ਫੇਜ਼ 1 ਦੇ ਐਚ ਈ ਕਵਾਟਰਾਂ ਵਿਚਲੇ ਪਾਰਕ ਦੀ ਹਾਲਤ ਮਾੜੀ ਪਾਰਕ ਵਿੱਚ ਲੱਗੇ ਗੰਦਗੀ ਦੇ ਢੇਰ ਮਾਰਦੇ ਹਨ ਬਦਬੂ, ਆਸ ਪਾਸ ਰਹਿੰਦੇ ਵਸਨੀਕ ਪਰੇਸ਼ਾਨ

ਐਸ ਏ ਐਸ ਨਗਰ, 3 ਨਵੰਬਰ - ਨਗਰ ਨਿਗਮ ਵੱਲੋਂ ਸ਼ਹਿਰ ਦੇ ਪਾਰਕਾਂ ਵਿੱਚ ਸਾਫ ਸਫਾਈ ਦੇ ਵੱਡੇ ਵੱਡੇ ਦਾਅਵੇ ਤਾਂ ਕੀਤੇ ਜਾਂਦੇ ਹਨ ਪਰੰਤੂ ਜਮੀਨੀ ਹਾਲਾਤ ਨਗਰ ਨਿਗਮ ਦੇ ਦਾਅਵਿਆਂ ਤੇ ਸਵਾਲੀਆ ਨਿਸ਼ਾਨ ਚੁੱਕਦੇ ਹਨ।

ਐਸ ਏ ਐਸ ਨਗਰ, 3 ਨਵੰਬਰ - ਨਗਰ ਨਿਗਮ ਵੱਲੋਂ ਸ਼ਹਿਰ ਦੇ ਪਾਰਕਾਂ ਵਿੱਚ ਸਾਫ ਸਫਾਈ ਦੇ ਵੱਡੇ ਵੱਡੇ ਦਾਅਵੇ ਤਾਂ ਕੀਤੇ ਜਾਂਦੇ ਹਨ ਪਰੰਤੂ ਜਮੀਨੀ ਹਾਲਾਤ ਨਗਰ ਨਿਗਮ ਦੇ ਦਾਅਵਿਆਂ ਤੇ ਸਵਾਲੀਆ ਨਿਸ਼ਾਨ ਚੁੱਕਦੇ ਹਨ।

ਸਥਾਨਕ ਫੇਜ਼ 1 ਦੇ ਐਚ ਈ ਕਵਾਟਰਾਂ ਵਿੱਚ ਸਥਿਤ ਪਾਰਕ ਨੰਬਰ 8 ਵਿੱਚ ਸਫਾਈ ਦਾ ਬਹੁਤ ਬੁਰਾ ਹਾਲ ਹੈ ਜਿਸ ਕਾਰਨ ਸਥਾਨਕ ਵਸਨੀਕਾਂ ਦਾ ਇਹਨਾਂ ਪਾਰਕਾਂ ਵਿੱਚ ਬੈਠਣਾ ਅਤੇ ਸੈਰ ਕਰਨਾ ਬਹੁਤ ਔਖਾ ਹੈ। ਪਾਰਕ ਵਿੱਚ ਕੂੜੇ ਦੇ ਢੇਰ ਲੱਗੇ ਹੋਏ ਹਨ ਜਿਸ ਕਾਰਨ ਭਾਰੀ ਬਦਬੂ ਆਉਂਦੀ ਹੈ। ਇਸਦੇ ਨਾਲ ਹੀ ਕੂੜੇ ਦੇ ਢੇਰ ਨੇੜੇ ਇੱਕਠੇ ਹੋਏ ਮੱਛਰਾਂ ਕਾਰਨ ਬਿਮਾਰੀਆਂ ਦੇ ਫੈਲਣ ਦਾ ਖਤਰਾ ਵੀ ਬਣਿਆ ਰਹਿੰਦਾ ਹੈ।

ਸਮਾਜ ਸੇਵੀ ਆਗੂ ਖੁਸ਼ਵੰਤ ਸਿੰਘ ਰੂਬੀ ਨੇ ਦੱਸਿਆ ਕਿ ਪਾਰਕ ਨੰ 8 ਵਿੱਚ ਗੰਦਗੀ ਦਾ ਬਹੁਤ ਬੁਰਾ ਹਾਲ ਹੈ ਕਿ ਲੋਕ ਪਾਰਕ ਦੇ ਅੰਦਰ ਜਾਣ ਤੋਂ ਵੀ ਗੁਰੇਜ਼ ਕਰਦੇ ਹਨ। ਇਸ ਪਾਰਕ ਦੇ ਅੰਦਰ ਕੂੜੇ ਦੇ ਢੇਰ ਲੱਗੇ ਹੋਏ ਹਨ ਅਤੇ ਹਰ ਪਾਸੇ ਆਵਾਰਾ ਕੁੱਤੇ ਘੁੰਮਦੇ ਹਨ। ਉਹਨਾਂ ਕਿਹਾ ਕਿ ਇਹ ਪਾਰਕ ਨਗਰ ਨਿਗਮ ਦੇ ਅਧੀਨ ਹੈ ਪਰੰਤੂ ਇਸ ਦੇ ਬਾਵਜੂਦ ਪਾਰਕਾਂ ਦਾ ਬੁਰਾ ਹਾਲ ਹੈ। ਉਨ੍ਹਾਂ ਨੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਪਾਰਕ ਦੀ ਜਲਦ ਤੋਂ ਜਲਦ ਸਫਾਈ ਕਰਵਾਈ ਜਾਵੇ ਅਤੇ ਇੱਥੇ ਗੰਦਗੀ ਸੁੱਟਣ ਵਾਲੇ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।

ਇਸ ਸੰਬੰਧੀ ਸੰਪਰਕ ਕਰਨ ਤੇ ਵਾਰਡ ਲੰਬਰ 50 ਦੀ ਕੌਂਸਲਰ ਸ੍ਰੀਮਤੀ ਗੁਰਮੀਤ ਕੌਰ ਨੇ ਕਿਹਾ ਕਿ ਨਗਰ ਨਿਗਮ ਵਲੋਂ ਪਾਰਕ ਦੀ ਸਮੇਂ ਸਮੇਂ ਤੇ ਸਫਾਈ ਕਰਵਾਈ ਜਾਂਦੀ ਹੈ ਪਰੰਤੂ ਇੱਥੇ ਵਸਨੀਕਾਂ ਵਲੋਂ ਕੂੜਾ ਸੁੱਟੇ ਜਾਣ ਕਾਰਨ ਇਹ ਸਮੱਸਿਆ ਆਉਂਦੀ ਹੈ ਅਤੇ ਵਸਨੀਕਾਂ ਨੂੰ ਵੀ ਪਾਰਕ ਦੀ ਸਫਾਈ ਵਿੱਚ ਸਹਿਯੋਗ ਕਰਨਾ ਚਾਹੀਦਾ ਹੈ।