ਕਿਸਾਨ ਆਪਣਾ ਹੱਕ ਮੰਗਦੇ ਹਨ ਜੋ ਉਹ ਲੈ ਕੇ ਰਹਿਣਗੇ : ਰਾਕੇਸ਼ ਟਿਕੈਤ ਮੁਹਾਲੀ ਧਰਨੇ ਦੌਰਾਨ ਉਮੜਿਆਂ ਕਿਸਾਨਾਂ ਦਾ ਸੈਲਾਬ, ਹਜਾਰਾਂ ਦੀ ਗਿਣਤੀ ਵਿੱਚ ਪਹੁੰਚੇ ਕਿਸਾਨ, ਭਲਕੇ ਹੋਵਗੀ ਗਵਰਨਰ ਨਾਲ ਮੀਟਿੰਗ

ਐਸ ਏ ਐਸ ਨਗਰ, 27 ਨਵੰਬਰ - ਸੰਯੁਕਤ ਕਿਸਾਨ ਮੋਰਚੇ ਵਲੋਂ ਫਸਲਾਂ ਦਾ ਘੱਟੋ ਘੱਟ ਸਮਰਥਨ ਮੁੱਲ ਦੀ ਗਾਰੰਟੀ ਦੇਣ ਦੀ ਮੰਗ ਨੂੰ ਕੇਂਦਰ ਸਰਕਾਰ ਵਲੋਂ ਮੰਨੇ ਜਾਣ ਦੇ ਬਾਵਜੂਦ ਲਾਗੂ ਨਾ ਕੀਤੇ ਜਾਣ ਦੇ ਰੋਸ ਵੱਜੋ ਜਗਤਪੁਰਾ ਨੇੜੇ ਮੁੱਖ ਸੜਕ ਤੇ ਲਗਾਏ ਗਏ ਧਰਨੇ ਦੌਰਾਨ ਅੱਜ ਕਿਸਾਨਾਂ ਦਾ ਠਾਠਾਂ ਮਾਰਦਾ ਇਕੱਠ ਹੋ ਗਿਆ

ਐਸ ਏ ਐਸ ਨਗਰ, 27 ਨਵੰਬਰ - ਸੰਯੁਕਤ ਕਿਸਾਨ ਮੋਰਚੇ ਵਲੋਂ ਫਸਲਾਂ ਦਾ ਘੱਟੋ ਘੱਟ ਸਮਰਥਨ ਮੁੱਲ ਦੀ ਗਾਰੰਟੀ ਦੇਣ ਦੀ ਮੰਗ ਨੂੰ ਕੇਂਦਰ ਸਰਕਾਰ ਵਲੋਂ ਮੰਨੇ ਜਾਣ ਦੇ ਬਾਵਜੂਦ ਲਾਗੂ ਨਾ ਕੀਤੇ ਜਾਣ ਦੇ ਰੋਸ ਵੱਜੋ ਜਗਤਪੁਰਾ ਨੇੜੇ ਮੁੱਖ ਸੜਕ ਤੇ ਲਗਾਏ ਗਏ ਧਰਨੇ ਦੌਰਾਨ ਅੱਜ ਕਿਸਾਨਾਂ ਦਾ ਠਾਠਾਂ ਮਾਰਦਾ ਇਕੱਠ ਹੋ ਗਿਆ ਹੈ ਅਤੇ ਕਿਸਾਨ ਆਰ ਪਾਰ ਦੀ ਲੜਾਈ ਲਈ ਤਿਆਰ ਦਿਖ ਰਹੇ ਹਨ। ਇਸ ਦੌਰਾਨ ਕਿਸਾਨ ਆਗੂਆਂ ਵਲੋਂ ਭਾਵੇਂ ਚੰਡੀਗੜ੍ਹ ਕੂਚ ਦਾ ਫੈਸਲਾ ਹਾਲ ਦੀ ਘੜੀ ਟਾਲ ਦਿੱਤਾ ਗਿਆ ਹੈ ਪਰੰਤੂ ਕਿਸਾਨ ਪੂਰੇ ਜੋਸ਼ ਵਿੱਚ ਹਨ ਅਤੇ ਕੇਂਦਰ ਸਰਕਾਰ ਤੋਂ ਆਪਣਾ ਮਹੱਕ ਮੰਗ ਰਹੇ ਹਨ। ਅੱਜ ਸਵੇਰੇ ਕਿਸਾਨ ਮੋਰਚੇ ਵਾਲੀ ਥਾਂ ਤੇ ਕਿਸਾਨ ਬੀਬੀਆਂ ਵਲੋਂ ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ।

ਇਸ ਦੌਰਾਨ ਅੱਜ ਸੰਯੁਕਤ ਕਿਸਾਨ ਮੋਰਚ ਦੇ ਸੀਨੀਅਰ ਆਗੂ ਰਾਹਕੇਸ਼ ਟਿਕੈਤ ਵੀ ਧਰਨੇ ਵਿੱਚ ਸ਼ਾਮਿਲ ਹੋਏ। ਇਸ ਮੌਕੇ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਕਿਸਾਨ ਸਰਕਾਰ ਤੋਂ ਖੈਰਾਤ ਨਹੀਂ ਮੰਗ ਰਹੇ ਬਲਕਿ ਆਪਣਾ ਹੱਕ ਮੰਗ ਰਹੇ ਹਨ ਅਤੇ ਕਿਸਾਨ ਆਪਣਾ ਹੱਕ ਹਾਸਿਲ ਕਰਕੇ ਹੀ ਰਹਿਣਗੇ। ਉਹਨਾ ਕਿਹਾ ਕਿ ਇਹ ਸਰਕਾਰ ਨੇ ਤੈਅ ਕਰਨਾ ਹੈ ਕਿ ਉਹ ਕਿਸਾਨਾਂ ਦਾ ਹੱਕ ਦਿੰਦੀ ਹੈ ਜਾਂ ਫਿਰ ਕਿਸਾਨਾਂ ਨੂੰ ਦੁਬਾਰਾ ਸੰਘਰਸ਼ ਕਰਨ ਲਈ ਮਜਬੂਰ ਕਰਦੀ ਹੈ।

