ਸੜਕਾਂ ’ਤੇ ਰਹਿ ਰਹੇ ਲੋਕਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਰੈਣ ਬਸੇਰੇ ’ਚ ਪਹੁੰਚਾਇਆ

ਪਟਿਆਲਾ, 29 ਨਵੰਬਰ - ਸ਼ਹਿਰ ਵਿੱਚ ਭਿਖਾਰੀਆਂ ਦੀ ਸਮੱਸਿਆ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਕਾਰਵਾਈ ਅਮਲ ਵਿੱਚ ਲਿਆਉਂਦਿਆਂ ਅੱਜ ਡਿਪਟੀ ਕਮਿਸ਼ਨਰ ਪਟਿਆਲਾ ਸਾਕਸ਼ੀ ਸਾਹਨੀ ਦੇ ਹੁਕਮਾਂ ਅਨੁਸਾਰ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਪਟਿਆਲਾ, ਨਗਰ ਨਿਗਮ ਪਟਿਆਲਾ, ਪੁਲਿਸ ਵਿਭਾਗ ਅਤੇ ਸਿਹਤ ਵਿਭਾਗ ਵੱਲੋਂ ਪਟਿਆਲਾ ਦੇ ਵੱਖ ਵੱਖ ਇਲਾਕਿਆਂ ਵਿੱਚ ਰੇਡ ਕੀਤੀ ਗਈ।

ਪਟਿਆਲਾ, 29 ਨਵੰਬਰ - ਸ਼ਹਿਰ ਵਿੱਚ ਭਿਖਾਰੀਆਂ ਦੀ ਸਮੱਸਿਆ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਕਾਰਵਾਈ ਅਮਲ ਵਿੱਚ ਲਿਆਉਂਦਿਆਂ ਅੱਜ ਡਿਪਟੀ ਕਮਿਸ਼ਨਰ ਪਟਿਆਲਾ ਸਾਕਸ਼ੀ ਸਾਹਨੀ ਦੇ ਹੁਕਮਾਂ ਅਨੁਸਾਰ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਪਟਿਆਲਾ, ਨਗਰ ਨਿਗਮ ਪਟਿਆਲਾ, ਪੁਲਿਸ ਵਿਭਾਗ ਅਤੇ ਸਿਹਤ ਵਿਭਾਗ ਵੱਲੋਂ ਪਟਿਆਲਾ ਦੇ ਵੱਖ ਵੱਖ ਇਲਾਕਿਆਂ ਵਿੱਚ ਰੇਡ ਕੀਤੀ ਗਈ। ਇਸ ਦੌਰਾਨ ਟੀਮ ਵੱਲੋਂ ਸ੍ਰੀ ਕਾਲੀ ਦੇਵੀ ਮੰਦਰ ਅਤੇ ਫੁਹਾਰਾ ਚੌਂਕ ਦੇ ਨਜ਼ਦੀਕ ਬੈਠੇ ਪ੍ਰਵਾਸੀ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਰੈਣ ਬਸੇਰਾ ਛੱਡਣ ਸਬੰਧੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਨਗਰ ਨਿਗਮ ਦੀ ਟੀਮ ਵੱਲੋਂ ਇਨ੍ਹਾਂ ਪਰਿਵਾਰਾਂ ਨੂੰ ਸਮਾਨ ਸਮੇਤ ਰੈਣ ਬਸੇਰੇ ਵਿਖੇ ਛੱਡਿਆ ਗਿਆ ਅਤੇ ਇਸ ਦੇ ਨਾਲ ਹੀ ਸਿਹਤ ਵਿਭਾਗ ਵੱਲੋਂ ਇਨ੍ਹਾਂ ਦਾ ਮੈਡੀਕਲ ਚੈਕ ਅਪ ਕਰਦਿਆਂ ਇਨ੍ਹਾਂ ਨੂੰ ਮੁਫ਼ਤ ਦਵਾਈਆਂ ਵੀ ਮੁਹਈਆ ਕਰਵਾਈਆਂ ਗਈਆਂ। ਇਸ ਦੌਰਾਨ ਇੱਕ ਛੋਟਾ ਬੱਚਾ ਜਿਸ ਦਾ ਹੱਥ ਬੁਰੀ ਤਰ੍ਹਾਂ ਸੜ ਚੁੱਕਿਆ ਸੀ, ਦਾ ਇਲਾਜ ਕੀਤਾ ਗਿਆ।
