
ਸੀਟੂ ਵਲੋਂ ਕੇਂਦਰ ਸਰਕਾਰ ਨਿੱਜੀਕਰਨ ਵਿਰੁੱਧ ਮੁਹਿੰਮ ਚਲਾਉਣ ਦਾ ਫੈਸਲਾ
ਐਸ ਏ ਐਸ ਨਗਰ, 17 ਅਕਤੂਬਰ - ਸੀਟੂ ਵਲੋਂ ਕੇਂਦਰ ਸਰਕਾਰ ਦੀਆਂ ਨਿੱਜੀਕਰਨ ਦੀਆਂ ਨੀਤੀਆਂ ਖਿਲਾਫ ਦੇਸ਼ ਵਿਆਪੀ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ।
ਐਸ ਏ ਐਸ ਨਗਰ, 17 ਅਕਤੂਬਰ - ਸੀਟੂ ਵਲੋਂ ਕੇਂਦਰ ਸਰਕਾਰ ਦੀਆਂ ਨਿੱਜੀਕਰਨ ਦੀਆਂ ਨੀਤੀਆਂ ਖਿਲਾਫ ਦੇਸ਼ ਵਿਆਪੀ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਫੈਸਲੇ ਨੂੰ ਅਮਲ ਵਿੱਚ ਲਿਆਉਣ ਲਈ ਸੀਟੂ ਦੀ ਸੂਬਾ ਕਮੇਟੀ ਦੀ ਮੀਟਿੰਗ ਕੀਤੀ ਗਈ ਜਿਸ ਵਿੱਚ ਸੀਟੂ ਦੇ ਕੁੱਲ ਹਿੰਦ ਪ੍ਰਧਾਨ ਡਾਕਟਰ ਹੇਮ ਲਤਾ ਤੇ ਜਨਰਲ ਸਕੱਤਰ ਸਾਥੀ ਤਪਨ ਸੇਨ (ਸਾਬਕਾ ਮੈਂਬਰ ਪਾਰਲੀਮੈਂਟ) ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।
ਇਸ ਮੌਕੇ ਦੋਵਾਂ ਆਗੂਆਂ ਨੇ ਸੀਟੂ ਸੈਂਟਰ ਵਲੋਂ ਲਏ ਫੈਸਲਿਆਂ ਦੀ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜਨਤਕ ਅਦਾਰਿਆਂ ਦੇ ਕੀਤੇ ਜਾ ਰਹੇ ਨਿੱਜੀਕਰਨ (ਜਿਹਨਾਂ ਵਿੱਚ ਬਿਜਲੀ ਤੇ ਰੇਲ ਪ੍ਰਮੁੱਖ ਹਨ) ਵਿਰੁੱਧ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਮੁਹਿੰਮ ਅਧੀਨ ਨਿੱਜੀਕਰਨ ਦੇ ਨੁਕਸਾਨ ਬਾਰੇ ਵਰਕਰਾਂ ਤੇ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਅਤੇ ਤਿੰਨ ਨੰਵਬਰ ਨੂੰ ਸਮੁੱਚੇ ਪੰਜਾਬ ਵਿੱਚ ਬਿਜਲੀ ਦਫਤਰਾਂ ਸਾਹਮਣੇ ਧਰਨੇ ਮਾਰੇ ਜਾਣਗੇ। ਉਹਨਾਂ ਕਿਹਾ ਕਿ 5 ਤੋਂ 9 ਨਵੰਬਰ ਤੱਕ ਰੇਲਵੇ ਸ਼ਟੇਸ਼ਨਾ ਸਾਹਮਣੇ ਨਿੱਜੀਕਰਨ ਵਿਰੁੱਧ ਮੁਜਾਹਰੇ ਕੀਤੇ ਜਾਣਗੇ।
ਆਗੂਆਂ ਵਲੋਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਲਈ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਢਿੱਲ ਮਠ ਦੀ ਵੀ ਨਿਖੇਧੀ ਕੀਤੀ ਗਈ। ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋ ਇਸ ਸੰਬੰਧ ਵਿੱਚ ਲਗਾਤਾਰ ਬਹਾਨੇਬਾਜ਼ੀ ਕੀਤੀ ਜਾ ਰਹੀ ਹੈ ਜਦੋਂ ਕਿ ਰਾਜਸਥਾਨ ਤੇ ਛਤੀਸਗੜ੍ਹ ਦੀਆਂ ਕਾਂਗਰਸ ਸਰਕਾਰਾ ਵੱਲੋ ਇਹ ਬਹਾਲ ਕਰ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਈਪੀ ਐਫ ਪੈਨਸ਼ਨ ਵਿੱਚ ਵਾਧਾ ਕਰਨ ਤੋਂ ਇਨਕਾਰੀ ਹੈ ਅਤੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਵੀ ਲਾਗੂ ਕਰਨ ਤੋਂ ਟਾਲਾ ਵੱਟਿਆ ਜਾ ਰਿਹਾ ਹੈ। ਇਸ ਕਾਰਨ 65 ਲੱਖ ਦੇ ਕਰੀਬ ਈ ਪੀ ਐਫ ਪੈਨਸ਼ਨਰ ਕੋਰਟਾਂ ਵਿੱਚ ਧੱਕੇ ਖਾ ਰਹੇ ਹਨ।
ਇਸਦੇ ਨਾਲ ਹੀ ਸੰਯੁਕਤ ਕਿਸਾਨ ਮੋਰਚੇ ਅਤੇ ਟਰੇਡ ਯੂਨੀਅਨ ਮੋਰਚੇ ਵੱਲੋਂ 25 ਤੋਂ 28 ਨਵੰਬਰ ਤੱਕ ਰਾਜਾਂ ਦੀਆਂ ਰਾਜਧਾਨੀਆਂ ਵਿੱਚ ਕੀਤੇ ਜਾ ਰਹੇ ਸੰਘਰਸ਼ ਵਿੱਚ ਵੀ ਸ਼ਮੂਲੀਅਤ ਲਈ ਠੋਸ ਯੋਜਨਾਬੰਦੀ ਕੀਤੀ ਗਈ।