ਇੱਥੇ ਜਿਕਰਯੋਗ ਹੈ ਕਿ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿੱਚ ਵੱਖ ਵੱਖ ਕਿਸਾਨ ਯੂਨੀਅਨਾਂ ਵਲੋਂ 26 ਤੋਂ 28 ਨਵੰਬਰ ਨੂੰ ਚੰਡੀਗੜ੍ਹ ਕੂਚ ਦਾ ਐਲਾਨ ਕੀਤਾ ਸੀ ਜਿਸਦੇ ਤਹਿਤ ਕਿਸਾਨਾਂ ਵਲੋਂ ਚੰਡੀਗੜ੍ਹ ਬਾਰਡਾਰ ਤੇ (ਜਗਤਪੁਰਾ-ਆਈਸਰ ਸੜਕ) ਤੇ ਪੱਕਾ ਧਰਨਾ ਲਗਾ ਦਿੱਤਾ ਹੈ। ਇੱਥੇ ਕਿਸਾਨਾਂ ਵਲੋਂ ਲੰਗਰ ਦਾ ਵੀ ਪੱਕਾ ਪ੍ਰਬੰਧ ਕੀਤਾ ਗਿਆ ਹੈ ਅਤੇ ਵੱਖ ਵੱਖ ਯੂਨੀਅਨਾਂ ਵਲੋਂ ਲੰਗਰ ਲਗਾਏ ਗਏ ਹਨ।

ਕਿਸਾਨ ਆਗੂਆਂ ਵਲੋਂ ਬੀਤੇ ਕੱਲ ਚੰਡੀਗੜ੍ਹ ਕੂਚ ਦਾ ਫੈਸਲਾ ਟਾਲਦਿਆਂ ਅੱਜ ਮੋਰਚੇ ਦੀ ਮੀਟਿੰਗ ਵਿੱਚ ਫੈਸਲਾ ਕਰਨ ਦਾ ਐਲਾਨ ਕੀਤਾ ਸੀ ਅਤੇ ਅੱਜ ਕਿਸਾਨ ਮੋਰਚੇ ਦੇ ਆਗੂਆਂ ਦੀ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਹੈ ਕਿ ਭਲਕੇ ਮੋਰਚੇ ਵਲੋਂ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕੀਤੀ ਜਾਵੇਗੀ। ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਦੱਸਿਆ ਕਿ ਕੱਲ੍ਹ ਨੂੰ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਸੌਂਪਣ ਲਈ ਸੰਯੁਕਤ ਕਿਸਾਨ ਮੋਰਚੇ ਵਿਚ ਸ਼ਾਮਿਲ 32 ਜਥੇਬੰਦੀਆਂ ਦਾ ਇਕ-ਇਕ ਨੁਮਾਇੰਦਾ ਰਾਜ ਭਵਨ ਪੰਜਾਬ ਵਿਖੇ ਜਾਵੇਗਾ। ਉਪਰੰਤ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਇਕ ਆਪਸੀ ਮੀਟਿੰਗ ਕਰਕੇ ਇਸ ਮੋਰਚੇ ਨੂੰ ਅੱਗੇ ਵਧਾਉਣਾ ਹੈ ਜਾਂ ਨਹੀਂ, ਇਸ ਸੰਬੰਧੀ ਫ਼ੈਸਲਾ ਕਰਨਗੇ। ਰਾਜਪਾਲ ਨਾਲ ਮੁਲਾਕਾਤ ਵਾਸਤੇ ਭਲਕੇ 11 ਵਜੇ ਦਾ ਸਮਾਂ ਤੈਅ ਹੋਇਆ ਹੈ।

ਕਿਸਾਨਾਂ ਦੇ ਚੰਡੀਗੜ੍ਹ ਕੂਚ ਦੇ ਫੈਸਲੇ ਨੂੰ ਟਾਲੇ ਜਾਣ ਨਾਲ ਚੰਡੀਗੜ੍ਹ ਪ੍ਰਸ਼ਾਸ਼ਨ ਨੇ ਵੀ ਸੁੱਖ ਦਾ ਸਾਹ ਲਿਆ ਹੈ ਜਿਸ ਵਲੋਂ ਕਿਸਾਨਾਂ ਵਲੋਂ ਚੰਡੀਗੜ੍ਹ ਕੂਚ ਕਰਨ ਦੀ ਹਾਲਤ ਵਿੱਚ ਕਿਸਾਨਾਂ ਨੂੰ ਰੋਕਣ ਲਈ ਸਖਤ ਸੁਰਖਿਆ ਪ੍ਰਬੰਧ ਕੀਤੇ ਗਏ ਸਨ। ਇਸ ਦੌਰਾਨ ਮੁਹਾਲੀ ਪ੍ਰਸ਼ਾਸ਼ਨ ਵਲੋਂ ਵੀ ਕਿਸੇ ਅਣਸੁਖਾਵੀ ਘਟਨਾ ਨੂੰ ਰੋਕਣ ਲਈ ਵੱਡੇ ਪੱਧਰ ਤੇ ਸੁਰਖਿਆ ਪ੍ਰਬੰਧ ਕੀਤੇ ਗਏ ਹਨ।