  ਰੈਣ ਬਸੇਰੇ ਵਿਖੇ ਪਹੁੰਚ ਕੇ ਇਨ੍ਹਾਂ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਬਾਲ ਭਲਾਈ ਕਮੇਟੀ, ਪਟਿਆਲਾ ਦੇ ਸਾਹਮਣੇ ਪੇਸ਼ ਕੀਤਾ ਗਿਆ ਅਤੇ ਬਾਲ ਭਲਾਈ ਕਮੇਟੀ ਦੇ ਹੁਕਮਾਂ ਅਨੁਸਾਰ ਇਨ੍ਹਾਂ ਦੀ ਕਾਊਂਸਲਿੰਗ ਕੀਤੀ ਗਈ। ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ, ਪਟਿਆਲਾ ਡਾ ਸ਼ਾਇਨਾ ਕਪੂਰ ਨੇ ਇਨ੍ਹਾਂ ਪਰਿਵਾਰਾਂ ਨੂੰ ਹਦਾਇਤ ਦਿੱਤੀ ਕਿ ਸੜਕਾਂ ਤੇ ਰਹਿਣ ਦੀ ਥਾਂ ਰੈਣ ਬਸੇਰੇ ਵਿੱਚ ਰਿਹਾ ਜਾਵੇ ਤਾਂ ਜੋ ਉਥੇ ਰਹਿ ਕੇ ਉਹ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਸਹੀ ਢੰਗ ਨਾਲ ਕਰ ਸਕਣ। ਜੇਕਰ ਇਹ ਪਰਿਵਾਰ ਰੈਣ ਬਸੇਰੇ ਵਿੱਚ ਨਹੀਂ ਰਹਿਣਾ ਚਾਹੁੰਦੇ ਤਾਂ ਉਨ੍ਹਾਂ ਨੂੰ ਕਿਸੇ ਦੀ ਹਾਲਤ ਵਿੱਚ ਸੜਕਾਂ ਤੇ ਰਹਿਣ ਨਹੀਂ ਦਿੱਤਾ ਜਾਵੇਗਾ ਅਤੇ ਆਪਣੇ ਰਾਜ ਵਿੱਚ ਵਾਪਿਸ ਭੇਜਿਆ ਜਾਵੇਗਾ ਅਤੇ ਆਉਣ ਵਾਲੇ ਦਿਨਾਂ ਵਿੱਚ ਅਜਿਹੀਆਂ ਰੇਡਾਂ ਲਗਾਤਾਰ ਜਾਰੀ ਰਹਿਣਗੀਆਂ। ਇਸ ਟੀਮ ਵਿੱਚ ਨਗਰ ਨਿਗਮ ਤੋਂ ਇੰਸਪੈਕਟਰ ਮੁਨੀਸ਼ ਪੁਰੀ, ਸੁਪਰਡੈਂਟ ਰਵਿੰਦਰ ਸਿੰਘ ਅਤੇ ਉਨ੍ਹਾਂ ਦੇ ਸਟਾਫ਼ ਮੈਂਬਰ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ, ਪਟਿਆਲਾ ਡਾ ਸ਼ਾਇਨਾ ਕਪੂਰ, ਬਾਲ ਸੁਰੱਖਿਆ ਅਫ਼ਸਰ (ਗੈਰ-ਸੰਸਥਾਗਤ) ਸਿਮਰਨਜੀਤ ਕੌਰ, ਪੁਨੀਤ ਸਿੰਗਲਾ,  ਸ਼ਾਲਿਨੀ, ਰੋਹਿਤ ਗੋਇਲ, ਪ੍ਰਦੀਪ ਸ਼ਰਮਾ, ਸੁਨੀਤਾ ਯਾਦਵ ਅਤੇ ਸੁਖਦੀਪ ਸਿੰਘ, ਸਿਹਤ ਵਿਭਾਗ ਤੋਂ ਡਾ ਪ੍ਰਵੀਨ ਮੜਕਣ ਪੁਲਿਸ ਵਿਭਾਗ ਤੋਂ ਹਰਜੀਤ ਸਿੰਘ ਅਤੇ ਨਰਿੰਦਰ ਕੌਰ, ਬਾਲ ਭਲਾਈ ਕਮੇਟੀ ਤੋਂ ਚੇਅਰਪਰਸਨ ਜਗਦੀਸ਼ ਚੰਦਰ ਸਿੰਘ ਅਤੇ ਮੈਂਬਰ  ਗੁਰਤੇਜ ਸਿੰਘ ਅਤੇ ਬੇਲਾ ਸੂਦ ਸ਼ਾਮਲ ਸਨ।