
ਬ੍ਰਹਮਾਕੁਮਾਰੀ ਸੰਸਥਾ ਵਲੋਂ ਸੜਕ ਹਾਦਸਿਆਂ ਵਿੱਚ ਜਾਨਾਂ ਗੁਆਉਣ ਵਾਲਿਆਂ ਨੂੰ ਸ਼ਰਧਾਂਜਲੀ
ਐਸ ਏ ਐਸ ਨਗਰ, 4 ਦਸੰਬਰ - ਬ੍ਰਹਮਾਕੁਮਾਰੀ ਸੰਸਥਾ ਦੇ ਮੁਹਾਲੀ ਕੇਂਦਰ ਵਲੋਂ ਸੁਖ ਸ਼ਾਂਤੀ ਭਵਨ ਫੇਜ਼ 7 ਵਿਖੇ ਸੜਕ ਹਾਦਸਿਆਂ ਵਿੱਚ ਜਾਨਾਂ ਗਵਾਉਣ ਵਾਲਿਆਂ ਨੂੰ ਸ਼ਰਧਾਂਜਲੀ ਦੇਣ ਲਈ ਇੱਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ।
ਐਸ ਏ ਐਸ ਨਗਰ, 4 ਦਸੰਬਰ - ਬ੍ਰਹਮਾਕੁਮਾਰੀ ਸੰਸਥਾ ਦੇ ਮੁਹਾਲੀ ਕੇਂਦਰ ਵਲੋਂ ਸੁਖ ਸ਼ਾਂਤੀ ਭਵਨ ਫੇਜ਼ 7 ਵਿਖੇ ਸੜਕ ਹਾਦਸਿਆਂ ਵਿੱਚ ਜਾਨਾਂ ਗਵਾਉਣ ਵਾਲਿਆਂ ਨੂੰ ਸ਼ਰਧਾਂਜਲੀ ਦੇਣ ਲਈ ਇੱਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਮੁਹਾਲੀ ਦੇ ਸਹਾਇਕ ਕਮਿਸ਼ਨਰ ਹਰਜੋਤ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਸਮਾਗਮ ਦੀ ਪ੍ਰਧਾਨਗੀ ਸੰਸਥਾ ਦੇ ਮੁਹਾਲੀ ਖੇਤਰ ਦੇ ਰਾਜਯੋਗਾ ਕੇਂਦਰਾਂ ਦੇ ਇੰਚਾਰਜ ਬ੍ਰਹਮਾਕੁਮਾਰੀ ਪ੍ਰੇਮਲਤਾ ਨੇ ਕੀਤੀ ਜਦੋਂਕਿ ਬ੍ਰਹਮਾਕੁਮਾਰੀ ਅਦਿਤੀ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ।
ਮੁੱਖ ਮਹਿਮਾਨ ਹਰਜੋਤ ਕੌਰ ਨੇ ਕਿਹਾ ਕਿ ਟਰੈਫਿਕ ਨਿਯਮ ਸਾਡੀ ਸੁਰਖਿਆ ਲਈ ਹੀ ਬਣਾਏ ਜਾਂਦੇ ਹਨ ਅਤੇ ਇਹ ਸਾਡੇ ਫਾਇਦੇ ਲਈ ਹੀ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਆਪਣੀ ਅਤੇ ਦੂਜਿਆਂ ਦੀ ਸੁਰੱਖਿਆ ਲਈ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਪਰ ਦੇਖਿਆ ਗਿਆ ਹੈ ਕਿ ਲੋਕ ਚਲਾਨ ਅਤੇ ਡੰਡੇ ਦੇ ਡਰੋਂ ਹੀ ਟਰੈਫਿਕ ਨਿਯਮਾਂ ਦੀ ਪਾਲਣਾ ਕਰਦੇ ਹਨ।
ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਬ੍ਰਹਮਾਕੁਮਾਰੀ ਪ੍ਰੇਮਲਤਾ ਨੇ ਕਿਹਾ ਕਿ ਰਾਜਯੋਗ ਸੜਕ ਹਾਦਸਿਆਂ ਨੂੰ ਰੋਕਣ ਵਿੱਚ ਕਾਫੀ ਮਦਦ ਕਰ ਸਕਦਾ ਹੈ ਕਿਉਂਕਿ ਇਸ ਨਾਲ ਮਨ ਦੀ ਸ਼ਾਂਤੀ, ਧੀਰਜ, ਸਹਿਣਸ਼ੀਲਤਾ ਅਤੇ ਨਿਯਮਾਂ ਦੀ ਪਾਲਣਾ ਕਰਨ ਦੀ ਤਾਕਤ ਮਿਲਦੀ ਹੈ। ਇਸ ਮੌਕੇ ਸੜਕ ਹਾਦਸਿਆਂ ਵਿੱਚ ਜਾਨਾਂ ਗੁਆਉਣ ਵਾਲਿਆਂ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ ਗਈ।
