ਥਾਪਰ ਯੂਨੀਵਰਸਿਟੀ ਸੈਟੇਲਾਈਟ ਲਾਂਚ ਕਰਨ ਤੋਂ ਇਲਾਵਾ ਪੰਜ ਹੋਰਨਾਂ ਪ੍ਰੋਜੈਕਟਾਂ 'ਤੇ ਵੀ ਕੰਮ ਕਰੇਗੀ : ਆਰ.ਆਰ.ਵਢੇਰਾ

ਪਟਿਆਲਾ, 6 ਨਵੰਬਰ - ਉੱਤਰੀ ਭਾਰਤ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਥਾਪਰ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਦੀ 37ਵੀਂ ਕਾਨਵੋਕੇਸ਼ਨ 'ਚ ਅੱਜ 3 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੂੰ ਡਿਗਰੀਆਂ ਤੇ 41 ਟਾਪਰਜ਼ ਨੂੰ ਮੈਡਲ ਵੰਡੇ ਗਏ।

ਪਟਿਆਲਾ, 6 ਨਵੰਬਰ - ਉੱਤਰੀ ਭਾਰਤ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਥਾਪਰ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਦੀ 37ਵੀਂ ਕਾਨਵੋਕੇਸ਼ਨ 'ਚ ਅੱਜ 3 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੂੰ ਡਿਗਰੀਆਂ ਤੇ 41 ਟਾਪਰਜ਼ ਨੂੰ ਮੈਡਲ ਵੰਡੇ ਗਏ। ਇਸਤੋਂ ਇਲਾਵਾ 103 ਪੀ ਐਚ ਡੀ ਕਰਨ ਵਾਲਿਆਂ ਨੂੰ ਡਿਗਰੀਆਂ ਵੀ ਪ੍ਰਦਾਨ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਇਹ ਸਾਲਾਨਾ ਪ੍ਰੋਗਰਾਮ ਹੈ ਜਿਸ ਵਿਚ ਡਿਗਰੀਆਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਸਮਾਗਮ ਵਿਚ ਤਰੁਣ ਕਪੂਰ ਅਤੇ ਰੋਬਿਨ ਰੈਨਾ ਦੋਵੇਂ ਕਾਲਜ ਦੇ ਪੁਰਾਣੇ ਟਾਪਰ ਅਤੇ ਕੇਂਦਰ ਸਰਕਾਰ ਦੇ ਸੈਕਟਰੀ ਯੁਵਕ ਮਾਮਲੇ ਮੀਤਾ ਰਾਜੀਵਲੋਚਨ ਆਈ ਏ ਐਸ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਕਾਨਵੋਕੇਸ਼ਨ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਸੰਸਥਾ ਦੇ ਬੋਰਡ ਆਫ ਡਾਇਰੈਕਟਰਜ਼ ਦੇ ਚੇਅਰਮੈਨ ਆਰ ਆਰ ਵਢੇਰਾ ਨੇ ਦੱਸਿਆ ਕਿ ਇਸ ਵਿਦਿਅਕ ਅਦਾਰੇ ਵੱਲੋਂ ਸੈਟੇਲਾਈਟ ਲਾਂਚ ਕੀਤਾ ਜਾ ਰਿਹਾ ਹੈ ਤੇ ਇਸਦਾ ਸਾਰਾ ਕਾਰਜ ਸੰਸਥਾ ਦੇ ਸਟੂਡੈਂਟ ਹੀ  ਕਰਨਗੇ। ਦੋ ਮਹੀਨਿਆਂ ਵਿਚ ਇਹ ਲਾਂਚ ਹੋ ਜਾਵੇਗਾ। ਥਾਪਰ ਯੂਨੀਵਰਸਿਟੀ ਦੀ ਸੈਟੇਲਾਈਟ "ਇਸਰੋ" ਵੱਲੋਂ ਮੁਫਤ ਲਾਂਚ ਕੀਤੀ ਜਾਵੇਗੀ। ਉਨ੍ਹਾਂ ਹੋਰ ਦੱਸਿਆ ਕਿ ਪੰਜ ਵੱਡੇ ਪ੍ਰਾਜੈਕਟਾਂ ’ਤੇ ਅਸੀਂ ਕੰਮ ਕਰ ਰਹੇ ਹਾਂ ਜਿਨ੍ਹਾਂ ਵਿਚ ਸੈਟੇਲਾਈਟ ਤੋਂ ਇਲਾਵਾ ਪਰਾਲੀ ਪ੍ਰਬੰਧਨ ਦਾ ਪ੍ਰਾਜੈਕਟ ਤੇ ਪਿੰਡਾਂ ਦੇ ਛੱਪੜਾਂ ਦੀ ਸਫਾਈ ਦੇ ਪ੍ਰਾਜੈਕਟ ਵੀ ਸ਼ਾਮਲ ਹਨ। ਉਹਨਾਂ ਦੱਸਿਆ ਕਿ ਥਾਪਰ ਯੂਨੀਵਰਸਿਟੀ ਕਦੇ ਵੀ ਮੁਨਾਫੇ ਵਾਸਤੇ ਕੰਮ ਨਹੀਂ ਕਰਦੀ, ਜਿੰਨਾ ਵੀ ਪੈਸਾ ਆਉਂਦਾ ਹੈ, ਉਹ ਸੰਸਥਾ ਦੇ ਰੱਖ ਰਖਾਅ ਤੇ ਨਵੇਂ ਪ੍ਰਾਜੈਕਟਾਂ ਵਾਸਤੇ ਹੀ ਖਰਚ ਕੀਤਾ ਜਾਂਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਥਾਪਰ ਯੂਨੀਵਰਸਿਟੀ ਵਿਚ ਹਰ ਸਾਲ 3 ਹਜ਼ਾਰ ਨਵੇਂ ਵਿਦਿਆਰਥੀ ਅੰਡਰ ਗਰੈਜੂਏਟ ਵਿਚ ਭਰਤੀ ਕੀਤੇ ਜਾਂਦੇ ਹਨ ਤੇ ਕੁੱਲ 12 ਤੋਂ 13 ਹਜ਼ਾਰ ਬੱਚੇ ਪੜ੍ਹ ਰਹੇ ਹਨ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਉਹ ਹੁਸ਼ਿਆਰ ਪਰ ਆਰਥਿਕ ਤੌਰ 'ਤੇ ਕਮਜ਼ੋਰ ਬੱਚਿਆਂ ਦੀ ਫੀਸ ਵਿੱਚ ਛੋਟ ਸਬੰਧੀ ਥਾਪਰ ਯੂਨੀਵਰਸਿਟੀ ਪ੍ਰਬੰਧ ਕੋਲ ਮਾਮਲਾ ਰੱਖਣਗੇ। ਇਸ ਮੌਕੇ ਉਨ੍ਹਾਂ ਨਾਲ ਯੂਨੀਵਰਸਿਟੀ ਦੇ ਡਿਪਟੀ ਡਾਇਰੈਕਟਰ ਡਾ. ਅਜੇ ਬਾਤਿਸ਼ ਵੀ ਹਾਜ਼ਰ ਸਨ।