ਅਨੂਸੂਚਿਤ ਜਾਤੀ ਨਾਲ ਸੰਬੰਧਿਤ ਵਿਅਕਤੀਆਂ ਨੂੰ ਇਨਸਾਫ ਦੇਵੇ ਪੁਲੀਸ : ਬਲਵਿੰਦਰ ਸਿੰਘ ਕੁੰਭੜਾ

ਐਸ ਏ ਐਸ ਨਗਰ, 22 ਨਵੰਬਰ - ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਪੰਜਾਬ ਦੇ ਪ੍ਰਧਾਨ ਸ ਬਲਵਿੰਦਰ ਸਿੰਘ ਕੁੰਭੜਾ ਨੇ ਮੰਗ ਕੀਤੀ ਹੈ ਕਿ ਪੁਲੀਸ ਵਲੋਂ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਵਿਅਕਤੀਆਂ ਦੇ ਲੰਬਿਤ ਮਾਮਲਿਆਂ ਵਿੱਚ ਇਨਸਾਫ ਦਿੱਤਾ ਜਾਵੇ।

ਐਸ ਏ ਐਸ ਨਗਰ, 22 ਨਵੰਬਰ - ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਪੰਜਾਬ ਦੇ ਪ੍ਰਧਾਨ ਸ ਬਲਵਿੰਦਰ ਸਿੰਘ ਕੁੰਭੜਾ ਨੇ ਮੰਗ ਕੀਤੀ ਹੈ ਕਿ ਪੁਲੀਸ ਵਲੋਂ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਵਿਅਕਤੀਆਂ ਦੇ ਲੰਬਿਤ ਮਾਮਲਿਆਂ ਵਿੱਚ ਇਨਸਾਫ ਦਿੱਤਾ ਜਾਵੇ।

ਸz. ਕੁੰਭੜਾ ਨੇ ਦੱਸਿਆ ਕਿ ਇਸ ਸੰਬੰਧੀ ਉਹ ਅਨੂਸੁਚਿਤ ਜਾਤੀ ਨਾਲ ਸਬੰਧਤ ਤਿੰਨ ਪੀੜਤ ਕੇਸਾਂ ਨੂੰ ਲੈ ਕੇ ਐਸ ਐਸ ਪੀ ਮੁਹਾਲੀ ਨੂੰ ਮਿਲਣ ਪਹੁੰਚੇ ਸੀ ਪਰ ਐਸ ਐਸ ਪੀ ਮੁਹਾਲੀ ਨੂੰ ਮਿਲਣ ਲਈ ਪੀੜਤਾਂ ਨੂੰ ਸਵੇਰੇ 10 ਵਜ਼ੇ ਤੋਂ ਲੈ ਕੇ ਦੁਪਹਿਰ 12:30 ਵਜ਼ੇ ਤੱਕ ਉਡੀਕ ਕਰਨੀ ਪਈ ਅਤੇ ਪੀੜਤ ਪਰਿਵਾਰ ਖੱਜਲ ਖੁਆਰ ਹੁੰਦੇ ਰਹੇ।

ਉਹਨਾਂ ਕਿਹਾ ਕਿ ਪੀੜਤ ਪਰਿਵਾਰਾਂ ਵਿੱਚੋਂ ਸੁਰਿੰਦਰ ਸਿੰਘ ਕੰਡਾਲਾ ਦੇ ਪੁੱਤਰ ਸਤਵੀਰ ਸਿੰਘ ਦੇ ਕਤਲ ਦੇ ਮਾਮਲੇ (ਥਾਣਾ ਸੈਕਟਰ 82) ਵਿੱਚ ਪੁਲੀਸ ਵੱਲੋਂ ਹੁਣ ਤੱਕ ਕੋਈ ਚਲਾਨ ਪੇਸ਼ ਕੀਤਾ ਗਿਆ ਤੇ ਨਾ ਹੀ ਐਸ ਸੀ ਐਸ ਟੀ ਐਕਟ ਬਾਰੇ ਜ਼ਿਲ੍ਹਾ ਭਲਾਈ ਅਫਸਰ ਨੂੰ ਕੇਦਰ ਸਰਕਾਰ ਵੱਲੋਂ ਬਣਦੀ ਮਾਲੀ ਸਹਾਇਤਾ ਦੇਣ ਲਈ ਕੋਈ ਸਿਫਾਰਸ਼ ਕੀਤੀ ਗਈ ਹੈ।