ਆਪਣੇ ਸੰਬੋਧਨ ਦੌਰਾਨ ਸਮਾਗਮ ਦੀ ਮੁੱਖ ਬੁਲਾਰਾ ਬ੍ਰਹਮਾਕੁਮਾਰੀ ਅਦਿਤੀ ਨੇ ਕਿਹਾ ਕਿ ਦੁਨੀਆ ਵਿੱਚ ਹਰ 24 ਸੈਕੰਡ ਵਿੱਚ ਇੱਕ ਵਿਅਕਤੀ ਸੜਕ ਹਾਦਸੇ ਵਿੱਚ ਆਪਣੀ ਜਾਨ ਗੁਆ ਬੈਠਦਾ ਹੈ। ਉਨ੍ਹਾਂ ਕਿਹਾ ਕਿ 85 ਫੀਸਦੀ ਸੜਕ ਹਾਦਸੇ ਮਨੁੱਖੀ ਗਲਤੀਆਂ ਅਤੇ 5 ਫੀਸਦੀ ਤਕਨੀਕੀ ਕਾਰਨਾਂ ਕਰਕੇ ਹੁੰਦੇ ਹਨ। ਉਹਨਾਂ ਕਿਹਾ ਕਿ ਮੌਜੂਦਾ ਸਮੇਂ ਬਹੁਤ ਸਾਰੇ ਹਾਦਸਿਆਂ ਦਾ ਕਾਰਨ ਹੈਲਮੇਟ ਅਤੇ ਬੈਲਟ ਨਾ ਪਹਿਨਣਾ ਅਤੇ ਗੱਡੀ ਚਲਾਉਂਦੇ ਸਮੇਂ ਮੋਬਾਈਲ ਦੀ ਵਰਤੋਂ ਕਰਨਾ ਵੀ ਹੈ।
ਇਸ ਮੌਕੇ ਸੰਬੋਧਨ ਕਰਦਿਆਂ ਸੰਸਥਾ ਦੇ ਪੰਜਾਬ ਜ਼ੋਨ ਦੇ ਮੀਡੀਆ ਸੰਯੋਜਕ ਬ੍ਰਹਮਾਕੁਮਾਰ ਕਰਮ ਚੰਦ ਨੇ ਕਿਹਾ ਕਿ ਗੱਡੀ ਚਲਾਉਂਦੇ ਸਮੇਂ ਮੋਬਾਇਲ, ਸਰਾਬ ਅਤੇ ਨਸ਼ੀਲੀ ਚੀਜ ਇਸਤੇਮਾਲ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਸਾਨੂੰ ਮੰਜਲ ਦੀ ਦੂਰੀ ਨੂੰ ਧਿਆਨ ਵਿਚ ਰਖਦਿਆਂ ਆਪਣੀ ਯਾਤਰਾ ਸਮੇਂ ਸਿਰ ਸ਼ੁਰੂ ਕਰਨੀ ਚਾਹੀਦੀ ਹੈ ਤਾਂ ਜੋ ਤਨਾਓ ਅਤੇ ਹਾਦਸਿਆਂ ਤੋਂ ਬਚਿਆ ਜਾ ਸਕੇ।
ਇਸ ਮੌਕੇ ਪੁਲੀਸ ਇੰਸਪੈਕਟਰ ਜਤਿਨ ਕਪੂਰ ਵੱਲੋਂ ਟ੍ਰੈਫਿਕ ਨਿਯਮਾਂ ਸਬੰਧੀ ਜਾਣਕਾਰੀ ਦਿੱਤੀ ਗਈ। ਉਹਨਾਂ ਕਿਹਾ ਕਿ ਕਿਹਾ ਕਿ ਸਾਨੂੰ ਥੋੜੀ ਦੂਰੀ ਜਾਂ ਲੋਕਲ ਜਾਣ ਲਈ ਵੀ ਹੈਲਮੇਟ ਪਾਉਣਾ ਜ਼ਰੂਰੀ ਹੈ। ਟ੍ਰੈਫਿਕ ਨਿਯਮਾਂ ਦੀ ਖੁਦ ਪਾਲਣਾ ਕਰੋ ਅਤੇ ਦੂਸਰਿਆਂ ਤੇ ਦੋਸ਼ ਨਾ ਲਗਾਓ ਕਿਉਂਕਿ ਅਸੀਂ ਜੋ ਕਰਦੇ ਹਾਂ, ਉਹ ਦੇਖ ਕੇ ਸਿੱਖਦੇ ਹਨ, ਇਸ ਲਈ ਸਾਨੂੰ ਨਿਯਮਾਂ ਦੀ ਪਾਲਣਾ ਕਰਨ ਦੀ ਆਪਣੀ ਜਿੰਮੇਵਾਰੀ ਸਮਝਣੀ ਚਾਹੀਦੀ ਹੈ। ਬ੍ਰਹਮਾਕੁਮਾਰੀ ਮੀਨਾ ਨੇ ਲੋਕਾਂ ਨੂੰ ਟ੍ਰੈਫਿਕ ਚਿੰਨ੍ਹਾਂ ਬਾਰੇ ਜਾਗਰੂਕ ਕੀਤਾ।
