ਮਿਲੀ ਭੁਗਤ ਨਾਲ ਕਿਸੇ ਹੋਰ ਔਰਤ ਨੂੰ ਪੇਸ਼ ਕਰਕੇ ਮਕਾਨ ਵੇਚਿਆ, ਮਾਰੀ 17.75 ਲੱਖ ਦੀ ਠੱਗੀ

ਪਟਿਆਲਾ, 7 ਨਵੰਬਰ: ਤ੍ਰਿਪੜੀ ਥਾਣੇ ਅਧੀਨ ਆਉਂਦੇ ਵਿਕਾਸ ਨਗਰ ਦੇ ਗੁਰਮੁਖ ਸਿੰਘ ਨੇ ਉਸ ਨਾਲ 17.75 ਲੱਖ ਰੁਪਏ ਦੀ ਠੱਗੀ ਵੱਜਣ ਦੀ ਸ਼ਿਕਾਇਤ ਦਰਜ ਕਰਵਾਈ ਹੈ।

ਪਟਿਆਲਾ, 7 ਨਵੰਬਰ: ਤ੍ਰਿਪੜੀ ਥਾਣੇ ਅਧੀਨ ਆਉਂਦੇ ਵਿਕਾਸ ਨਗਰ ਦੇ ਗੁਰਮੁਖ ਸਿੰਘ ਨੇ ਉਸ ਨਾਲ 17.75 ਲੱਖ ਰੁਪਏ ਦੀ ਠੱਗੀ ਵੱਜਣ ਦੀ ਸ਼ਿਕਾਇਤ ਦਰਜ ਕਰਵਾਈ ਹੈ। ਉਸਨੇ ਸੁਨੀਤਾ ਰਾਣੀ (ਵਾਸੀ ਨਾਮਾਲੂਮ), ਕੱਲਰ ਕਲੋਨੀ ਪਟਿਆਲਾ ਦੇ ਗਗਨਪ੍ਰੀਤ ਸਿੰਘ ਅਤੇ ਪਿੰਡ ਬਾਰਨ ਦੇ ਚੰਦੂ ਵਿਰੁੱਧ ਕੀਤੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਦੋਸ਼ੀਆਂ ਨੇ ਮਿਲੀ ਭੁਗਤ ਕਰਕੇ ਸੁਨੀਤਾ ਰਾਣੀ ਪਤਨੀ ਰਵਿੰਦਰ ਸਿੰਗਲਾ ਦੀ ਜਗ੍ਹਾ ਕਿਸੇ ਹੋਰ ਔਰਤ ਨੂੰ ਸੁਨੀਤਾ ਰਾਣੀ ਵਜੋਂ ਪੇਸ਼ ਕਰਕੇ ਮੁੱਦਈ ਨੂੰ ਮਕਾਨ ਵੇਚਿਆ ਤੇ 17.75 ਲੱਖ ਰੁਪਏ ਦੀ ਠੱਗੀ ਮਾਰੀ। ਪੁਲਿਸ ਨੇ ਦੋਸ਼ੀਆਂ ਵਿਰੁੱਧ ਆਈ ਪੀ ਸੀ ਦੀਆਂ ਧਾਰਾਵਾਂ 406, 419, 420, 467, 468, 471 ਅਤੇ 120-ਬੀ ਤਹਿਤ ਮਾਮਲਾ ਦਰਜ ਕੀਤਾ ਹੈ। 

ਪਿੰਡ ਚੂਹਟ ਥਾਣਾ ਜੁਲਕਾਂ (ਹਾਲ ਅਰਬਨ ਅਸਟੇਟ ਫੇਜ਼ -2) ਦੇ ਜੰਗ ਸਿੰਘ ਨੇ ਉਸਦੀ ਗੱਡੀ ਵਿੱਚੋਂ 4 ਜ਼ਿੰਦਾ ਕਾਰਤੂਸਾਂ ਸਮੇਤ 32 ਬੋਰ ਦਾ ਲਾਇਸੰਸੀ ਰਿਵਾਲਵਰ ਤੇ ਮੋਬਾਈਲ ਚੋਰੀ ਦੀ ਰਿਪੋਰਟ ਥਾਣਾ ਕੋਤਵਾਲੀ ਵਿਖੇ ਦਰਜ ਕਰਵਾਈ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜਦੋਂ ਦੇਰ ਰਾਤ ਉਸਦੀ ਕਾਰ ਸਨੌਰ ਨੇੜੇ ਵੱਡੀ ਨਦੀ ਦੇ ਪੁਲ 'ਤੇ ਪੈਂਚਰ ਹੋ ਗਈ ਤਾਂ ਉਹ ਮਿਸਤਰੀ ਦੀ ਤਲਾਸ਼ ਵਿੱਚ ਗਿਆ ਪਰ ਸਭ ਦੁਕਾਨਾਂ ਬੰਦ ਸਨ, ਫੇਰ ਉਸਨੇ ਆਪ ਹੀ ਟਾਇਰ ਬਦਲਿਆ ਤੇ ਘਰ ਆ ਗਿਆ ਪਰ ਜਦੋਂ ਸਵੇਰੇ ਵੇਖਿਆ ਤਾਂ ਰਿਵਾਲਵਰ ਤੇ ਮੋਬਾਈਲ ਗਾਇਬ ਸੀ। ਪੁਲਿਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ।