਲੋਕਾਂ ਸਾਹਮਣੇ ਉਹਨਾਂ ਝੋਲਿਆਂ ਚੋ ਇੱਕ ਕਿੱਲੋ ਦੇ ਕਰੀਬ ਧਾਗੇ- ਤਵੀਤ ਜਿਹੇ ਕੱਢੇ ਤੇ ਉਹਨਾਂ ਮੰਨਿਆ ਕਿ ਲੋਕਾਂ ਨੂੰ ਅਸੀਂ ਭਰਮ ਜਾਲ ਚ ਪਾ ਕੇ ਆਪਣਾ ਤੋਰੀ ਫੁਲਕਾ ਚਲਾਉਂਦੇ ਹਾਂ। ਉਨ੍ਹਾਂ ਕੰਨ ਫ਼ੜ ਕੇ ਲੋਕਾਂ ਤੋਂ ਮੁਆਫ਼ੀ ਮੰਗੀ ਦੋਨੋਂ ਹੱਥ ਖੜ੍ਹੇ ਕਰ ਕੇ ਖਹਿੜਾ ਛੁਡਾਵਾਇਆ ਤੇ ਅੱਗੇ ਤੋਂ ਅਜਿਹਾ ਨਾ ਕਰਨ ਦਾ ਭਰੋਸਾ ਦਿੱਤਾ।
    ਇਸ ਮੌਕੇ ਹਾਜ਼ਰ ਇਕੱਠ ਨੂੰ ਸੰਬੋਧਨ ਕਰਦਿਆਂ ਮੈਂ ਹੋਰ ਅਜਿਹੀਆਂ ਘਟਨਾਵਾਂ ਬਾਰੇ ਗੱਲ ਸਾਂਝੀ ਕੀਤੀ ਤੇ ਦੱਸਿਆ ਕਿ ਜੇ ਕੋਈ ਵਿਅਕਤੀ ਸੁਸਾਇਟੀ ਵਲੋਂ ਰੱਖੀਆਂ 23ਸ਼ਰਤਾਂ ਪੂਰੀਆਂ ਕਰਕੇ ਦਿਖਾਵੇ ਤਾਂ ਉਸਨੂੰ ਸੁਸਾਇਟੀ ਵਲੋਂ ਰੱਖਿਆ ਇਨਾਮ ਦਿੱਤਾ ਜਾਵੇਗਾ ਜੋ ਅਜੇ ਤੱਕ ਵੀ ਕੋਈ ਜਿੱਤ ਨਾ ਸਕਿਆ,ਆਪਣੀਆਂ ਜਮਾਨਤਾਂ ਜ਼ਰੂਰ ਜ਼ਬਤ ਕਰਵਾ ਗਏ। ਹੱਥਾਂ ਦੀਆਂ ਲਕੀਰਾਂ ਤੇ ਮੱਥੇ ਦੀਆਂ ਲਕੀਰਾਂ ਚ ਕੁੱਝ ਨਹੀਂ ਲਿਖਿਆ। ਲੋਕਾਂ ਨੂੰ ਆਪਣੀ ਹੋਣੀ ਦੇ ਆਪ ਮਾਲਕ ਬਣਨ ਲਈ ਪ੍ਰੇਰਿਆ। ਵਹਿਮਾਂ ਭਰਮਾਂ ਵਿੱਚ ਫਸਕੇ ਲੁੱਟ ਕਰਵਾਉਣ ਤੋਂ ਬਚਣ ਲਈ ਸੁਨੇਹਾ ਦਿੱਤਾ ਤੇ ਵਿਗਿਆਨਕ ਸੋਚ ਦੇ ਧਾਰਨੀ ਬਣਨ ਦਾ ਸੱਦਾ ਦਿੱਤਾ। ਅੰਤ ਚ ਇਹੀ ਕਹਾਂਗੇ "ਤਰਕਸ਼ੀਲ ਦਿੰਦੇ ਨੇ ਹੋਕਾ, ਜੋਤਿਸ਼ ਵਿੱਦਿਆ ਝੂਠ ਤੇ ਧੋਖਾ।"