ਉਹਨਾਂ ਕਿਹਾ ਕਿ ਦੂਜਾ ਮਾਮਲਾ ਗੁਰਜੀਤ ਸਿੰਘ ਕੁੰਭੜਾ ਤੇ ਮਹਿੰਦਰ ਸਿੰਘ ਦਾ ਹੈ ਜਿਹਨਾਂ ਨੇ ਬੀਤੀ 31 ਮਾਰਚ 2023 ਨੂੰ ਆਪਣੇ ਨਾਲ ਹੋਈ ਧੋਖਾਧੜੀ ਦੀ ਦਰਖਾਸਤ ਦਿੱਤੀ ਸੀ ਅਤੇ ਹੰਡੇਸਰਾ ਦੇ ਐਸ ਐਚ ਓ ਸਾਹਿਬ ਵੱਲੋਂ ਪਰਚਾ ਦਰਜ ਕਰਨ ਦੀ ਸਿਫਾਰਸ਼ ਵੀ ਕੀਤੀ ਗਈ ਸੀ ਪਰ ਇਹ ਮਾਮਲਾ ਵਿਚਾਲੇ ਹੀ ਲਮਕ ਰਿਹਾ ਹੈ ਅਤੇ ਡੀ ਐਸ ਪੀ ਮੁਬਾਰਕਪੁਰ ਦੇ ਦਫ਼ਤਰ ਵੱਲੋਂ ਇਸ ਸੰਬੰਧੀ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਉਹਨਾਂ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਉਹ ਪਹਿਲਾਂ ਵੀ ਐਸ ਐਸ ਪੀ ਮੁਹਾਲੀ ਨੂੰ ਮਿਲ ਚੁੱਕੇ ਹਨ ਪਰ ਹੁਣ ਤੱਕ ਮੁਹਾਲੀ ਪੁਲੀਸ ਦੇ ਕੰਨਾਂ ਤੋਂ ਜੂੰ ਨਹੀਂ ਸਰਕੀ।

ਉਹਨਾਂ ਦੱਸਿਆ ਕਿ ਤੀਜਾ ਮਾਮਲਾ ਪਿੰਡ ਬਲਟਾਣਾ ਦੀ ਇੱਕ ਨੌਜਵਾਨ ਕੁੜੀ ਦਾ ਹੈ ਜਿਸ ਵਲੋਂ ਬੀਤੀ 21 ਅਗਸਤ ਨੂੰ ਪੁਲੀਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਸੀ ਕਿ ਖਰੜ ਦੇ ਇੱਕ ਨੌਜਵਾਨ ਮਨੀਸ਼ ਵਲੋਂ ਪਿਛਲੇ 10 ਸਾਲਾਂ ਤੋਂ ਉਸਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਸਰੀਰਕ ਸਬੰਧ ਬਣਾਏ ਜਾਂਦੇ ਰਹੇ ਜਿਸ ਦੌਰਾਨ ਉਹ ਗਰਭਵਤੀ ਵੀ ਹੋ ਗਈ ਸੀ ਪਰੰਤੂ ਉਸਦੇ ਅਨੁਸੂਚਿਤ ਜਾਤੀ ਨਾਲ ਸਬੰਧਤ ਹੋਣ ਕਰਕੇ ਹੁਣ ਮਨੀਸ਼ ਨੇ ਉਸ ਨਾਲ ਵਿਆਹ ਕਰਵਾਉਣ ਤੋਂ ਜਵਾਬ ਦੇ ਦਿੱਤਾ ਹੈ ਪਰ ਤਿੰਨ ਮਹੀਨੇ ਬੀਤਣ ਤੋਂ ਬਾਅਦ ਵੀ ਪੁਲੀਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਉਹਨਾਂ ਕਿਹਾ ਕਿ ਜੇਕਰ ਮੁਹਾਲੀ ਪੁਲੀਸ ਵੱਲੋਂ ਜਲਦ ਕਾਰਵਾਈ ਨਾ ਕੀਤੀ ਗਈ ਤਾਂ ਜਲਦ ਹੀ ਇਸ ਮਾਮਲੇ ਦੀ ਸ਼ਿਕਾਇਤ ਐਸ ਸੀ ਕਮਿਸ਼ਨਰ ਪੰਜਾਬ ਤੇ ਕੌਮੀ ਕਮਿਸ਼ਨਰ ਨੂੰ ਭੇਜੀ ਜਾਵੇਗੀ। ਉਹਨਾਂ ਕਿਹਾ ਕਿ ਜੇਕਰ ਪੀੜਤਾਂ ਨੂੰ ਇੰਨਸਾਫ ਨਾ ਮਿਲਿਆ ਤਾਂ ਜਲਦ ਹੀ ਐਸ ਐਸ ਪੀ ਦਾ ਘਿਰਾਓ ਕੀਤਾ ਜਾਵੇਗਾ।