ਵਸਨੀਕਾਂ ਦੀਆਂ ਰਜਿਸਟਰੀਆਂ ਬੰਦ ਕਰਨ ਦੀ ਬਜਾਏ ਬਿਲਡਰਾਂ ਨੂੰ ਮਿਲਦੀ ਪਾਪਰਾ ਦੀ ਛੋਟ ਰੱਦ ਕਰਨ ਦੀ ਮੰਗ

ਐਸ ਏ ਐਸ ਨਗਰ, 20 ਨਵੰਬਰ - ਕੌਂਸਲ ਆਫ ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਅਤੇ ਸੋਸਾਇਟੀਜ (ਮੈਗਾ) ਮੁਹਾਲੀ ਵਲੋਂ ਮੰਗ ਕੀਤੀ ਗਈ ਹੈ ਕਿ ਗਮਾਡਾ ਵਲੋਂ ਵਸਨੀਕਾਂ ਦੀਆਂ ਰਜਿਸਟਰੀਆਂ ਬੰਦ ਕਰਨ ਦੀ ਬਜਾਏ ਬਿਲਡਰਾਂ ਨੂੰ ਮਿਲਦੀ ਪਾਪਰਾ ਦੀ ਛੋਟ ਰੱਦ ਕੀਤੀ ਜਾਵੇ।

ਐਸ ਏ ਐਸ ਨਗਰ, 20 ਨਵੰਬਰ - ਕੌਂਸਲ ਆਫ ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਅਤੇ ਸੋਸਾਇਟੀਜ (ਮੈਗਾ) ਮੁਹਾਲੀ ਵਲੋਂ ਮੰਗ ਕੀਤੀ ਗਈ ਹੈ ਕਿ ਗਮਾਡਾ ਵਲੋਂ ਵਸਨੀਕਾਂ ਦੀਆਂ ਰਜਿਸਟਰੀਆਂ ਬੰਦ ਕਰਨ ਦੀ ਬਜਾਏ ਬਿਲਡਰਾਂ ਨੂੰ ਮਿਲਦੀ ਪਾਪਰਾ ਦੀ ਛੋਟ ਰੱਦ ਕੀਤੀ ਜਾਵੇ। ਇਹ ਮੰਗ ਸੰਸਥਾ ਦੇ ਪ੍ਰਧਾਨ ਸz. ਰਾਜਵਿੰਦਰ ਸਿੰਘ ਸਰਾਉ ਦੀ ਪ੍ਰਧਾਨਗੀ ਹੇਠ ਆਂਸਲ ਦੇ ਸੈਕਟਰ 114 ਵਿਖੇ ਹੋਈ ਮੀਟਿੰਗ ਇੱਕ ਮੀਟਿੰਗ ਦੌਰਾਨ ਕੀਤੀ ਗਈ। ਮੀਟਿੰਗ ਵਿੱਚ ਵੱਖ-ਵੱਖ ਪ੍ਰਾਈਵੇਟ ਸੈਕਟਰਾਂ ਦੀਆਂ 19 ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਭਾਗ ਲਿਆ।

ਸੰਸਥਾ ਦੇ ਬੁਲਾਰੇ ਨੇ ਦੱਸਿਆ ਕਿ ਮੀਟਿੰਗ ਦੌਰਾਨ ਪ੍ਰਾਈਵੇਟ ਸੈਕਟਰ ਦੇ ਵਸਨੀਕਾਂ ਨੂੰ ਆ ਰਹੀਆਂ ਵੱਖ-ਵੱਖ ਸਮੱਸਿਆਵਾਂ ਤੇ ਵਿਸਥਾਰ ਸਹਿਤ ਚਰਚਾ ਹੋਈ। ਮੀਟਿੰਗ ਵਿੱਚ ਕਿਹਾ ਗਿਆ ਕਿ ਗਮਾਡਾ ਦੀ ਮਾੜੀ ਕਾਰਗੁਜ਼ਾਰੀ ਕਰਕੇ ਬਿਲਡਰਾਂ ਦੀਆਂ ਖਾਮੀਆਂ ਦਾ ਖਾਮਿਆਜਾ ਇਥੋਂ ਦੇ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਆਗੂਆਂ ਨੇ ਕਿਹਾ ਕਿ ਗਮਾਡਾ ਨੇ ਈਡੀਸੀ ਦੇ ਡਿਫਾਲਟਰ ਬਿਲਡਰਾਂ ਦੇ ਸੈਕਟਰਾਂ ਦੀਆਂ ਰਜਿਸਟਰੀਆਂ ਬੰਦ ਕਰਨ ਦਾ ਜੋ ਫੈਸਲਾ ਲਿਆ ਹੈ ਉਸ ਨਾਲ ਬਿਲਡਰਾਂ ਦਾ ਕੋਈ ਵੀ ਨੁਕਸਾਨ ਨਹੀਂ ਹੁੰਦਾ, ਬਲਕਿ ਆਮ ਲੋਕਾਂ ਦੇ ਕੰਮ ਪ੍ਰਭਾਵਿਤ ਹੁੰਦੇ ਹਨ। ਇਸ ਮੌਕੇ ਕੌਂਸਲ ਦੇ ਆਗੂਆਂ ਨੇ ਗਮਾਡਾ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਲੋਕ ਵਿਰੋਧੀ ਫੈਸਲੇ ਲੈਣ ਦੀ ਬਜਾਏ ਗਮਾਡਾ ਇਹਨਾਂ ਬਿਲਡਰਾਂ ਨੂੰ ਲੰਬੇ ਸਮੇਂ ਤੋਂ ਮਿਲ ਰਹੀ ਪਾਪਰਾ ਛੋਟ ਨੂੰ ਰੱਦ ਕਰੇ ਤਾਂ ਕਿ ਬਿਲਡਰ ਠੀਕ ਢੰਗ ਨਾਲ ਠੀਕ ਕੰਮ ਕਰਨ ਲਈ ਮਜਬੂਰ ਹੋਣ। ਉਹਨਾਂ ਕਿਹਾ ਕਿ ਪ੍ਰਾਈਵੇਟ ਸੈਕਟਰਾਂ ਦੇ ਬਿਲਡਰਾਂ ਤੋਂ ਗਮਾਡਾ ਜੋ ਈਡੀਸੀ ਪ੍ਰਾਪਤ ਕਰ ਚੁੱਕਿਆ ਹੈ, ਉਸ ਬਦਲੇ ਇਹਨਾਂ ਸੈਕਟਰਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਡਿਵੈਲਪਮੈਂਟ ਨਹੀਂ ਕੀਤੀ ਗਈ, ਜਿਸ ਕਾਰਨ ਇਹਨਾਂ ਸੈਕਟਰਾਂ ਦੀ ਚੰਡੀਗੜ੍ਹ, ਮੁਹਾਲੀ ਸ਼ਹਿਰ ਦੇ ਨਾਲ ਕਨੈਕਟੀਵਿਟੀ ਤਕ ਨਹੀਂ ਹੋ ਸਕੀ।

ਕੌਂਸਲ ਦੇ ਪ੍ਰਧਾਨ ਰਾਜਵਿੰਦਰ ਸਿੰਘ ਨੇ ਗਮਾਡਾ ਦੇ ਉੱਚ ਅਧਿਕਾਰੀਆਂ ਤੋਂ ਇਸ ਗੱਲ ਦੀ ਵੀ ਉਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਕਿ ਬਿਲਡਰਾਂ ਨੇ ਕਿਸ ਰੇਟ ਤੇ ਈਡੀਸੀ ਇਕੱਠੀ ਕੀਤੀ ਹੈ ਅਤੇ ਗਮਾਡਾ ਕੋਲ ਕਿਸ ਰੇਟ ਨੂੰ ਜਮਾ ਕਰਵਾਈ ਹੈ। ਉਹਨਾਂ ਇਹ ਵੀ ਮੰਗ ਕੀਤੀ ਕਿ ਇਹਨਾਂ ਬਿਲਡਰਾਂ ਨੂੰ ਆਪਣੇ ਪ੍ਰੋਜੈਕਟ ਸਮਾਂਬੱਧ ਸੀਮਾ ਵਿੱਚ ਪੂਰਨ ਤੌਰ ਤੇ ਕੰਪਲੀਟ ਕਰਨ ਦੇ ਨਿਰਦੇਸ਼ ਜਾਰੀ ਕੀਤੇ ਜਾਣ। ਉਹਨਾਂ ਕਿਹਾ ਕਿ ਇਹਨਾਂ ਸੈਕਟਰਾਂ ਦੇ ਖੇਤਰ ਵਿੱਚ ਜੋ ਜਮੀਨਾਂ ਬਿਲਡਰ ਨਹੀਂ ਖਰੀਦ ਸਕੇ ਉਹਨਾਂ ਜਮੀਨਾਂ ਨੂੰ ਗਮਾਡਾ ਐਕਵਾਇਰ ਕਰਕੇ ਬਿਲਡਰ ਨੂੰ ਸੌਂਪੇ ਅਤੇ ਜਿਹੜੇ ਬਿਲਡਰ ਆਪਣੇ ਪ੍ਰੋਜੈਕਟਾਂ ਨੂੰ ਮਿੱਥੇ ਸਮੇਂ ਅਨੁਸਾਰ ਮੁਕੰਮਲ ਨਹੀਂ ਕਰਦੇ ਜਾਂ ਕਿਸੇ ਕਾਰਨ ਡਿਫਾਲਟਰ ਹਨ ਉਹਨਾਂ ਨੂੰ ਪੰਜਾਬ ਵਿੱਚ ਕਿਸੇ ਵੀ ਹੋਰ ਨਵੇਂ ਪ੍ਰੋਜੈਕਟ ਦੀ ਮਨਜ਼ੂਰੀ ਨਾ ਦਿੱਤੀ ਜਾਵੇ।

ਮੀਟਿੰਗ ਦੌਰਾਨ ਸਰਕਾਰ ਤੋਂ ਮੰਗ ਕੀਤੀ ਗਈ ਕਿ ਇਹਨਾਂ ਸੈਕਟਰਾਂ ਦੇ ਵਸਨੀਕਾਂ ਨੂੰ ਗਮਾਡਾ ਅਤੇ ਬਿਲਡਰਾਂ ਦੀ ਸਾਂਝੇ ਤੌਰ ਤੇ ਕੀਤੀ ਜਾਂਦੀ ਲੁੱਟ ਤੋਂ ਬਚਾਉਣ ਲਈ ਇਹਨਾਂ ਸੈਕਟਰਾਂ ਨੂੰ ਨਗਰ ਨਿਗਮ ਵਿੱਚ ਸ਼ਾਮਿਲ ਕੀਤਾ ਜਾਵੇ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਇਸ ਸਬੰਧੀ ਜਲਦੀ ਹੀ ਗਮਾਡਾ ਦੇ ਉੱਚ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਨੂੰ ਲਿਖਤੀ ਮੰਗ ਪੱਤਰ ਦਿੱਤੇ ਜਾਣਗੇ ਅਤੇ ਮੰਗਾਂ ਦੀ ਪੂਰਤੀ ਨਾ ਹੋਣ ਤੇ ਗਮਾਡਾ ਵਿਰੁੱਧ ਸੰਘਰਸ਼ ਵਿੱਢਿਆ ਜਾਵੇਗਾ।

ਇਸ ਮੌਕੇ ਆਂਸਲ ਤੋਂ ਪਾਲ ਸਿੰਘ ਰੱਤੂ, ਮੁਨੀਸ਼ ਬਾਂਸਲ, ਭੁਪਿੰਦਰ ਸਿੰਘ ਸੈਣੀ, ਟੀ ਡੀ ਆਈ 2 ਤੋਂ ਜਸਵੀਰ ਸਿੰਘ ਗੜਾਂਗ, ਸੁਖਬੀਰ ਸਿੰਘ ਢਿੱਲੋਂ, ਐਮ ਐਲ ਸ਼ਰਮਾ ਅਤੇ ਸੁਰਿੰਦਰ ਸਿੰਘ, ਪ੍ਰੀਤ ਸਿਟੀ ਤੋਂ ਦਲਜੀਤ ਸਿੰਘ ਸੈਣੀ, ਨਰਿੰਦਰ ਸਿੰਘ ਬਾਠ ਅਤੇ ਕਵਰ ਸਿੰਘ ਗਿੱਲ, ਵੇਵ ਅਸਟੇਟ ਤੋਂ ਅਮਰਜੀਤ ਸਿੰਘ ਅਤੇ ਮਨੋਜ ਸ਼ਰਮਾ, ਟੀ ਡੀ ਆਈ ਇੱਕ ਤੋਂ ਸੁਮਿਕਸ਼ਾ ਸੂਦ, ਐਡਵੋਕੇਟ ਗੌਰਵ ਗੋਇਲ ਅਤੇ ਮਨੀਸ਼ ਗੁਪਤਾ, ਜੇ ਟੀ ਪੀ ਐਲ ਤੋਂ ਜਸਜੀਤ ਸਿੰਘ ਮਿਨਹਾਸ, ਆਰ ਕੇ ਐਮ ਤੋਂ, ਚਮਨ ਲਾਲ ਗਿੱਲ, ਯੂਨੀਟੈਕ ਤੋਂ ਵਸਣ ਸਿੰਘ ਗੋਰਾਇਆ ਅਤੇ ਐਮਆਰ ਤੋਂ ਬੀ ਆਰ ਕ੍ਰਿਸ਼ਨਾ ਵੀ ਹਾਜਰ ਸਨ।